ਵਿਦੇਸ਼ ਦੀਆਂ ਸੰਸਦਾਂ ਦਾ ਕੰਮਕਾਜ ਸਿੱਖਣ ਬਾਹਰ ਜਾਣਗੇ ਪੰਜਾਬ ਦੇ ਵਿਧਾਇਕ

Thursday, Sep 12, 2019 - 02:44 PM (IST)

ਚੰਡੀਗੜ੍ਹ : ਪੰਜਾਬ ਦੇ ਵਿਧਾਇਕ ਇਨ੍ਹੀਂ ਦਿਨੀਂ ਵਿਦੇਸ਼ ਦੀ ਉਡਾਰੀ ਲਾਉਣ ਦੀਆਂ ਤਿਆਰੀਆਂ ਕਰ ਰਹੇ ਹਨ, ਜਿੱਥੇ ਜਾ ਕੇ ਉਹ ਉਸ ਦੇਸ਼ ਦੀ ਸੰਸਦ ਦਾ ਕੰਮਕਾਜ ਸਿੱਖਣਗੇ। ਵਿਧਾਇਕਾਂ ਦੇ ਇੰਗਲੈਂਡ, ਕੈਨੇਡਾ ਅਤੇ ਆਸਟ੍ਰੇਲੀਆ ਜਾਣ ਦਾ ਪ੍ਰੋਗਰਾਮ ਬਣਾਇਆ ਜਾ ਰਿਹਾ ਹੈ। ਵਿਧਾਇਕਾਂ ਨੂੰ ਇਨ੍ਹਾਂ ਤਿੰਨਾਂ ਦੇਸ਼ਾਂ 'ਚੋਂ ਇਕ ਦੇਸ਼ ਦੇ ਦੌਰੇ 'ਤੇ ਜਾਣ ਦੀ ਚੋਣ ਕਰਨੀ ਪਵੇਗੀ। ਇਸ ਦੀ ਪੁਸ਼ਟੀ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਵਲੋਂ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਜਿਹੜੇ ਵਿਧਾਇਕ ਵਿਦੇਸ਼ ਜਾਣਾ ਚਾਹੁੰਦੇ ਹਨ, ਉਹ ਵਿਧਾਨ ਸਭਾ ਕੋਲ ਪਹਿਲਾਂ 50 ਹਜ਼ਾਰ ਰੁਪਏ ਜਮ੍ਹਾਂ ਕਰਵਾ ਦੇਣ, ਜੋ ਕਿ ਉਨ੍ਹਾਂ ਦੇ ਆਉਣ 'ਤੇ ਵਾਪਸ ਕਰ ਦਿੱਤੇ ਜਾਣਗੇ। ਵਿਧਾਇਕਾਂ ਦੇ ਬਾਹਰ ਜਾਣ ਦਾ ਸਾਰਾ ਖਰਚਾ ਪੰਜਾਬ ਵਿਧਾਨ ਸਭਾ ਵਲੋਂ ਕੀਤਾ ਜਾਵੇਗਾ। ਸਪੀਕਰ ਨੇ ਦੱਸਿਆ ਕਿ ਦੂਜੇ ਦੇਸ਼ਾਂ ਦੇ ਪਾਰਲੀਮਾਨੀ ਪ੍ਰਬੰਧ, ਸੰਸਦੀ ਰਵਾਇਤਾਂ ਤੋਂ ਸਿੱਖਣ ਦੇ ਮਕਸਦ ਨਾਲ ਵਿਧਾਇਕ ਵਿਦੇਸ਼ ਦੌਰੇ 'ਤੇ ਜਾਣਗੇ। ਵਿਦੇਸ਼ ਦੌਰੇ 'ਤੇ ਜਾਣ ਲਈ ਹਾਕਮ ਧਿਰ ਨਾਲ ਵਿਰੋਧੀ ਧਿਰ ਦੇ ਵਿਧਾਇਕਾਂ ਨੂੰ ਵੀ ਬਰਾਬਰ ਦਾ ਮੌਕਾ ਹੋਵੇਗਾ। ਪਤਾ ਲੱਗਾ ਹੈ ਕਿ ਬਹੁਤੇ ਵਿਧਾਇਕ ਕੈਨੇਡਾ ਤੇ ਆਸਟ੍ਰੇਲੀਆ ਹੀ ਜਾਣਾ ਚਾਹੁੰਦੇ ਹਨ।

ਵਿਧਾਇਕਾਂ ਨੂੰ ਇਸ ਗੱਲ ਦੀ ਛੋਟ ਦਿੱਤੀ ਗਈ ਹੈ ਕਿ ਉਹ ਆਪਣੇ ਨਾਲ ਪਤਨੀ ਨੂੰ ਵੀ ਲਿਜਾ ਸਕਦੇ ਹਨ ਪਰ ਪਤਨੀ ਦਾ ਖਰਚਾ ਉਨ੍ਹਾਂ ਨੂੰ ਖੁਦ ਕਰਨਾ ਪਵੇਗਾ। ਦੱਸ ਦੇਈਏ ਕਿ ਪੰਜਾਬ ਵਿਧਾਨ ਸਭਾ ਦੇ ਇਤਿਹਾਸ 'ਚ ਇਹ ਪਹਿਲਾ ਮੌਕਾ ਹੈ, ਜਦੋਂ ਵਿਧਾਇਕ ਵਿਦੇਸ਼ਾਂ ਦੀ ਧਰਤੀ 'ਤੇ ਸੰਸਦੀ ਕੰਮ ਕਾਜ ਦੇਖਣ ਲਈ ਸਰਕਾਰੀ ਤੌਰ 'ਤੇ ਜਾ ਰਹੇ ਹਨ।


Babita

Content Editor

Related News