ਵੱਡੀ ਖ਼ਬਰ : ਪੰਜਾਬ ਦੇ BJP ਤੇ RSS ਆਗੂਆਂ ਨੂੰ ਖ਼ਤਰਾ!, ਕੇਂਦਰ ਨੇ ਜਾਰੀ ਕੀਤੇ ਨਿਰਦੇਸ਼
Tuesday, Apr 27, 2021 - 01:31 PM (IST)
ਚੰਡੀਗੜ੍ਹ (ਰਮਨਜੀਤ) : ਪੰਜਾਬ ਦੇ ਕਈ ਸੀਨੀਅਰ ਭਾਜਪਾ ਅਤੇ ਆਰ. ਐੱਸ. ਐਸ. ਆਗੂਆਂ ਦੀ ਸੁਰੱਖਿਆ ਨੂੰ ਖ਼ਤਰਾ ਦੱਸਦੇ ਹੋਏ ਕੇਂਦਰ ਵੱਲੋਂ ਸੂਬੇ ਨੂੰ ਇਨ੍ਹਾਂ ਆਗੂਆਂ ਦੀ ਸੁਰੱਖਿਆ ਸਬੰਧੀ ਨਿਰਦੇਸ਼ ਜਾਰੀ ਕੀਤੇ ਗਏ ਹਨ। ਦਰਅਸਲ ਕੇਂਦਰੀ ਗ੍ਰਹਿ ਮੰਤਰਾਲੇ ਨੇ ਮੁੱਖ ਸਕੱਤਰ ਪੰਜਾਬ ਨੂੰ ਇਕ ਗੁਪਤ ਚਿੱਠੀ ਭੇਜੀ ਹੈ। ਇਸ ਮਾਮਲੇ ਨੂੰ ਕੇਂਦਰੀ ਸੁਰੱਖਿਆ ਏਜੰਸੀ ਨਾਲ ਵਿਚਾਰਨ ਮਗਰੋਂ ਇਨ੍ਹਾਂ ਆਗੂਆਂ ਨੂੰ ਢੁੱਕਵੀ ਸੁਰੱਖਿਆ ਦੇਣ ਬਾਰੇ ਫ਼ੈਸਲਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਬਰਫ ਹੇਠਾਂ ਦੱਬਣ ਕਾਰਨ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਿਕ ਮੈਂਬਰਾਂ ਲਈ ਕੈਪਟਨ ਦਾ ਵੱਡਾ ਐਲਾਨ
ਇਕ ਪੰਜਾਬੀ ਅਖ਼ਬਾਰ ਦੇ ਹਵਾਲੇ ਰਾਹੀਂ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਮੁੱਖ ਸਕੱਤਰ ਪੰਜਾਬ ਨੂੰ ਇਹ ਚਿੱਠੀ 22 ਅਪ੍ਰੈਲ ਨੂੰ ਲਿਖੀ ਗਈ ਹੈ। ਇਸ ਚਿੱਠੀ ਮੁਤਾਬਕ ਆਰ. ਐਸ. ਐਸ. ਪੰਜਾਬ ਦੇ ਪ੍ਰਧਾਨ ਇਕਬਾਲ ਸਿੰਘ ਆਹਲੂਵਾਲੀਆ (ਸੰਗਰੂਰ) ਬਾਰੇ ਕਿਹਾ ਗਿਆ ਹੈ ਕਿ ਆਹਲੂਵਾਲੀਆ ਵਿਦੇਸ਼ਾਂ ਵਿਚਲੇ ਖ਼ਾਲਿਸਤਾਨੀਆਂ ਦੀ ਹਿੱਟ ਲਿਸਟ 'ਤੇ ਹਨ। ਇਸੇ ਤਰ੍ਹਾਂ ਭਾਜਪਾ ਪੰਜਾਬ ਦੇ ਸੀਨੀਅਰ ਵਾਈਸ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਵੀ ਇਨ੍ਹਾਂ ਖ਼ਿਲਾਫ਼ ਬੋਲਦੇ ਰਹੇ ਹਨ ਅਤੇ ਸਿੱਖ ਰੈਫਰੈਂਡਮ-2020 ਦਾ ਵਿਰੋਧ ਕਰਦੇ ਰਹੇ ਹਨ।
ਇਹ ਵੀ ਪੜ੍ਹੋ : ਪਟਿਆਲਾ 'ਚ 'ਕੋਰੋਨਾ' ਦਾ ਭਿਆਨਕ ਮੰਜ਼ਰ, ਸ਼ਮਸ਼ਾਨਘਾਟ ਦੇ ਸ਼ੈੱਡਾਂ ਬਾਹਰ ਪਾਰਕ 'ਚ ਹੋ ਰਹੇ ਅੰਤਿਮ ਸੰਸਕਾਰ
ਚਿੱਠੀ ਮੁਤਾਬਕ ਭਾਜਪਾ ਦੇ ਕੌਮੀ ਬੁਲਾਰੇ ਇਕਬਾਲ ਸਿੰਘ ਲਾਲਪੁਰਾ ਨੂੰ ਵੀ ਸੁਰੱਖਿਆ ਦੇਣ ਲਈ ਕਿਹਾ ਗਿਆ ਹੈ। ਚਿੱਠੀ 'ਚ ਕਿਹਾ ਗਿਆ ਹੈ ਕਿ ਲਾਲਪੁਰਾ ਸੇਵਾਮੁਕਤ ਡੀ. ਆਈ. ਜੀ. ਹਨ ਅਤੇ ਉਹ ਸਾਲ 2012 'ਚ ਭਾਜਪਾ 'ਚ ਸ਼ਾਮਲ ਹੋਏ ਸਨ। ਲਾਲਪੁਰਾ ਜਦੋਂ ਤਰਨਤਾਰਨ 'ਚ ਐਸ. ਐਸ. ਪੀ. ਸਨ ਤਾਂ ਉਨ੍ਹਾਂ ਨੇ ਅੱਤਵਾਦ ਦੇ ਸਮੇਂ ਦੌਰਾਨ ਕਾਫੀ ਖਾੜਕੂ ਗ੍ਰਿਫ਼ਤਾਰ ਕੀਤੇ ਸਨ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਸਰਕਾਰ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵੰਡੇਗੀ 'ਮੋਬਾਇਲ'
ਲਾਲਪੁਰਾ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਵਿਦੇਸ਼ਾਂ ਤੋਂ ਖ਼ਾਲਿਸਤਾਨੀਆਂ ਵੱਲੋਂ ਧਮਕੀਆਂ ਮਿਲ ਰਹੀਆਂ ਹਨ। ਗ੍ਰਹਿ ਮੰਤਰਾਲੇ ਨੇ ਇਸੇ ਆਧਾਰ 'ਤੇ ਪੰਜਾਬ ਸਰਕਾਰ ਨੂੰ ਉਕਤ ਆਗੂਆਂ ਨੂੰ ਸੁਰੱਖਿਆ ਦੇਣ ਲਈ ਲਿਖਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ