ਪੰਜਾਬ ''ਚ ਜਲਦ ''ਨਿਗਮ ਚੋਣਾਂ'' ਕਰਵਾ ਸਕਦੀ ਹੈ ''ਆਪ'', ਕਈ ਕਾਂਗਰਸੀ ਕੌਂਸਲਰ ਪਾਲਾ ਬਦਲਣ ਨੂੰ ਤਿਆਰ

Saturday, Mar 12, 2022 - 09:11 AM (IST)

ਜਲੰਧਰ (ਖੁਰਾਣਾ) : ਪੰਜਾਬ ਵਿਧਾਨ ਸਭਾ ’ਤੇ ਪੂਰੀ ਤਰ੍ਹਾਂ ਕਬਜ਼ਾ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਹੁਣ ਪੰਜਾਬ ਦੀਆਂ ਨਗਰ ਨਿਗਮ ਚੋਣਾਂ ਜਲਦ ਕਰਵਾਉਣ ਦੀ ਯੋਜਨਾ ਬਣਾ ਲਈ ਹੈ। ਇਸ ਹਿਸਾਬ ਨਾਲ ਜਲੰਧਰ ਅਤੇ ਹੋਰਨਾਂ ਸ਼ਹਿਰਾਂ ਦੀਆਂ ਨਿਗਮ ਚੋਣਾਂ 3-4 ਮਹੀਨਿਆਂ ਅੰਦਰ ਕਰਵਾਈਆਂ ਜਾ ਸਕਦੀਆਂ ਹਨ। ਇਹ ਜਾਣਕਾਰੀ ਪੰਜਾਬ ‘ਆਪ’ ਮਾਮਲਿਆਂ ਦੇ ਇੰਚਾਰਜ ਰਾਘਵ ਚੱਢਾ ਦੇ ਨੇੜਲੇ ਸੂਤਰਾਂ ਨੇ ਦਿੱਤੀ ਹੈ, ਜਿਨ੍ਹਾਂ ਦੱਸਿਆ ਕਿ ਪਾਰਟੀ ਇਹ ਮਹਿਸੂਸ ਕਰਦੀ ਹੈ ਕਿ ਇਨ੍ਹੀਂ ਦਿਨੀਂ ‘ਆਪ’ ਦੇ ਪੱਖ ਵਿਚ ਲਹਿਰ ਬਣੀ ਹੋਈ ਹੈ, ਉਸਦਾ ਭਰਪੂਰ ਫ਼ਾਇਦਾ ਚੁੱਕਿਆ ਜਾਵੇ। ਪਤਾ ਲੱਗਾ ਹੈ ਕਿ ਅਗਲੇ ਹਫ਼ਤੇ ਸਰਕਾਰ ਦੇ ਗਠਨ, ਸਹੁੰ ਚੁੱਕ ਅਤੇ ਮੰਤਰੀ ਮੰਡਲ ਦੀ ਪ੍ਰਕਿਰਿਆ ਤੋਂ ਨਿਪਟਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਮੰਥਨ ਸ਼ੁਰੂ ਕਰ ਸਕਦੇ ਹਨ। ਉਂਝ ਇਸ ਮਾਮਲੇ ਵਿਚ ਹੋਮਵਰਕ ਕੀਤਾ ਜਾ ਚੁੱਕਾ ਹੈ। ਪਾਰਟੀ ਸੂਤਰ ਦੱਸਦੇ ਹਨ ਕਿ ਵਿਧਾਨ ਸਭਾ ਚੋਣਾਂ ਵਾਂਗ ਨਿਗਮ ਚੋਣਾਂ ਦੀ ਕਮਾਨ ਵੀ ਸਿੱਧੀ ਰਾਘਵ ਚੱਢਾ ਦੇ ਹੱਥ ਵਿਚ ਹੀ ਹੋਵੇਗੀ ਅਤੇ ਅਜਿਹੀ ਸਥਿਤੀ ਵਿਚ ਵੱਖ-ਵੱਖ ਜ਼ਿਲ੍ਹਿਆਂ ਦੇ ਕੋ-ਆਰਡੀਨੇਟਰ ਨਿਯੁਕਤ ਕੀਤੇ ਜਾ ਸਕਦੇ ਹਨ। ਉਂਝ ‘ਆਪ’ ਦੇ ਜਿੱਤੇ ਹੋਏ ਵਿਧਾਇਕਾਂ ਅਤੇ ਹਲਕਾ ਇੰਚਾਰਜ ਦੀ ਭੂਮਿਕਾ ਵੀ ਨਿਗਮ ਚੋਣਾਂ ਵਿਚ ਪੂਰੀ ਤਰ੍ਹਾਂ ਪ੍ਰਭਾਵੀ ਰਹੇਗੀ ਅਤੇ ਟਿਕਟਾਂ ਦੀ ਵੰਡ ਤੱਕ ਉਨ੍ਹਾਂ ਦੀ ਸਲਾਹ ਨਾਲ ਹੋ ਸਕਦੀ ਹੈ।

ਇਹ ਵੀ ਪੜ੍ਹੋ : ਭਗਵੰਤ ਮਾਨ ਚੁਣੇ ਗਏ ਵਿਧਾਇਕ ਦਲ ਦੇ ਨੇਤਾ, ਭਲਕੇ ਰਾਜਪਾਲ ਨਾਲ ਕਰਨਗੇ ਮੁਲਾਕਾਤ (ਵੀਡੀਓ)
‘ਆਪ’ ’ਚ ਜਾਣ ਨੂੰ ਤਿਆਰ ਬੈਠੇ ਹਨ ਕਾਂਗਰਸ ਦੇ ਕਈ ਕੌਂਸਲਰ
‘ਆਪ’ ਸੂਤਰਾਂ ਦੀ ਮੰਨੀਏ ਤਾਂ ਜਲੰਧਰ ਨਿਗਮ ਦੇ ਕਈ ਕਾਂਗਰਸੀ ਕੌਂਸਲਰ ਆਮ ਆਦਮੀ ਪਾਰਟੀ ਦਾ ਪੱਲਾ ਫੜ੍ਹਨ ਨੂੰ ਤਿਆਰ ਬੈਠੇ ਹਨ। ਅਜਿਹੇ ਲਗਭਗ 7-8 ਕਾਂਗਰਸੀ ਕੌਂਸਲਰਾਂ ਦੀ ਇਕ ਮੀਟਿੰਗ ਦਿੱਲੀ ਦੇ ਫਾਈਵ ਸਟਾਰ ਹੋਟਲ ਵਿਚ ‘ਆਪ’ ਲੀਡਰਸ਼ਿਪ ਨਾਲ ਕਰਵਾਈ ਵੀ ਜਾ ਚੁੱਕੀ ਹੈ। ‘ਆਪ’ ਆਗੂਆਂ ਦੇ ਇਸ਼ਾਰੇ ’ਤੇ ਹੀ ਇਨ੍ਹਾਂ ਕਾਂਗਰਸੀ ਕੌਂਸਲਰਾਂ ਨੇ ਆਪਣੀ ਹੀ ਪਾਰਟੀ ਦੇ ਵਿਧਾਇਕਾਂ ਦਾ ਵਿਧਾਨ ਸਭਾ ਚੋਣਾਂ ਵਿਚ ਵਿਰੋਧ ਕੀਤਾ ਅਤੇ ਸ਼ਰੇਆਮ ਦੂਜੀ ਪਾਰਟੀ ਦੇ ਉਮੀਦਵਾਰਾਂ ਦੀ ਮਦਦ ਤੱਕ ਕੀਤੀ। ਕਾਂਗਰਸੀ ਕੌਂਸਲਰਾਂ ਦੀ ਬਗਾਵਤ ਦੇ ਕਾਰਨ ਹੀ ਰਾਜਿੰਦਰ ਬੇਰੀ ਅਤੇ ਸੁਸ਼ੀਲ ਰਿੰਕੂ ਵਰਗੇ ਤਾਕਤਵਰ ਮੰਨੇ ਜਾ ਰਹੇ ਵਿਧਾਇਕਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਪਰਗਟ ਸਿੰਘ ਤੇ ਬਾਵਾ ਹੈਨਰੀ ਵੀ ਬੜੀ ਮੁਸ਼ਕਲ ਨਾਲ ਆਪਣੀਆਂ ਸੀਟਾਂ ਬਚਾ ਸਕੇ।

ਇਹ ਵੀ ਪੜ੍ਹੋ : ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣਨ ਜਾ ਰਹੇ 'ਭਗਵੰਤ ਮਾਨ', ਜਾਣੋ ਕਾਮੇਡੀਅਨ ਤੋਂ ਸਿਆਸਤਦਾਨ ਬਣਨ ਦਾ ਸਫ਼ਰ
ਨਿਗਮ ਚੋਣਾਂ ’ਚ ਉਤਰਨਗੇ ਨਵੇਂ-ਨਵੇਂ ਚਿਹਰੇ
ਆਮ ਆਦਮੀ ਪਾਰਟੀ ਦੇ ਦਿੱਲੀ ਸਥਿਤ ਸੂਤਰਾਂ ਦੀ ਮੰਨੀਏ ਤਾਂ ਜਲੰਧਰ ਨਿਗਮ ਤੋਂ ਕਾਂਗਰਸ ਦੇ ਲਗਭਗ ਡੇਢ-ਦੋ ਦਰਜਨ ਕੌਂਸਲਰ ‘ਆਪ’ ਵਿਚ ਜਾਣ ਨੂੰ ਤਿਆਰ ਹਨ ਪਰ ਜਿਸ ਤਰ੍ਹਾਂ ਦੀ ਜਿੱਤ ਪਾਰਟੀ ਨੂੰ ਵਿਧਾਨ ਸਭਾ ਚੋਣਾਂ ਵਿਚ ਮਿਲੀ ਹੈ, ਉਸ ਤੋਂ ਇਹ ਮੰਨਿਆ ਜਾ ਰਿਹਾ ਹੈ ਕਿ ਪਾਰਟੀ 6 ਜਾਂ 8 ਕਾਂਗਰਸੀ ਕੌਂਸਲਰਾਂ ਨੂੰ ਹੀ ‘ਆਪ’ ਦੀ ਟਿਕਟ ਦੇਵੇਗੀ। ਜੇਕਰ ਉਸ ਤੋਂ ਵੱਧ ਕਾਂਗਰਸੀਆਂ ਨੂੰ ‘ਆਪ’ ਵਿਚ ਐਡਜਸਟ ਕੀਤਾ ਜਾਂਦਾ ਹੈ ਤਾਂ ਪਾਰਟੀ ਕੇਡਰ ਵਿਚ ਨਮੋਸ਼ੀ ਛਾ ਸਕਦੀ ਹੈ। ਉਂਝ ਆਮ ਆਦਮੀ ਪਾਰਟੀ ਨੇ ਇਸ ਵਾਰ ਵਿਧਾਨ ਸਭਾ ਚੋਣਾਂ ਵਿਚ ਜਿਹੜੇ 117 ਉਮੀਦਵਾਰ ਖੜ੍ਹੇ ਕੀਤੇ ਸਨ, ਉਨ੍ਹਾਂ ਵਿਚੋਂ 56 ਅਜਿਹੇ ਸਨ, ਜਿਹੜੀਆਂ ਦੂਜੀਆਂ ਪਾਰਟੀਆਂ ਤੋਂ ਆਏ ਸਨ ਅਤੇ ਉਨ੍ਹਾਂ ਨੂੰ ਟਿਕਟ ਮਿਲੀ। ਪਤਾ ਲੱਗਾ ਹੈ ਕਿ ਜਲੰਧਰ ਦੇ ਕਈ ਕੱਦਾਵਰ ਕਾਂਗਰਸੀ ਵੀ ਇਸ ਸਮੇਂ ‘ਆਪ’ ਆਗੂਆਂ ਦੇ ਸੰਪਰਕ ਵਿਚ ਹਨ ਅਤੇ ਜਲਦ ਉਹ ਪਾਲਾ ਬਦਲ ਸਕਦੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News