ਮੁੱਖ ਪਾਰਟੀਆਂ ਦੇ 52 ''ਚੋਂ 51 ਉਮੀਦਵਾਰ ਕਰੋੜਪਤੀ; 2500 ਰੁਪਏ ਦੀ ਜਾਇਦਾਦ ਨਾਲ ਚੋਣ ਲੜ ਰਿਹਾ ਇਹ ਉਮੀਦਵਾਰ
Thursday, May 23, 2024 - 08:09 AM (IST)
ਚੰਡੀਗੜ੍ਹ (ਸ਼ਰਮਾ)- ਸਾਬਕਾ ਕੇਂਦਰੀ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਸਭ ਤੋਂ ਅਮੀਰ ਉਮੀਦਵਾਰ ਹਨ। ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ ਤੇ ਪੰਜਾਬ ਇਲੈਕਸ਼ਨ ਵਾਚ ਵੱਲੋਂ ਪੰਜਾਬ ਦੇ ਲੋਕ ਸਭਾ ਉਮੀਦਵਾਰਾਂ ਦੇ ਹਲਫ਼ਨਾਮਿਆਂ ਦੀ ਘੋਖ ਕਰ ਕੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਭਾਜਪਾ, ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ 13 ਉਮੀਦਵਾਰ ਕਰੋੜਪਤੀ ਹਨ ਜਦਕਿ 13 ਉਮੀਦਵਾਰਾਂ ’ਚੋਂ ਕਾਂਗਰਸ ਦੇ 12 ਉਮੀਦਵਾਰ ਕਰੋੜਪਤੀ ਹਨ।
ਇਹ ਖ਼ਬਰ ਵੀ ਪੜ੍ਹੋ - ਲੁਧਿਆਣਾ 'ਚ ਜਿਮ ਦੇ ਬਾਹਰ ਸਵੀਟੀ ਅਰੋੜਾ ਦੀ ਹਾਦਸੇ 'ਚ ਹੋਈ ਮੌਤ ਦੇ ਮਾਮਲੇ 'ਚ ਸਨਸਨੀਖੇਜ਼ ਖ਼ੁਲਾਸਾ
ਪੰਜਾਬ ਇਲੈਕਸ਼ਨ ਵਾਚ ਦੇ ਜਸਕੀਰਤ ਸਿੰਘ ਤੇ ਪਰਵਿੰਦਰ ਸਿੰਘ ਕਿਤਨਾ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਹਰਸਿਮਰਤ ਕੌਰ ਬਾਦਲ ਦੀ ਚੱਲ ਅਤੇ ਅਚੱਲ ਜਾਇਦਾਦ 198 ਕਰੋੜ ਰੁਪਏ ਹੈ ਜਦਕਿ ਲੁਧਿਆਣਾ ਤੋਂ ‘ਜਨ ਸੇਵਾ ਡਰਾਈਵਰ’ ਪਾਰਟੀ ਵੱਲੋਂ ਚੋਣ ਲੜ ਰਹੇ ਰਾਜੀਵ ਕੁਮਾਰ ਮਹਿਰਾ ਦੀ ਕੁੱਲ ਚੱਲ ਤੇ ਅਚੱਲ ਜਾਇਦਾਦ ਸਿਰਫ਼ 2500 ਰੁਪਏ ਹੈ। ਲੁਧਿਆਣਾ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਡਾ. ਕਿਸ਼ਨ ਕੁਮਾਰ ਦੀ ਕੁੱਲ ਚੱਲ ਅਤੇ ਅਚੱਲ ਜਾਇਦਾਦ 3100 ਰੁਪਏ ਹੈ, ਜਦਕਿ ਫ਼ਿਰੋਜ਼ਪੁਰ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਚਮਕੌਰ ਸਿੰਘ ਦੀ ਕੁੱਲ ਜਾਇਦਾਦ 10,000 ਰੁਪਏ ਹੈ।
ਰਿਪੋਰਟ ਮੁਤਾਬਕ ਬੇਸ਼ੱਕ ਹਰਸਿਮਰਤ ਕੌਰ ਉਮੀਦਵਾਰਾਂ ਦੀ ਸੂਚੀ ’ਚ ਸਭ ਤੋਂ ਵੱਧ 198 ਕਰੋੜ ਰੁਪਏ ਦੀ ਜਾਇਦਾਦ ਦੇ ਮਾਲਕ ਹਨ ਪਰ ਸਾਬਕਾ ਕੇਂਦਰੀ ਮੰਤਰੀ ਤੇ ਪਟਿਆਲਾ ਤੋਂ ਭਾਜਪਾ ਦੀ ਉਮੀਦਵਾਰ ਪ੍ਰਨੀਤ ਕੌਰ ਤੇ ਸੰਗਰੂਰ ਤੋਂ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਵੀ ਕਰੋੜਪਤੀ ਹਨ। ਪ੍ਰਨੀਤ ਕੌਰ ਦੀ ਜਾਇਦਾਦ 60 ਕਰੋੜ ਰੁਪਏ ਹੈ ਜਦਕਿ ਖਹਿਰਾ ਦੀ ਜਾਇਦਾਦ 50 ਕਰੋੜ ਰੁਪਏ ਦੱਸੀ ਗਈ ਹੈ।
ਦੇਣਦਾਰੀਆਂ ’ਚ ਵੀ ਬੀਬੀ ਬਾਦਲ ਸਭ ਤੋਂ ਅੱਗੇ
ਰਿਪੋਰਟ ਅਨੁਸਾਰ ਚੋਣ ਕਮਿਸ਼ਨ ਵੱਲੋਂ ਦਿੱਤੀ ਗਈ ਜਾਣਕਾਰੀ ’ਚ ਹਰਸਿਮਰਤ ਕੌਰ ਬਾਦਲ ਨੇ 54 ਕਰੋੜ ਰੁਪਏ, ਸੰਗਰੂਰ ਤੋਂ ਭਾਜਪਾ ਦੇ ਉਮੀਦਵਾਰ ਅਰਵਿੰਦ ਖੰਨਾ ਨੇ 12 ਕਰੋੜ ਰੁਪਏ ਤੇ ਅਕਾਲੀ ਦਲ ਦੇ ਉਮੀਦਵਾਰ ਐੱਨ. ਕੇ. ਸ਼ਰਮਾ ਨੇ 12 ਕਰੋੜ ਰੁਪਏ ਦੀਆਂ ਦੇਣਦਾਰੀਆਂ ਦੇ ਵੇਰਵੇ ਦਿੱਤੇ ਹਨ।
ਚੋਣ ਮੈਦਾਨ ’ਚ 23 ਉਮੀਦਵਾਰ ਅਨਪੜ੍ਹ
ਰਿਪੋਰਟ ਅਨੁਸਾਰ ਚੋਣ ਮੈਦਾਨ ’ਚ ਉੱਤਰੇ 328 ਉਮੀਦਵਾਰਾਂ ’ਚੋਂ 23 ਅਨਪੜ੍ਹ ਹਨ ਜਦਕਿ 184 ਨੇ ਆਪਣੀ ਵਿੱਦਿਅਕ ਯੋਗਤਾ 5ਵੀਂ ਤੋਂ 12ਵੀਂ ਐਲਾਨ ਕੀਤੀ ਹੈ। ਸਿਰਫ਼ 109 ਉਮੀਦਵਾਰਾਂ ਨੇ ਹੀ ਆਪਣੀ ਵਿੱਦਿਅਕ ਯੋਗਤਾ ਗ੍ਰੈਜੂਏਸ਼ਨ ਜਾਂ ਇਸ ਤੋਂ ਵੱਧ ਐਲਾਨ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ - ਸਾਵਧਾਨ! ਪੰਜਾਬ 'ਚ ਘੁੰਮ ਰਹੇ ਜਾਅਲੀ ਪੁਲਸ ਮੁਲਾਜ਼ਮ, ਕਿਤੇ ਤੁਸੀਂ ਵੀ ਨਾ ਹੋ ਜਾਣਾ ਸ਼ਿਕਾਰ
ਔਰਤਾਂ ਦੀ ਨੁਮਾਇੰਦਗੀ
ਹਾਲਾਂਕਿ ਔਰਤਾਂ ਦੇ ਸਸ਼ਕਤੀਕਰਨ ਲਈ ਲੋਕਤੰਤਰੀ ਪ੍ਰਣਾਲੀ ’ਚ 30 ਫ਼ੀਸਦੀ ਨੁਮਾਇੰਦਗੀ ਦੀ ਆਵਾਜ਼ ਉੱਠਦੀ ਰਹੀ ਹੈ ਪਰ ਕਿਸੇ ਵੀ ਮੁੱਖ ਧਾਰਾ ਦੀ ਸਿਆਸੀ ਪਾਰਟੀ ਨੇ ਇਸ ਨੂੰ ਇਨ੍ਹਾਂ ਚੋਣਾਂ ’ਚ ਲਾਗੂ ਨਹੀਂ ਕੀਤਾ। ਸਭ ਤੋਂ ਵੱਧ 23 ਫ਼ੀਸਦੀ ਭਾਵ 13 ਸੀਟਾਂ ’ਚੋਂ 3 ’ਤੇ ਭਾਜਪਾ ਨੇ ਮਹਿਲਾ ਉਮੀਦਵਾਰ ਖੜ੍ਹੇ ਕੀਤੇ ਹਨ ਜਦਕਿ ਕਾਂਗਰਸ ਨੇ 15 ਫ਼ੀਸਦੀ ਭਾਵ 2 ਉਮੀਦਵਾਰ ਤੇ ਅਕਾਲੀ ਦਲ ਨੇ 8 ਫ਼ੀਸਦੀ ਭਾਵ 1 ਉਮੀਦਵਾਰ ਖੜ੍ਹਾ ਕੀਤਾ ਹੈ। ਰਿਪੋਰਟ ’ਚ ਇਸ ਮੁੱਦੇ ਉੱਤੇ ਆਮ ਆਦਮੀ ਪਾਰਟੀ ਦਾ ਜ਼ਿਕਰ ਤੱਕ ਨਹੀਂ ਹੈ।
21 ਫ਼ੀਸਦੀ ਉਮੀਦਵਾਰਾਂ ’ਤੇ ਚੱਲ ਰਹੇ ਨੇ ਅਪਰਾਧਿਕ ਮਾਮਲੇ
ਰਿਪੋਰਟ ਮੁਤਾਬਕ 328 ’ਚੋਂ 69 ਭਾਵ 21 ਫ਼ੀਸਦੀ ਉਮੀਦਵਾਰਾਂ ਨੇ ਆਪਣੇ ਖ਼ਿਲਾਫ਼ ਅਪਰਾਧਿਕ ਮਾਮਲੇ ਐਲਾਨੇ ਹਨ ਜਦਕਿ 47 ਭਾਵ 14 ਫ਼ੀਸਦੀ ਨੇ ਉਨ੍ਹਾਂ ਖ਼ਿਲਾਫ਼ ਗੰਭੀਰ ਅਪਰਾਧਿਕ ਮਾਮਲੇ ਹੋਣ ਦਾ ਜ਼ਿਕਰ ਕੀਤਾ ਹੈ। ਇਕ ਉਮੀਦਵਾਰ ਨੇ ਕਤਲ ਨਾਲ ਸਬੰਧਤ ਕੇਸ ਦਰਜ ਹੋਣ ਦਾ ਜ਼ਿਕਰ ਕੀਤਾ ਹੈ ਜਦਕਿ 6 ਉਮੀਦਵਾਰਾਂ ਨੇ ਕਤਲ ਦੀ ਕੋਸ਼ਿਸ਼ ਨਾਲ ਸਬੰਧਤ ਕੇਸ ਦਰਜ ਹੋਣ ਦਾ ਜ਼ਿਕਰ ਕੀਤਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8