''ਸਿੱਖਸ ਫਾਰ ਜਸਟਿਸ'' ਵੱਲੋਂ 13 ਨੂੰ ਰੇਲਾਂ ਰੋਕਣ ਦਾ ਸੱਦਾ, ਹਾਈ ਅਲਰਟ ''ਤੇ ''ਪੰਜਾਬ''
Sunday, Sep 13, 2020 - 09:26 AM (IST)
ਪਟਿਆਲਾ (ਜੋਸਨ) : ਸਿੱਖਸ ਫ਼ਾਰ ਜਸਟਿਸ (ਐੱਸ. ਐੱਫ਼. ਜੇ.) ਵੱਲੋਂ 13 ਸਤੰਬਰ ਨੂੰ ਪੰਜਾਬ ਦੀਆਂ ਰੇਲਾਂ ਰੋਕਣ ਦੇ ਦਿੱਤੇ ਸੱਦੇ ਕਰ ਕੇ ਪੰਜਾਬ ਨੂੰ ਹਾਈ ਅਲਰਟ ’ਤੇ ਰੱਖਿਆ ਗਿਆ ਹੈ। ਰੇਲਵੇ ਦੀ ਸੁਰੱਖਿਆ ਕਰ ਰਹੀਆਂ ਦੋਵੇਂ ਏਜੰਸੀਆਂ ਦੀ ਪੰਜਾਬ ’ਤੇ ਤਿੱਖੀ ਨਜ਼ਰ ਹੈ। ਹਾਲਾਂਕਿ ਪੰਜਾਬ ’ਚ ਐੱਸ. ਐੱਫ਼. ਜੇ. ਵੱਲੋਂ ਕੀਤੇ ਕਿਸੇ ਵੀ ਐਲਾਨ ਦਾ ਪੰਜਾਬੀਆਂ ਨੇ ਹੁੰਗਾਰਾ ਨਹੀਂ ਭਰਿਆ।
ਇਹ ਵੀ ਪੜ੍ਹੋ : ਅਕਾਲੀ ਦਲ ਦੀ ਕੇਂਦਰ ਨੂੰ ਅਪੀਲ, ਕਿਸਾਨਾਂ ਦੇ ਸ਼ੰਕੇ ਦੂਰ ਹੋਣ ਤੱਕ 'ਆਰਡੀਨੈਂਸ' ਰੋਕੇ ਜਾਣ
ਫਿਰ ਵੀ ਰੇਲਵੇ ਪੁਲਸ ਪੰਜਾਬ (ਜੀ. ਆਰ. ਪੀ.) ਅਤੇ ਰੇਲਵੇ ਪ੍ਰੋਟੈਕਸ਼ਨ ਫੋਰਸ (ਆਰ. ਪੀ. ਐੱਫ਼.) ਨੇ ਪੂਰੇ ਪੰਜਾਬ ਦੇ ਟਰੈਕਾਂ ’ਤੇ ਨਜ਼ਰ ਰੱਖੀ ਹੋਈ ਹੈ। ਰੇਲਵੇ ਦੀਆਂ ਖ਼ੁਫੀਆ ਏਜੰਸੀਆਂ ਵੱਲੋਂ ਕਿਸਾਨ ਆਗੂਆਂ ਨਾਲ ਰਾਬਤਾ ਕਾਇਮ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਪੰਜਾਬ ’ਚ 216 ਮੇਲ ਰੇਲ ਗੱਡੀਆਂ ਅਤੇ 198 ਪੈਸੰਜਰ ਗੱਡੀਆਂ ਕਰੀਬ 2241 ਕਿੱਲੋਮੀਟਰ ਰੇਲਵੇ ਟਰੈਕ ’ਤੇ ਚੱਲਦੀਆਂ ਹਨ। ਇਨ੍ਹਾਂ ਦੀ ਸੰਭਾਲ ਜੀ. ਆਰ. ਪੀ. ਵੱਲੋਂ 3 ਸਬ-ਡਵੀਜ਼ਨਾਂ ਪਟਿਆਲਾ, ਜਲੰਧਰ ਤੇ ਫ਼ਿਰੋਜ਼ਪੁਰ 11 ਪੁਲਸ ਥਾਣਿਆਂ ਰਾਹੀਂ ਕਰਦੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ 'NEET' ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਲਈ ਰੇਲਵੇ ਦਾ ਵੱਡਾ ਤੋਹਫ਼ਾ
ਇਸ ਵੇਲੇ ਬੇਸ਼ੱਕ ਕਈ ਟਰੈਕਾਂ ’ਤੇ ਰੇਲਾਂ ਨਹੀਂ ਚੱਲ ਰਹੀਆਂ, ਫਿਰ ਵੀ ਕੁੱਝ ਟਰੈਕਾਂ ’ਤੇ ਮਾਲ ਰੇਲਾਂ ਦੌੜ ਰਹੀਆਂ ਹਨ। ਰੇਲਵੇ ਦੀ ਖ਼ੁਫੀਆ ਏਜੰਸੀ ਦੇ ਇਕ ਅਧਿਕਾਰੀ ਅਨੁਸਾਰ ਪੰਜਾਬ ਦੇ ਕਿਸਾਨ ਆਗੂਆਂ ਨੂੰ ਨਿੱਜੀ ਤੌਰ ’ਤੇ ਫ਼ੋਨ ਕਰ ਕੇ ਪੁੱਛਿਆ ਜਾ ਰਿਹਾ ਹੈ ਕਿ ਉਨ੍ਹਾਂ ਵੱਲੋਂ ਐੱਸ. ਐੱਫ਼. ਜੇ. ਦੇ ਆਗੂ ਗੁਰਪਤਵੰਤ ਪੰਨੂ ਦੇ ਕੀਤੇ ਐਲਾਨ ਨਾਲ ਸਹਿਮਤ ਤਾਂ ਨਹੀਂ। ਕਿਸੇ ਵੀ ਕਿਸਾਨ ਆਗੂ ਨੇ ਭਾਰਤੀ ਕਾਨੂੰਨ ਤੋਂ ਬਾਹਰ ਜਾਣ ਦੀ ਗੱਲ ਨਹੀਂ ਕੀਤੀ। ਪਹਿਲਾਂ ਵੀ ਐੱਸ. ਐੱਫ਼. ਜੇ. ਵੱਲੋਂ ਪੰਜਾਬ ਬੰਦ ਕਰਨ ਦਾ ਐਲਾਨ ਕੀਤਾ ਸੀ ਪਰ ਸਫ਼ਲ ਨਹੀਂ ਹੋਇਆ ਸੀ। ਇਸ ਸਬੰਧੀ ਪੰਜਾਬ ਦੇ ਜੀ. ਆਰ. ਪੀ. ਏ. ਡੀ. ਜੀ. ਪੀ. ਸੰਜੀਵ ਕਾਲਰਾ ਨੇ ਦੱਸਿਆ ਕਿ ਹਰੇਕ ਡਵੀਜ਼ਨ ਅਤੇ ਥਾਣੇ ’ਚ ਹਾਈ ਅਲਰਟ ਕੀਤਾ ਹੋਇਆ ਹੈ। ਹਰ ਟਰੈਕ ’ਤੇ ਨਜ਼ਰ ਰੱਖੀ ਜਾ ਰਹੀ ਹੈ। ਜੀ. ਆਰ. ਪੀ. ਪੂਰੀ ਤਰ੍ਹਾਂ ਮੁਸਤੈਦ ਹੈ। ਹਰੇਕ ਟਰੈਕ ’ਤੇ ਨਜ਼ਰ ਰੱਖ ਰਹੀ ਹੈ।
ਇਹ ਵੀ ਪੜ੍ਹੋ : ਮੋਹਾਲੀ 'ਚ ਸ਼ੂਟਿੰਗ ਬਹਾਨੇ 'ਮਾਡਲ' ਨਾਲ ਜਬਰ-ਜ਼ਿਨਾਹ, ਸੁਣਾਈ ਹੱਡ-ਬੀਤੀ (ਵੀਡੀਓ)
ਸਥਿਤੀ ਕੰਟਰੋਲ ’ਚ : ਅਸ਼ੀਸ਼ ਕੁਮਾਰ
ਆਰ. ਪੀ. ਐੱਫ਼. ਪੰਜਾਬ ਸੰਭਾਲ ਰਹੇ ਐੱਸ. ਐੱਸ. ਪੀ. ਅਸ਼ੀਸ਼ ਕੁਮਾਰ ਨੇ ਦੱਸਿਆ ਕਿ ਪੰਜਾਬ ’ਚ ਕਿਤੇ ਵੀ ਕੋਈ ਅਣਸੁਖਾਵੀਂ ਘਟਨਾ ਨਹੀਂ ਹੋਣ ਦਿੱਤੀ ਜਾਵੇਗੀ। ਇਹ ਮਾਮਲਾ ਸਟੇਟ ਨਾਲ ਸਬੰਧ ਰੱਖਦਾ ਹੈ। ਇਸ ਕਰ ਕੇ ਅਸੀਂ ਹਾਈ ਅਲਰਟ ਕੀਤਾ ਹੋਇਆ ਹੈ। ਹਰ ਪਾਸੇ ਸਥਿਤੀ ਕੰਟਰੋਲ ’ਚ ਹੈ।