ਕਾਂਗਰਸ ਭਵਨ ਦੀ ਥਾਂ ਸਕੱਤਰੇਤ ਦਫ਼ਤਰਾਂ ''ਚ ਕਿਉਂ ਨਹੀਂ ਬੈਠਦੇ ਪੰਜਾਬ ਦੇ ਮੰਤਰੀ : ਮਾਨ
Sunday, Aug 22, 2021 - 12:32 AM (IST)
ਚੰਡੀਗੜ੍ਹ(ਸ਼ਰਮਾ)- ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੱਤਾਧਾਰੀ ਕਾਂਗਰਸ ਵਲੋਂ ਆਪਣੇ ਮੰਤਰੀਆਂ ਨੂੰ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ੍ਹ ਵਿਚ ਬੈਠਣ ਦੇ ਹੁਕਮਾਂ ’ਤੇ ਸਖ਼ਤ ਇਤਰਾਜ਼ ਕੀਤਾ ਅਤੇ ਪੁੱਛਿਆ ਕਿ ਕੀ ਪੰਜਾਬ ਦੇ ਵਜ਼ੀਰ ਸਿਰਫ਼ ਕਾਂਗਰਸੀਆਂ ਦੇ ਹੀ ਮੰਤਰੀ ਹਨ? ਜੇਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਸਾਰੇ ਕੈਬਨਿਟ ਮੰਤਰੀ ਖ਼ੁਦ ਨੂੰ ਸਾਰੇ ਪੰਜਾਬ ਦੇ ਅਤੇ ਪੰਜਾਬੀਆਂ ਦੇ ਮੰਤਰੀ ਮੰਨਦੇ ਹਨ ਤਾਂ ਫਿਰ ਉਹ ਪੰਜਾਬ ਸਿਵਲ ਸਕੱਤਰੇਤ ਸਥਿਤ ਆਪਣੇ ਅਧਿਕਾਰਤ ਦਫ਼ਤਰਾਂ ਵਿਚ ਕਿਉਂ ਨਹੀਂ ਬੈਠਦੇ, ਜਿੱਥੇ ਹਰ ਕੋਈ ਫ਼ਰਿਆਦੀ, ਪੀੜਤ ਜਾਂ ਜ਼ਰੂਰਤਮੰਦ ਵਿਅਕਤੀ ਬਗੈਰ ਕਿਸੇ ਭੇਦ-ਭਾਵ ਜਾਂ ਹੀਣ ਭਾਵਨਾ ਸਬੰਧਤ ਮੰਤਰੀ ਸਹਿਬਾਨ ਨੂੰ ਮਿਲ ਸਕੇ?
ਇਹ ਵੀ ਪੜ੍ਹੋ- ਗੰਨੇ ਦਾ ਯਕੀਨੀ ਸਰਕਾਰੀ ਖਰੀਦ ਭਾਅ ਵਧਾ ਕੇ 380 ਰੁਪਏ ਪ੍ਰਤੀ ਕੁਇੰਟਲ ਕੀਤਾ ਜਾਵੇ : ਬਾਦਲ
ਸ਼ਨੀਵਾਰ ਨੂੰ ਪਾਰਟੀ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਸੂਬੇ ਦੇ ਕੈਬਨਿਟ ਮੰਤਰੀਆਂ ਨੂੰ ਪੰਜਾਬ ਕਾਂਗਰਸ ਭਵਨ ਵਿਚ ਡਿਊਟੀ ਦੇਣ ਦੇ ਹੁਕਮਾਂ ’ਤੇ ਟਿੱਪਣੀ ਕਰਦਿਆਂ ਕਿਹਾ, ਸਾਢੇ ਚਾਰ ਸਾਲ ਤੱਕ ਆਪਣੇ ਮਹੱਲਾਂ ਅਤੇ ਕੋਠੀਆਂ ਵਿਚ ਬੈਠ ਕੇ ਰਾਜਸੱਤਾ ਦਾ ਲੁਤਫ਼ ਉਠਾਉਂਦੇ ਰਹੇ ਸੱਤਾਧਾਰੀਆਂ ਨੂੰ ਹੁਣ ਸਿਰ ’ਤੇ ਆਈਆਂ ਚੋਣਾਂ ਨੇ ਲੋਕਾਂ ਦੇ ਦੁੱਖ-ਤਕਲੀਫ਼ਾਂ ਅਤੇ ਸ਼ਿਕਾਇਤਾਂ-ਫ਼ਰਿਆਦਾਂ ਦੀ ਯਾਦ ਦਿਵਾ ਦਿੱਤੀ ਹੈ, ਕਿਉਂਕਿ ਇਨ੍ਹਾਂ ਸੱਤਾਧਾਰੀਆਂ ਨੇ ਸਾਢੇ ਚਾਰ ਸਾਲ ਲੋਕਾਂ ਦੀ ਗੱਲ ਨਹੀਂ ਸੁਣੀ ਅਤੇ ਹੁਣ ਲੋਕ ਇਨ੍ਹਾਂ ਦੀ ਗੱਲ ਸੁਣਨ ਤੋਂ ਇਨਕਾਰੀ ਹੋਏ ਪਏ ਹਨ। ਅਣਦੇਖੀ ਦੀ ਮਾਰੀ ਅਤੇ ਤ੍ਰਾਹ- ਤ੍ਰਾਹ ਕਰਦੀ ਜਨਤਾ ਦੇ ਦੁੱਖ- ਦਰਦ ਸੁਣਨ ਲਈ ਜੇਕਰ ਸੱਤਾਧਾਰੀਆਂ ਨੇ ਫ਼ੈਸਲਾ ਲਿਆ ਵੀ ਹੈ ਤਾਂ ਇਸ ਅਮਲ ਨੂੰ ਸਿਰਫ਼ ਅਤੇ ਸਿਰਫ਼ ਕਾਂਗਰਸੀਆਂ ਤੱਕ ਹੀ ਸੀਮਤ ਕਰ ਦਿੱਤਾ ਹੈ, ਜੋ ਸਹੀ ਨਹੀਂ ਹੈ। ਇਹ ਗੈਰ-ਕਾਂਗਰਸੀ ਫਰਿਆਦੀਆਂ ਨੂੰ ਪੰਜਾਬ ਕਾਂਗਰਸ ਭਵਨ ਬੁਲਾ ਕੇ ਉਨ੍ਹ੍ਹਾਂ ਪੀੜਤ ਲੋਕਾਂ ਦਾ ਧੱਕੇ ਨਾਲ ਕਾਂਗਰਸੀਕਰਨ ਦੀ ਨਵੀਂ ‘ਔਰੰਗਜ਼ੇਬੀ ਪ੍ਰਥਾ’ ਸ਼ੁਰੂ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਸਾਬਕਾ ਜਥੇਦਾਰ ਜਸਬੀਰ ਸਿੰਘ ਰੋਡੇ ਦੇ ਘਰੋਂ ਟਿਫਿਨ ਬੰਬ ਮਿਲਣ ਤੋਂ ਬਾਅਦ ਭਾਜਪਾ ਆਗੂ RP ਸਿੰਘ ਨੇ ਦਿੱਤਾ ਵੱਡਾ ਬਿਆਨ
ਮਾਨ ਨੇ ਸਵਾਲ ਕੀਤਾ ਕੀ ਕਾਂਗਰਸ ਪੰਜਾਬ ਦੇ ਲੋਕਾਂ ਨਾਲ ਇੰਝ ਜ਼ੋਰ- ਜ਼ਬਰਦਸਤੀ ਕਰੇਗੀ ਜਾਂ ਫਿਰ ਸੱਤਾਧਾਰੀ ਕਾਂਗਰਸੀਏ ਮਜ਼ਬੂਰ ਅਤੇ ਪੀੜ੍ਹਤ ਲੋਕਾਂ ਦੀ ਮਜ਼ਬੂਰੀ ਦਾ ਲਾਹਾ ਲੈ ਕੇ ਉਨ੍ਹ੍ਹਾਂ ਨੂੰ ਵੀ ਕਾਂਗਰਸ ਭਵਨ ਦੇ ਦਰਵਾਜਿਓਂ ਲੰਘਾਉਣਗੇ, ਜੋ ਸਿਆਸੀ, ਸਮਾਜਿਕ, ਧਾਰਮਿਕ, ਵਿਕਅਤੀਗਤ ਜਾਂ ਕਿਸੇ ਵੀ ਕਾਰਨ ਵਸ ਕਾਂਗਰਸ ਪਾਰਟੀ ਦਾ ਨਾਂ ਤੱਕ ਲੈਣਾ ਪਸੰਦ ਨਹੀਂ ਕਰਦੇ? ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਖ਼ਜ਼ਾਨੇ ਵਿਚੋਂ ਬਤੌਰ ਮੰਤਰੀ ਸੁੱਖ-ਸਹੂਲਤਾਂ ਭੋਗ ਰਹੇ ਕੈਬਨਿਟ ਮੰਤਰੀਆਂ ਨੂੰ ਅਜਿਹੀ ਸੌੜੀ ਸਿਆਸਤ ਸ਼ੋਭਾ ਨਹੀਂ ਦਿੰਦੀ।