ਪੰਜਾਬ ਦੇ ਜੰਮਪਲ ਖਿਡਾਰੀ ਅਜਮੇਰ ਸਿੰਘ ਨੇ ਅਮਰੀਕਾ 'ਚ ਕਰਾਈ ਬੱਲੇ-ਬੱਲੇ, ਚਮਕਾਇਆ ਪੰਜਾਬੀਆਂ ਦਾ ਨਾਂ
Wednesday, Jun 30, 2021 - 09:51 AM (IST)
ਪਟਿਆਲਾ (ਰਾਜੇਸ਼ ਪੰਜੌਲਾ) : ਪੰਜਾਬ ਦੇ ਜੰਮਪਲ ਅਜਮੇਰ ਸਿੰਘ ਪੁੱਤਰ ਸਵ. ਗੁਰਨਾਮ ਸਿੰਘ ਨੇ ਮਾਸਟਰਜ਼ ਗੇਮਜ਼ ਵਿਚ 65-70 ਸਾਲ ਦੇ ਵਰਗ ’ਚ ਹੈਮਰਥਰੋ (ਸੰਗਲੀ ਵਾਲਾ ਗੋਲਾ) 38.39 ਮੀਟਰ ਸੁੱਟ ਕੇ ਗੋਲਡ ਮੈਡਲ ਹਾਸਲ ਕਰ ਕੇ ਪੰਜਾਬੀਆਂ ਦਾ ਅਮਰੀਕਾ ਵਿਚ ਨਾਂ ਚਮਕਾਇਆ ਹੈ। ਅਮਰੀਕਾ ਦੀ ਮਿਸ਼ੀਗਨ ਸਟੇਟ ਦੇ ਗਰੈਂਡ ਰੈਪਿਡ ਸ਼ਹਿਰ ਵਿਚ ਵਿਚ ਚੱਲ ਰਹੇ ਮੁਕਾਬਲਿਆਂ ਵਿਚ ਅਜਮੇਰ ਸਿੰਘ ਦਿਵਾਲਾ ਨੇ ਮਿਸ਼ੀਗਨ ਸਟੇਟ ’ਚੋਂ ਹਿੱਸਾ ਲੈ ਕੇ ਯੂ. ਐੱਸ. ਏ. ਮਾਸਟਰਜ਼ ਗੇਮਜ਼ ’ਚ 38.39 ਮੀਟਰ ਹੈਮਰਥਰੋ ਸੁੱਟ ਕੇ ਨਵਾਂ ਇਤਿਹਾਸ ਰਚਦੇ ਹੋਏ ਗੋਲਡ ਮੈਡਲ ਪ੍ਰਾਪਤ ਕੀਤਾ, ਜੋ ਕਿ ਪੰਜਾਬੀਆਂ ਦੀ ਅਤੇ ਭਾਰਤੀਆਂ ਦੀ ਵਿਸ਼ਵ ਸ਼ਕਤੀ ਅਮਰੀਕਾ ’ਚ ਇਕ ਸੁਨਹਿਰੀ ਪ੍ਰਾਪਤੀ ਹੈ।
ਇਹ ਵੀ ਪੜ੍ਹੋ : ਅਹਿਮ ਖ਼ਬਰ : 'ਕੇਜਰੀਵਾਲ' ਨੇ ਪੰਜਾਬ ਲਈ ਕੀਤੇ 3 ਵੱਡੇ ਐਲਾਨ, ਬਿਜਲੀ ਬਿੱਲਾਂ ਨੂੰ ਲੈ ਕੇ ਕਹੀ ਇਹ ਗੱਲ
ਇਸ ਤੋਂ ਪਹਿਲਾਂ ਸਕੂਲ, ਕਾਲਜ ਤੇ ਭਾਰਤੀ ਵੈਟਰਨ ਮੁਕਾਬਲਿਆਂ ’ਚ ਵੀ ਅਜਮੇਰ ਸਿੰਘ ਦਾ ਭਾਰਤ ’ਚ ਵੀ ਕੋਈ ਮੁਕਾਬਲਾ ਨਾ ਕਰ ਸਕਿਆ। 18ਵੀਆਂ ਸਕੂਲ ਨੈਸ਼ਨਲ ਗੇਮਜ਼ ਜੋ ਕਿ ਕਟਕ ਵਿਖੇ ਹੋਈਆਂ ਸਨ, ਉਸ ’ਚ ਅਜਮੇਰ ਸਿੰਘ ਨੇ 48.49 ਮੀਟਰ ਹੈਮਰਥਰੋ ਸੁੱਟ ਆਪਣੇ ਨਾਂ ਰਿਕਾਰਡ ਬਣਾਇਆ ਅਤੇ ਪੰਜਾਬ ਲਈ ਗੋਲਡ ਮੈਡਲ ਜਿੱਤਿਆ। 1972 ’ਚ ਵੀ ਪੰਜਾਬ ਵੱਲੋਂ ਜੂਨੀਅਰ ਲੜਕਿਆਂ ਦੇ ਮੁਕਾਬਲੇ ’ਚ ਕੋਇਟਿਆਮ ਵਿਖੇ ਵੀ ਹਿੱਸਾ ਲੈ ਕੇ 54.44 ਮੀਟਰ ਹੈਮਰ ਸੁੱਟ ਕੇ 10ਵੀਂ ਇੰਟਰ ਸਟੇਟ ਐਥਲੈਟਿਕ ਚੈਂਪੀਅਨਸ਼ਿਪ ’ਚ ਚਾਂਦੀ ਦਾ ਮੈਡਲ ਪ੍ਰਾਪਤ ਕੀਤਾ।
ਫਿਰ ਕੋਇਟਿਆਮ ਵਿਖੇ ਹੋਈ 10ਵੀਂ ਇੰਟਰ ਸਟੇਟ ਐਥਲੈਟਿਕ ਚੈਂਪੀਅਨਸ਼ਿਪ ਜੋ 12 ਅਗਸਤ ਤੋਂ 15 ਅਗਸਤ 1972 ਨੂੰ ਹੋਈ ਸੀ, ਸੀਨੀਅਰ ਲੜਕਿਆਂ ਨੇ 47.56 ਮੀਟਰ ਹੈਮਰ ਸੁੱਟ ਕੇ ਪੰਜਾਬ ਲਈ ਚਾਂਦੀ ਦਾ ਮੈਡਲ ਜਿੱਤਿਆ। ਅਜਮੇਰ ਸਿੰਘ ਦਿਵਾਲਾ ਦੇ ਜਮਾਤੀ ਅਤੇ ਸਾਬਕਾ ਸਹਾਇਕ ਜ਼ਿਲ੍ਹ ਸਿੱਖਿਆ ਅਫ਼ਸਰ ਸਪੋਰਟਸ ਪਟਿਆਲਾ ਜਗਮੇਲ ਸਿੰਘ ਸ਼ੇਰਗਿਲ ਨੇ ਕਿਹਾ ਕਿ ਅਮਜੇਰ ਸਿੰਘ ਕਿਸੇ ਜਾਣ-ਪਛਾਣ ਦਾ ਮੁਹਥਾਜ਼ ਨਹੀਂ। 22 ਜਨਵਰੀ ਤੋਂ 24 ਜਨਵਰੀ 2010 ’ਚ ਪੂਨੇ ਵਿਖੇ ਹੋਈ ਪਹਿਲੀ ਇੰਟਰਨੈਸ਼ਨਲ ਵੈਟਰਨ ਚੈਂਪੀਅਨਸ਼ਿਪ ’ਚ 34.15 ਮੀਟਰ (+55 ਵਰਗ) ਗੋਲਡ ਮੈਡਲ ਜਿੱਤ ਕੇ ਵੈਟਰਨ ’ਚ ਭਾਰਤ ਦਾ ਨਾਂ ਉੱਚਾ ਕੀਤਾ।
ਇਸ ਤੋਂ ਪਹਿਲਾਂ ਵੀ 26ਵੀਂ ਮਾਸਟਰਜ਼ ਐਥਲੈਟਿਕ ਚੈਂਪੀਅਨਸ਼ਿਪ ’ਚ ਵੀ ਅਜਮੇਰ ਸਿੰਘ ਨੇ 35.25 (+50 ਵਰਗ) ’ਚ ਤਾਮਿਲਨਾਡੂ ਵਿਚ ਚਾਂਦੀ ਦਾ ਮੈਡਲ ਜਿੱਤਿਆ। ਉਨ੍ਹਾਂ ਦੱਸਿਆ ਕਿ ਅਜਮੇਰ ਸਿੰਘ ਉਨ੍ਹਾਂ ਦੇ ਨਾਲ ਸਰਕਾਰੀ ਫਿਜ਼ੀਕਲ ਕਾਲਜ ਪਟਿਆਲਾ ’ਚ ਬੀ. ਪੀ. ਐੱਡ. ਅਤੇ ਐੱਮ. ਪੀ. ਐੱਡ. ਦੇ ਵਿਦਿਆਰਥੀ ਰਹੇ ਹਨ। ਅੱਜ ਉਨ੍ਹਾਂ ਦੀ ਇਸ ਪ੍ਰਾਪਤੀ ’ਤੇ ਸਮੁੱਚੇ ਪੁਰਾਣੇ ਸਾਥੀਆਂ ਨੂੰ ਮਾਣ ਮਹਿਸੂਸ ਹੋ ਰਿਹਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ