ਜਾਣੋ 5 ਮਿੰਟਾਂ 'ਚ ਪੰਜਾਬ ਦੇ ਤਾਜ਼ਾ ਹਾਲਾਤ

08/26/2020 11:39:37 PM

ਖਬਰਾਂ ਦੀ ਪੂਰੀ ਜਾਣਕਾਰੀ ਹਾਸਲ ਕਰਨ ਲਈ ਸਿਰਲੇਖ 'ਤੇ ਕਰੋ ਕਲਿੱਕ-

ਪੰਜਾਬ ਵਿਧਾਨ ਸਭਾ ਦੇ ਮਾਨਸੂਨ ਇਜਲਾਸ 'ਤੇ ਸੰਕਟ ਦੇ ਬੱਦਲ, ਵਿਰੋਧੀ ਧਿਰ ਦੇ ਬਿਨਾਂ ਹੋ ਸਕਦੈ ਸੈਸ਼ਨ
ਜਲੰਧਰ (ਐੱਨ. ਮੋਹਨ)— ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ 'ਤੇ ਸੰਕਟ ਦੇ ਬੱਦਲ ਨਜ਼ਰ ਆਉਣ ਲੱਗੇ ਹਨ। ਪੰਜਾਬ 'ਚ ਭਿਆਨਕ ਰੂਪ ਲੈ ਚੁੱਕਾ ਕੋਰੋਨਾ ਵਾਇਰਸ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ, ਚਾਰ ਮੰਤਰੀਆਂ ਅਤੇ ਦੋ ਦਰਜਨ ਦੇ ਕਰੀਬ ਵਿਧਾਇਕਾਂ ਨੂੰ ਆਪਣੀ ਚਪੇਟ 'ਚ ਲੈ ਚੁੱਕਾ ਹੈ। ਇਕ ਦਿਨ ਪਹਿਲਾਂ ਯਾਨੀ ਮੰਗਲਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਦਲ ਦੀ ਵੱਖ-ਵੱਖ ਹੋਈ ਬੈਠਕ ਅਤੇ ਦੁਪਹਿਰ ਦੇ ਖਾਣੇ ਤੋਂ ਬਾਅਦ ਇਜਲਾਸ ਦੇ ਭਵਿੱਖ 'ਤੇ ਸੰਕਟ ਵਧ ਗਿਆ ਹੈ।

'ਜਗ ਬਾਣੀ' ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਰੋ ਕਲਿੱਕ-

https://play.google.com/store/apps/details?id=com.jagbani  

ਮੋਗਾ ਦੀ ਧੀ ਨੇ ਕੈਨੇਡਾ 'ਚ ਗੱਡੇ ਝੰਡੇ, ਪੁਲਸ ਮਹਿਕਮੇ 'ਚ ਦੇਵੇਗੀ ਆਪਣੀਆਂ ਸੇਵਾਵਾਂ
ਮੋਗਾ (ਵਿਪਨ ਓਕਾਰਾ): ਘਰ 'ਚ ਪੁੱਤਰ ਪੈਦਾ ਕਰਨ ਦੀ ਚਾਹਤ 'ਚ ਕਈ ਪਰਿਵਾਰ ਪੇਟ 'ਚ ਹੀ ਧੀਆਂ ਦਾ ਕਤਲ ਕਰਵਾ ਦਿੰਦੇ ਹਨ ਕਿਉਂਕਿ ਪੁੱਤਰ ਦੀ ਚਾਹਤ ਹੁੰਦੀ ਹੈ ਅਤੇ ਉਮੀਦ ਕਰਦੇ ਹਨ ਕਿ ਘਰ 'ਚ ਜੇਕਰ ਪੁੱਤਰ ਹੋਵੇਗਾ ਤਾਂ ਉਹ ਘਰ ਦਾ ਨਾਂ ਰੋਸ਼ਨ ਕਰੇਗਾ ਅਤੇ ਅੱਗੇ ਵੰਸ਼ ਵਧਾਏਗਾ ਪਰ ਇਹ ਨਹੀਂ ਸੋਚਦੇ ਕਿ ਧੀਆਂ 2 ਕੁੱਲਾਂ ਦਾ ਨਾਂ ਰੋਸ਼ਨ ਕਰਦੀਆਂ ਹਨ। ਅਜਿਹਾ ਹੀ ਇਕ ਮਾਮਲਾ ਮੋਗਾ ਜ਼ਿਲ੍ਹਾ ਦੇ ਪਿੰਡ ਦੋਧਰ ਦਾ ਸਾਹਮਣੇ ਆਇਆ ਹੈ, ਜਿੱਥੇ ਦੋਧਰ ਦੇ ਮਾਸਟਰ ਹਰਚੰਦ ਸਿੰਘ ਦੀ ਧੀ ਪਰਮਦੀਪ ਕੌਰ ਨੇ ਵਿਆਹ ਕਰਵਾ ਕੇ 2003 'ਚ ਪੜ੍ਹਾਈ ਕਰਨ ਲਈ ਕੈਨੇਡਾ ਗਈ, ਜਿੱਥੇ ਉਸ ਨੇ ਆਪਣੇ ਪੜ੍ਹਾਈ ਦੇ ਨਾਲ-ਨਾਲ ਪਹਿਲਾਂ ਬੈਕਰੀ, ਫਿਰ ਬੈਂਕ ਅਤੇ ਏ.ਟੀ.ਐੱਮ. 'ਚ ਨੌਕਰੀ ਕੀਤੀ ਅਤੇ ਨਾਲ ਹੀ ਨਾਲ ਆਪਣੀ ਪੜ੍ਹਾਈ ਜਾਰੀ ਰੱਖੀ ਅਤੇ ਅੱਜ ਉਹ ਕੈਨੇਡਾ ਦੀ ਪੁਲਸ 'ਚ ਇਕ ਪੁਲਸ ਕਰਮਚਾਰੀ ਦੇ ਤੌਰ 'ਤੇ ਚੁਣੀ ਗਈ ਹੈ, ਜਿਸ ਨੂੰ ਲੈ ਕੇ ਅੱਜ ਉਸ ਦੇ ਪਰਿਵਾਰ 'ਚ ਖ਼ੁਸ਼ੀ ਦਾ ਮਾਹੌਲ ਹੈ।

ਜ਼ਹਿਰੀਲੀ ਸ਼ਰਾਬ ਕਾਂਡ ਦੇ ਵਿਰੋਧ 'ਚ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਨੇ ਦਿੱਤਾ ਅਸਤੀਫ਼ਾ
ਤਰਨਤਾਰਨ (ਰਮਨ) : ਆਪਣੀ ਹੀ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਉਠਾਉਂਦਿਆਂ ਹੋਇਆਂ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਘਸੀਟਪੁਰਾ ਨੇ ਆਪਣੇ ਜ਼ਿਲ੍ਹਾ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਮਨਜੀਤ ਸਿੰਘ ਨੇ ਰੋਸ ਜ਼ਾਹਿਰ ਕਰਦਿਆਂ ਦੱਸਿਆ ਕਿ ਜ਼ਿਲ੍ਹੇ 'ਚ ਜ਼ਹਿਰੀਲੀ ਸ਼ਰਾਬ ਦੇ ਕਾਰਨ ਹੋਈਆਂ ਮੌਤਾਂ ਦੇ ਸਬੰਧ 'ਚ ਸ਼ਰਾਬ ਦੇ ਰੈਕੇਟ 'ਚ ਸ਼ਾਮਲ ਕੁਝ ਵਿਧਾਇਕ ਅਤੇ ਉਨ੍ਹਾਂ ਦੇ ਪੀ.ਏ. ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਕਈ ਵਾਰ ਮਿਲਣ ਲਈ ਸਮਾਂ ਮੰਗਿਆ ਸੀ ਪਰ ਉਨ੍ਹਾਂ ਨੇ ਇਕ ਵਾਰ ਵੀ ਮਿਲਣ ਦਾ ਸਮਾਂ ਨਹੀਂ ਦਿੱਤਾ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਵਲੋਂ ਕਰੀਬ 4 ਸਾਲ ਪਹਿਲਾਂ ਵਿਧਾਨ ਸਭਾ ਚੋਣਾਂ ਦੇ ਸਮੇਂ ਲੋਕਾਂ ਨਾਲ ਕੀਤੇ ਗਏ ਵਾਅਦਿਆਂ 'ਚੋਂ ਇਕ ਵੀ ਪੂਰਾ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਪਾਰਟੀ 'ਚ ਕਾਂਗਰਸੀ ਵਰਕਰਾਂ ਦੀ ਕੋਈ ਵੀ ਅਹਿਮੀਅਤ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਦੀ ਕੋਈ ਕਦਰ ਹੈ।

ਕੈਪਟਨ ਦੀ ਸੋਨੀਆ ਨਾਲ ਗੱਲਬਾਤ, 'ਕੋਰੋਨਾ' ਦੇ ਹਾਲਾਤ ਤੋਂ ਕਰਵਾਇਆ ਜਾਣੂੰ
ਜਲੰਧਰ—ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਣੇ 7 ਸੂਬਿਆਂ ਦੇ ਮੁੱਖ ਮੰਤਰੀਆਂ ਨੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਅੱਜ ਆਨਲਾਈਨ ਬੈਠਕ ਕੀਤੀ।ਇਸ ਮੌਕੇ ਜਿੱਥੇ ਕੈਪਟਨ ਅਮਰਿੰਦਰ ਸਿੰਘ ਨੇ ਸੋਨੀਆ ਗਾਂਧੀ ਨੂੰ ਪੰਜਾਬ ਦੇ ਕੋਰੋਨਾ ਦੇ ਹਾਲਾਤ ਬਾਰੇ ਜਾਣੂੰ ਕਰਵਾਇਆ, ਉਥੇ ਹੀ ਉਨ੍ਹਾਂ ਨੇ ਕੋਰੋਨਾ ਕਾਰਨ ਹੋ ਰਹੀਆਂ ਮੌਤਾਂ 'ਤੇ ਚਿੰਤਾ ਵੀ ਜ਼ਾਹਰ ਕੀਤੀ ਹੈ।

ਪੰਜਾਬ 'ਚ ਕੋਰੋਨਾ ਬਲਾਸਟ, 23 ਵਿਧਾਇਕ ਆਏ ਪਾਜ਼ੇਟਿਵ
ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸ ਦੇ ਚੱਲਦਿਆਂ ਹੀ ਕਈ ਸਿਆਸੀ ਆਗੂ ਵੀ ਹੁਣ ਤੱਕ ਇਸ ਭਿਆਨਕ ਬੀਮਾਰ ਦਾ ਸ਼ਿਕਾਰ ਹੋ ਰਹੇ ਹਨ। ਜਾਣਕਾਰੀ ਮੁਤਾਬਕ ਅੱਜ 23 ਵਿਧਾਇਕ ਕੋਰੋਨਾ ਪਾਜ਼ੇਟਿਵ ਪਾਏ ਜਾ ਚੁੱਕੇ ਹਨ, ਜਿਨ੍ਹਾਂ 'ਚੋਂ ਕਈ ਵਿਧਾਇਕ ਆਮ ਆਦਮੀ ਪਾਰਟੀ ਦੇ ਹਨ, ਅਕਾਲੀ ਦਲ ਦੇ ਤੇ ਕਈ ਕਾਂਗਰਸੀ ਵਿਧਾਇਕ ਹਨ। ਜਿਹੜੇ ਇਸ ਭਿਆਨਕ ਬੀਮਾਰੀ ਦਾ ਸ਼ਿਕਾਰ ਹੋ ਗਏ ਹਨ।

ਵਿਧਾਇਕ ਪਰਗਟ ਸਿੰਘ ਸਮੇਤ 125 ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ
ਜਲੰਧਰ (ਮਹੇਸ਼, ਰੱਤਾ)— ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਇਕ ਪਾਸੇ ਜਿੱਥੇ ਵੱਖ-ਵੱਖ ਜ਼ਿਲ੍ਹਿਆਂ 'ਚੋਂ ਵੱਡੀ ਗਿਣਤੀ 'ਚ ਕੋਰੋਨਾ ਦੇ ਪਾਜ਼ੇਟਿਵ ਕੇਸ ਸਾਹਮਣੇ ਆ ਰਹੇ ਹਨ, ਉਥੇ ਹੀ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 'ਚ ਵੀ ਵਾਧਾ ਹੋ ਰਿਹਾ ਹੈ। ਕੋਰੋਨਾ ਨੇ ਹੁਣ ਵੱਡੇ ਅਫ਼ਸਰਾਂ ਸਮੇਤ ਵਿਧਾਇਕਾਂ ਨੂੰ ਵੀ ਆਪਣੀ ਚਪੇਟ 'ਚ ਲੈਣਾ ਸ਼ੁਰੂ ਕਰ ਦਿੱਤਾ ਹੈ। ਤਾਜ਼ਾ ਮਾਮਲੇ 'ਚ ਜਲੰਧਰ ਸ਼ਹਿਰ ਦੇ ਕੈਂਟ ਹਲਕੇ ਤੋਂ ਵਿਧਾਇਕ ਪਰਗਟ ਸਿੰਘ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।

ਸਿਹਤ ਮਹਿਕਮੇ ਦੀ ਵੱਡੀ ਅਣਗਹਿਲੀ, ਹੁਣ ਸੜਕ ਕਿਨਾਰੇ ਪੀ.ਪੀ.ਈ. ਕਿੱਟਾਂ ਦੇ ਮਿਲੇ ਵੱਡੇ ਢੇਰ
ਭਵਾਨੀਗੜ੍ਹ (ਕਾਂਸਲ,ਵਿਕਾਸ, ਸੰਜੀਵ): ਸਥਾਨਕ ਸ਼ਹਿਰ ਨੇੜਲੇ ਪਿੰਡ ਨਦਾਮਪੁਰ ਵਿਖੇ ਅੱਜ ਸਵੇਰੇ ਉਸ ਸਮੇਂ ਲੋਕਾਂ 'ਚ ਡਰ ਅਤੇ ਖ਼ੌਫ਼ ਦਾ ਮਾਹੌਲ ਪਾਇਆ ਗਿਆ ਜਦੋਂ ਪਿੰਡ ਵਾਸੀਆਂ ਨੂੰ ਸਵੇਰੇ ਸੈਰ ਕਰਦੇ ਸਮੇਂ ਪਿੰਡ ਦੀ ਮੁੱਖ ਸੜਕ ਉਪਰ ਸਿਹਤ ਕਰਮਚਾਰੀਆਂ ਵਲੋਂ ਡਿਊਟੀ ਦੌਰਾਨ ਕੋਰੋਨਾ ਤੋਂ ਬਚਾਅ ਲਈ ਵਰਤੀਆਂ ਜਾਂਦੀਆਂ ਪੀ.ਪੀ.ਈ. ਕਿੱਟਾਂ ਜੋ ਕਿ ਵਰਤੋਂ 'ਚ ਲਿਆਉਣ ਤੋਂ ਬਾਅਦ ਨਸ਼ਟ ਕੀਤੀਆਂ ਜਾਣੀਆਂ ਚਾਹੀਦੀਆਂ ਸਨ ਦੇ ਵੱਡੇ-ਵੱਡੇ ਢੇਰ ਨਹਿਰ ਨੇੜਿਓ ਸੜਕ ਕਿਨਾਰੇ ਪਏ ਮਿਲੇ।ਇਸ ਦੀ ਸੂਚਨਾ ਨਦਾਮਪੁਰ ਦੇ ਬਲਾਕ ਸੰਮਤੀ ਮੈਂਬਰ ਰਾਧੇ ਸਿਆਮ ਨੇ ਸਥਾਨਕ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਨੂੰ ਦਿੱਤੀ।

ਪੰਜ ਸਿੰਘ ਸਾਹਿਬਾਨਾਂ ਦੇ ਫ਼ੈਸਲੇ ਤੋਂ ਬਾਅਦ ਖੁੱਲ੍ਹ ਕੇ ਬੋਲੇ ਢੱਡਰੀਆਂਵਾਲੇ, ਦਿੱਤਾ ਤਿੱਖਾ ਪ੍ਰਤੀਕਰਮ
ਜਲੰਧਰ (ਵੈੱਬ ਡੈਸਕ) : ਪੰਜ ਸਿੰਘ ਸਾਹਿਬਾਨਾਂ ਵਲੋਂ ਢੱਡਰੀਆਂਵਾਲਿਆਂ ਦੇ ਪ੍ਰੋਗਰਾਮਾਂ 'ਤੇ ਲਗਾਈ ਗਈ ਰੋਕ ਅਤੇ ਸਿੱਖ ਸੰਗਤ ਨੂੰ ਢੱਡਰੀਆਂਵਾਲਿਆਂ ਦਾ ਬਾਈਕਾਟ ਕਰਨ ਦੇ ਹੁਕਮ 'ਤੇ ਢੱਡਰੀਆਂਵਾਲਿਆਂ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ। 'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਢੱਡਰੀਆਂਵਾਲਿਆਂ ਨੇ ਆਖਿਆ ਕਿ ਉਨ੍ਹਾਂ ਦਾ ਵਿਰੋਧ ਸ੍ਰੀ ਅਕਾਲ ਤਖਤ ਸਾਹਿਬ ਨਾਲ ਨਹੀਂ ਸਗੋਂ ਜਥੇਦਾਰਾਂ ਨਾਲ ਹੈ। ਉਨ੍ਹਾਂ ਕਿਹਾ ਕਿ ਸਾਰੀ ਸਿੱਖ ਕੌਮ ਜਾਣਦੀ ਹੈ ਕਿ ਜਥੇਦਾਰਾਂ ਦੀ ਚੋਣ ਕਿਸ ਤਰ੍ਹਾਂ ਹੁੰਦੀ ਹੈ ਪਰ ਉਹ ਇਨ੍ਹਾਂ ਭ੍ਰਿਸ਼ਟ ਜਥੇਦਾਰਾਂ ਦਾ ਹੁਕਮ ਨਹੀਂ ਮੰਨਣਗੇ। 

ਕੋਰੋਨਾ ਕਾਰਨ ਇਸ ਵਾਰ ਸ਼੍ਰੀ ਸਿੱਧ ਬਾਬਾ ਸੋਢਲ ਦਾ ਮੇਲਾ ਨਹੀਂ ਲੱਗੇਗਾ, ਸ਼ਰਧਾਲੂ ਇੰਝ ਕਰ ਸਕਣਗੇ ਦਰਸ਼ਨ
ਜਲੰਧਰ (ਕੋਹਲੀ)— ਉੱਤਰੀ ਭਾਰਤ ਦੇ ਪ੍ਰਸਿੱਧ ਸ਼੍ਰੀ ਸਿੱਧ ਬਾਬਾ ਸੋਢਲ ਮੇਲੇ ਦੇ ਸਬੰਧ 'ਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਕ ਬੈਠਕ ਸਰਕਟ ਹਾਊਸ 'ਚ ਕੀਤੀ ਗਈ, ਜਿਸ 'ਚ ਜਸਬੀਰ ਸਿੰਘ ਏ. ਡੀ. ਸੀ. ਅਤੇ ਗੁਰਮੀਤ ਸਿੰਘ ਡੀ. ਸੀ. ਪੀ. ਨੇ ਦੱਸਿਆ ਕਿ ਇਕ ਸਤੰਬਰ ਨੂੰ ਮਨਾਇਆ ਜਾਂਦਾ ਸ਼੍ਰੀ ਸਿੱਧ ਬਾਬਾ ਸੋਢਲ ਦਾ ਮੇਲਾ ਇਸ ਵਾਰ ਕੋਰੋਨਾ ਲਾਗ ਦੀ ਬੀਮਾਰੀ ਕਾਰਨ ਰੱਦ ਕਰ ਦਿੱਤਾ ਗਿਆ ਹੈ। ਇਸ ਵਾਰ ਸਾਰੀ ਸੰਗਤ ਘਰ ਤੋਂ ਹੀ ਬਾਬਾ ਜੀ ਦੇ ਦਰਸ਼ਨ ਕਰੇਗੀ ਅਤੇ ਮੇਲਾ ਨਹੀਂ ਲੱਗੇਗਾ।

...ਤੇ 'ਬੀਬੀ ਭੱਠਲ' ਲਈ ਖੜ੍ਹੀ ਹੋ ਸਕਦੀ ਹੈ ਪਰੇਸ਼ਾਨੀ, ਜਾਖੜ ਦਾ ਬਿਆਨ ਆਇਆ ਸਾਹਮਣੇ
ਚੰਡੀਗੜ੍ਹ : ਕਾਂਗਰਸ 'ਚ ਲੈਟਰ ਬੰਬ ਤੋਂ ਬਾਅਦ ਭਾਵੇਂ ਹੀ ਪਾਰਟੀ ਦੀ ਕਮਾਨ ਸੋਨੀਆ ਗਾਂਧੀ ਦੇ ਹੱਥਾਂ 'ਚ ਹੀ ਰਹੀ ਪਰ ਦਿੱਲੀ ਦੀ ਇਸ ਘਟਨਾ ਦਾ ਅਸਰ ਪੰਜਾਬ 'ਚ ਸਾਫ-ਸਾਫ ਦਿਖਾਈ ਦੇਵੇਗਾ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਸੂਬੇ ਦੀ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੂੰ ਕਿਹਾ ਹੈ ਕਿ ਉਨ੍ਹਾਂ ਨੂੰ ਜ਼ਿੰਮੇਵਾਰੀ ਨਾਲ ਕੰਮ ਕਰਨਾ ਚਾਹੀਦਾ ਹੈ।

'ਸਿੱਖਸ ਫਾਰ ਜਸਟਿਸ' ਵੱਲੋਂ 31 ਨੂੰ 'ਪੰਜਾਬ ਬੰਦ' ਦਾ ਐਲਾਨ; ਪੰਜਾਬ ਪੁਲਸ ਨੂੰ ਚੌਕਸ ਰਹਿਣ ਦੇ ਹੁਕਮ
ਦੋਰਾਹਾ (ਵਿਨਾਇਕ) : 'ਸਿੱਖਸ ਫਾਰ ਜਸਟਿਸ' ਵੱਲੋਂ 31 ਅਗਸਤ, 2020 ਨੂੰ 'ਪੰਜਾਬ ਬੰਦ' ਦੇ ਸੱਦੇ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਧਿਆਨ 'ਚ ਰੱਖਦਿਆਂ ਖੁਫ਼ੀਆ ਏਜੰਸੀਆਂ ਪੂਰੀ ਤਰ੍ਹਾਂ ਚੌਕਸ ਹੋ ਗਈਆਂ ਹਨ। ਇਹ ਵੀਡੀਓ ਕਿਸ ਨੇ ਪਾਈ ਹੈ ਜਾਂ ਇਹ ਕਿੱਥੋਂ ਤੱਕ ਸਹੀ ਹੈ, ਇਸ ਦਾ ਕੋਈ ਵੀ ਦਾਅਵਾ ਨਹੀਂ ਕੀਤਾ ਜਾ ਸਕਦਾ ਪਰ ਸੂਤਰਾਂ ਦੇ ਆਧਾਰ ‘ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਖੁਫ਼ੀਆਂ ਏਜੰਸੀਆਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ ਅਤੇ ਇਸ ਤੋਂ ਇਲਾਵਾ ਪੰਜਾਬ ਪੁਲਸ ਨੂੰ ਚੌਕਸ ਰਹਿਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ

ਪੰਜਾਬ 'ਚ ਇਸ ਵਾਰ ਆਨਲਾਈਨ ਹੋਵੇਗੀ 'ਝੋਨੇ' ਦੀ ਖਰੀਦ ਪ੍ਰਕਿਰਿਆ, ਸਰਕਾਰ ਵੱਲੋਂ ਨਵੀਂ ਨੀਤੀ ਦਾ ਐਲਾਨ
ਚੰਡੀਗੜ੍ਹ/ਜਲੰਧਰ (ਅਸ਼ਵਨੀ, ਧਵਨ) : ਪੰਜਾਬ 'ਚ ਇਸ ਵਾਰ ਝੋਨੇ ਦੀ ਖਰੀਦ ਪ੍ਰੀਕਿਰਿਆ ਆਨਲਾਈਨ ਢੰਗ ਨਾਲ ਪੂਰੀ ਕੀਤੀ ਜਾਵੇਗੀ। ਪੰਜਾਬ ਮੰਤਰੀ ਮੰਡਲ ਨੇ ਮੰਗਲਵਾਰ ਨੂੰ ਨਵੀਂ ਕਸਟਮ ਮਿਲਿੰਗ ਨੀਤੀ ਦਾ ਐਲਾਨ ਕੀਤਾ ਹੈ। ਇਸ ਦਾ ਮਕਸਦ ਝੋਨੇ ਦੀ ਨਿਰਵਿਘਨ ਮਿਲਿੰਗ ਤੇ ਸੂਬੇ ਦੀਆਂ 4150 ਤੋਂ ਜ਼ਿਆਦਾ ਮਿੱਲਾਂ ਤੋਂ ਚੌਲਾਂ ਨੂੰ ਕੇਂਦਰੀ ਪੂਲ 'ਚ ਭੇਜਿਆ ਜਾਣਾ ਹੈ, ਇਸ ਲਈ ਆਨਲਾਈਨ ਪੋਰਟਲ ਅਨਾਜ ਖਰੀਦ ਡਾਟ ਇਨ ਸ਼ੁਰੂ ਕੀਤਾ ਜਾਵੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ 'ਚ ਹੋਈ ਵਰਚੁਅਲ ਮੀਟਿੰਗ 'ਚ ਵੈੱਬਸਾਈਟ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।

ਨਿਊਜ਼ਰੂਮ ਤੋਂ ਵੇਖੋ ਪੰਜਾਬ ਦੀਆਂ ਤਾਜ਼ਾ ਖਬਰਾਂ ਲਾਈਵ (ਵੀਡੀਓ)


 


Bharat Thapa

Content Editor

Related News