ਜਦ ਪੰਜਾਬ ਕੇਸਰੀ ਗਰੁੱਪ ਦੀ ਰਾਹਤ ਵੰਡ ਟੀਮ ਨੇ ਕਿਹਾ ''ਵਾਅਦਾਖਿਲਾਫੀ ਨਹੀਂ ਕਰਨਾ, ਕਬੂਲ ਹੈ ਮਰਨਾ''

10/01/2017 5:11:29 AM

ਜਲੰਧਰ- ਜੰਮੂ-ਕਸ਼ਮੀਰ ਦੇ ਸਰਹੱਦੀ ਖੇਤਰ ਵਿਚ ਪਾਕਿਸਤਾਨੀ ਫੌਜ ਦੁਆਰਾ ਕੀਤੀ ਜਾਂਦੀ ਗੋਲੀਬਾਰੀ ਤੋਂ ਸਰਹੱਦੀ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਅਜਿਹੇ ਪੀੜਤ ਲੋਕਾਂ ਲਈ ਪੰਜਾਬ ਕੇਸਰੀ ਗਰੁੱਪ ਦੁਆਰਾ ਲਗਾਤਾਰ ਰਾਹਤ ਸਮੱਗਰੀ ਭੇਜੀ ਜਾ ਰਹੀ ਹੈ। ਇਸ ਲੜੀ ਤਹਿਤ ਬੀਤੇ ਦਿਨ ਰਾਹਤ ਸਮੱਗਰੀ ਦਾ 448ਵਾਂ ਟਰੱਕ ਇਸ ਰਾਜ ਦੇ ਸਰਹੱਦੀ ਕਸਬੇ ਅਰਨੀਆਂ ਵਿਖੇ ਵੰਡਿਆ ਜਾਣਾ ਸੀ, ਜਿਸ ਸਬੰਧੀ ਸਾਰੀਆਂ ਤਿਆਰੀਆਂ ਅਗਾਊਂ ਕਰ ਲਈਆਂ ਗਈਆਂ ਸਨ ਪਰ ਨਿਰਧਾਰਿਤ ਦਿਨ ਤੋਂ ਪਹਿਲੀ ਸ਼ਾਮ ਪਾਕਿ ਫੌਜ ਦੁਆਰਾ ਇਸ ਕਸਬੇ ਦੇ ਸਿਵਲ ਇਲਾਕੇ ਵਿਚ ਮੋਰਟਾਰ ਤੇ ਹੋਰ ਮਾਰੂ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਇਸ ਇਲਾਕੇ ਵਿਚ ਵੰਡੀ ਜਾਣ ਵਾਲੀ ਰਾਹਤ ਸਮੱਗਰੀ ਲਈ ਅਰਨੀਆਂ ਖੇਤਰ ਦੇ ਲੋੜਵੰਦ 300 ਪਰਿਵਾਰਾਂ ਦੀ ਚੋਣ ਸਮਾਜ ਸੇਵੀ ਬਸੰਤ ਸਿੰਘ ਸੈਣੀ ਤੇ ਉਸ ਦੇ ਸਹਿਯੋਗੀਆਂ ਨੇ ਕੀਤੀ ਹੋਈ ਸੀ। ਪਾਕਿ ਫੌਜ ਦੁਆਰਾ ਸਿਰਜੇ ਗਏ ਜੰਗੀ ਮਾਹੌਲ ਨੂੰ ਦੇਖਦੇ ਹੋਏ ਬਸੰਤ ਸਿੰਘ ਸੈਣੀ ਨੇ ਰਾਹਤ ਵੰਡ ਟੀਮ ਦੇ ਆਗੂ ਜੇ. ਬੀ. ਸਿੰਘ ਚੌਧਰੀ ਨੂੰ ਇਹ ਰਾਹਤ ਵੰਡ ਪ੍ਰੋਗਰਾਮ ਰੱਦ ਜਾਂ ਅੱਗੇ ਕਰਨ ਲਈ ਆਖ ਦਿੱਤਾ ਪਰ ਪੂਰੀ ਟੀਮ ਨੇ ਫੈਸਲਾ ਕੀਤਾ ਕਿ ਅੱਜ ਇਹ ਪ੍ਰੋਗਰਾਮ ਰੱਦ ਕਰਨ ਦਾ ਅਰਥ ਇਹ ਬਣਦਾ ਹੈ ਕਿ ਅਸੀਂ ਪੰਜਾਬ ਕੇਸਰੀ ਗਰੁੱਪ ਦੇ ਕੁਰਬਾਨੀਆਂ ਭਰੇ ਇਤਿਹਾਸ ਤੋਂ ਵਾਕਿਫ ਨਹੀਂ ਹਾਂ। ਇਸ ਗਰੁੱਪ ਨੇ ਜੇਕਰ ਵੱਡੀਆਂ ਹਨੇਰੀਆਂ ਵਿਚ ਇਹ ਸੇਵਾ ਤੇ ਸੱਚਾਈ ਦੀ ਮਸ਼ਾਲ ਨੂੰ ਜਗਦਾ ਰੱਿਖਆ ਹੈ ਤਾਂ ਅੱਜ ਕਿਸੇ ਵੀ ਕਾਰਨ ਪਿੱਛੇ ਹਟਣਾ ਨਹੀਂ ਬਣਦਾ। ਹਰ ਤਰ੍ਹਾਂ ਦੇ ਖਤਰੇ ਤੋਂ ਬੇਖੌਫ ਜੇ. ਬੀ. ਸਿੰਘ ਚੌਧਰੀ ਦੀ ਅਗਵਾਈ ਹੇਠ ਵਰਿੰਦਰ ਸ਼ਰਮਾ, ਹਰਦਿਆਲ ਸਿੰਘ ਅਮਨ, ਹਰਜਿੰਦਰ ਪਾਲ ਅਵਾਣ, ਵਿਨੋਦ ਸ਼ਰਮਾ ਤੇ ਕੁਲਦੀਪ ਭੁੱਲਰ ਸਮੇਤ ਪੂਰੀ ਟੀਮ ਜੰਮੂ-ਕਸ਼ਮੀਰ ਲਈ ਰਵਾਨਾ ਹੋਈ। ਉਥੇ ਜਾ ਕੇ ਵੇਖਿਆ ਤਾਂ ਸਾਰੇ ਪਾਸੇ ਦਹਿਸ਼ਤ ਦਾ ਮਾਹੌਲ ਸੀ। ਬਾਜ਼ਾਰਾਂ ਵਿਚਲੀਆਂ ਦੁਕਾਨਾਂ ਬੰਦ ਸਨ। ਲੋਕ ਘਰਾਂ ਅੰਦਰ ਬੰਦੀ ਬਣੇ ਹੋਏ ਜਾਪਦੇ ਸਨ। ਇਸ ਮਾਹੌਲ ਵਿਚ ਇਕ ਘਰ ਵਿਚ ਇਕੱਠੇ ਹੋਏ ਲੋੜਵੰਦ ਲੋਕਾਂ ਨੂੰ ਰਾਸ਼ਨ ਵੰਡਿਆ ਗਿਆ। ਇਲਾਕੇ ਦੇ ਮਾਹੌਲ ਬਾਰੇ ਗੱਲਬਾਤ ਕਰਦਿਆਂ ਬਸੰਤ ਸਿੰਘ ਸੈਣੀ ਨੇ ਦੱਸਿਆ ਕਿ ਬੀਤੀ ਸ਼ਾਮ ਇਥੇ ਕਰੀਬ ਸੌ ਤੋਂ ਵਧੇਰੇ ਗੋਲੇ ਰਿਹਾਇਸ਼ੀ ਖੇਤਰ ਵਿਚ ਡਿੱਗੇ ਹਨ, ਜਿਸ ਨਾਲ ਅਨੇਕਾਂ ਪਸ਼ੂ ਮਰੇ ਹਨ ਤੇ ਲੋਕ ਜ਼ਖ਼ਮੀ ਹੋਏ ਹਨ। ਉਨ੍ਹਾਂ ਦੱਸਿਆ ਕਿ ਇਹ ਕਸਬਾ ਬਿਲਕੁਲ ਬਾਰਡਰ ਦੇ ਨਾਲ ਕਈ ਥਾਵਾਂ ਤੋਂ ਕੁਝ ਸੌ ਜਾਂ ਵੱਧ ਮੀਟਰ ਦੀ ਦੂਰੀ 'ਤੇ ਪਾਕਿ ਸਰਹੱਦ ਨਾਲ ਲੱਗਦਾ ਹੈ। ਪਾਕਿ ਫੌਜ ਅਨੇਕਾਂ ਵਾਰ ਇਥੇ ਗੋਲੀਬਾਰੀ ਕਰ ਚੁੱਕੀ ਹੈ। ਪਿਛਲੇ ਅੰਦਾਜ਼ੇ ਅਨੁਸਾਰ ਉਨ੍ਹਾਂ ਦੱਸਿਆ ਕਿ ਅੱਜ ਫਿਰ ਲੱਗਭਗ ਚਾਰ ਵਜੇ ਛੋਟੀ ਗੰਨ ਦਾ ਫਾਇਰ ਹੋ ਸਕਦਾ ਹੈ, ਜਿਸ ਲਈ ਸਮੇਂ ਨੂੰ ਧਿਆਨ ਵਿਚ ਰੱਖਦੇ ਹੋਏ ਲੋਕ ਚੌਕਸੀ ਰੱਖ ਰਹੇ ਹਨ।
ਰਾਹਤ ਸਮੱਗਰੀ ਦਾ ਇਹ ਟਰੱਕ ਘਨੌਰ ਜ਼ਿਲਾ ਪਟਿਆਲਾ ਤੋਂ ਲੈ ਕੇ ਇਥੇ ਆਏ ਬੀ. ਜੇ. ਪੀ. ਯੁਵਾ ਮੋਰਚਾ ਪੰਜਾਬ ਦੇ ਉੱਚ ਆਗੂ (ਕੋ. ਆਫਿਸ ਸਕੱਤਰ) ਵਿੱਕੀ ਸ਼ਰਮਾ ਨੇ ਆਖਿਆ ਕਿ ਇਨ੍ਹਾਂ ਲੋਕਾਂ ਦੀ ਹਾਲਤ ਵੇਖ ਕੇ ਲੱਗਦਾ ਹੈ ਕਿ ਪੁੰਨ-ਦਾਨ ਕਰਨ ਲਈ ਇਸ ਤੋਂ ਵੱਡੀ ਥਾਂ ਕੋਈ ਨਹੀਂ ਹੈ। ਮਨ ਨੂੰ ਸੰਤੁਸ਼ਟੀ ਮਿਲੀ ਹੈ ਕਿ ਸਾਡਾ ਭੇਜਿਆ ਰਾਸ਼ਨ ਸਹੀ ਲੋੜਵੰਦ ਤੇ ਮਜਬੂਰ ਲੋਕਾਂ ਦੇ ਕੰਮ ਆਇਆ ਹੈ। ਉਨ੍ਹਾਂ ਨੇ ਜਲਦ ਹੀ ਇਕ ਟਰੱਕ ਹੋਰ ਰਾਹਤ ਸਮੱਗਰੀ ਦਾ ਇਸ ਇਲਾਕੇ ਵਿਚ ਵੰਡਣ ਲਈ ਭੇਜਣ ਦਾ ਵਾਅਦਾ ਕੀਤਾ। ਘਨੌਰ ਤੋਂ ਹੀ ਆਏ ਬੀ. ਜੇ. ਪੀ. ਯੁਵਾ ਮੋਰਚਾ ਦੇ ਮੰਡਲ ਪ੍ਰਧਾਨ ਗੋਲਡੀ ਸ਼ਰਮਾ ਨੇ ਕਿਹਾ ਕਿ ਇਥੋਂ ਦੇ ਹਾਲਾਤ ਵੇਖ ਕੇ ਪਤਾ ਲੱਗਦਾ ਹੈ ਕਿ ਇਹ ਲੋਕ ਕਿੰਨੇ ਕਸ਼ਟਾਂ ਵਿਚ ਜ਼ਿੰਦਗੀ ਜੀਅ ਰਹੇ ਹਨ। ਇਨ੍ਹਾਂ ਨਾਲ ਘਨੌਰ ਤੋਂ ਨਰੇਸ਼ ਸ਼ਰਮਾ ਕੈਸ਼ੀਅਰ ਬੀ. ਜੇ. ਪੀ., ਗੌਤਮ ਸੂਦ ਮੰਡਲ ਪ੍ਰਧਾਨ ਬੀ. ਜੇ. ਪੀ., ਜੰਮੂ ਤੋਂ ਬੀ. ਜੇ. ਪੀ. ਦੇ ਜ਼ਿਲਾ ਉੱਪ ਪ੍ਰਧਾਨ ਸ਼ਤਰੂਜੀਤ ਸਿੰਘ, ਹਰਜਿੰਦਰ ਸਿੰਘ, ਪਾਖਰ ਸਿੰਘ, ਕੋਟ ਈਸੇ ਖਾਂ ਤੋਂ ਪ੍ਰਤੀਨਿਧੀ ਸੰਜੀਵ ਸੂਦ ਵੀ ਇਥੇ ਆਏ ਹੋਏ ਸਨ।

PunjabKesari
ਲੰਮੇ ਸਮੇਂ ਤੋਂ ਜੰਮੂ-ਕਸ਼ਮੀਰ ਦੇ ਪੀੜਤ ਲੋਕਾਂ ਲਈ ਲੁਧਿਆਣਾ ਤੋਂ ਮਠਿਆਈ ਲਿਆ ਕੇ ਵੰਡਣ ਵਾਲੇ ਸਮਾਜ ਸੇਵੀ ਹਰਦਿਆਲ ਸਿੰਘ ਅਮਨ ਨੇ ਦੱਸਿਆ ਕਿ ਨਿੱਜੀ ਰੁਝੇਵਿਆਂ ਕਾਰਨ ਅੱਜ ਇਥੇ ਆਉਣਾ ਸੰਭਵ ਨਹੀਂ ਸੀ ਪਰ ਜਦ ਇਹ ਪਤਾ ਲੱਗਾ ਕਿ ਅੱਜ ਸਾਡੀ ਟੀਮ ਦੀ ਪਰਖ ਦੀ ਘੜੀ ਹੈ ਤਾਂ ਸਾਰੇ ਰੁਝੇਵੇਂ ਪਾਸੇ ਰੱਖ ਕੇ ਇਧਰ ਤੁਰ ਪਿਆ। ਉਨ੍ਹਾਂ ਕਿਹਾ ਕਿ ਮੈਂ ਅੱਜ ਪਾਕਿਸਤਾਨ ਦੇ ਗੋਲਿਆਂ ਸਾਹਮਣੇ ਪੀੜਤ ਲੋਕਾਂ ਨੂੰ ਲੱਡੂ ਵੰਡ ਕੇ ਅੰਤਰਰਾਸ਼ਟਰੀ ਕਮਿਊਨਿਟੀ ਤੱਕ ਇਹ ਸੰਦੇਸ਼ ਪਹੁੰਚਾਉਣ ਦਾ ਯਤਨ ਕੀਤਾ ਹੈ ਕਿ ਅਸੀਂ ਅਮਨਪਸੰਦ ਲੋਕ ਹਾਂ। ਗੁਰੂ ਸਾਹਿਬ ਦੀ ਸਿੱਖਿਆ ਮੁਤਾਬਕ ਅਸੀਂ ਕਿਸੇ ਨੂੰ ਡਰਾਉਂਦੇ ਨਹੀਂ ਪਰ ਕੋਈ ਡਰਾਵੇ ਤਾਂ ਅਸੀਂ ਡਰਦੇ ਵੀ ਨਹੀਂ।
ਜੇ. ਬੀ. ਸਿੰਘ ਚੌਧਰੀ ਅਤੇ ਯੋਗਾ ਆਚਾਰੀਆ ਵਰਿੰਦਰ ਸ਼ਰਮਾ ਨੇ ਪੰਜਾਬ ਕੇਸਰੀ ਗਰੁੱਪ ਦੇ ਕੁਰਬਾਨੀਆਂ ਭਰੇ ਇਤਿਹਾਸ ਬਾਰੇ ਆਏ ਹੋਏ ਲੋਕਾਂ ਨੂੰ ਦੱਸਿਆ। ਅੱਜ ਦੀ ਆਮਦ ਬਾਰੇ ਉਨ੍ਹਾਂ ਕਿਹਾ ਕਿ ਤੁਸੀਂ ਲੋਕ ਲੰਮੇ ਸਮੇਂ ਤੋਂ ਮੌਤ ਦਾ ਸਾਹਮਣਾ ਕਰ ਰਹੇ ਹੋ ਤਾਂ ਕੀ ਅਸੀਂ ਇਕ ਦਿਨ ਲਈ ਨਹੀਂ ਕਰ ਸਕਦੇ। ਇਹ ਵੀ ਦੱਸਣਯੋਗ ਹੈ ਕਿ ਸਾਡੀ ਟੀਮ ਜਦ ਇਸ ਇਲਾਕੇ ਵਿਚੋਂ ਵਾਪਸ ਤੁਰੀ ਤਾਂ 20 ਮਿੰਟ ਬਾਅਦ ਹੀ ਮੁੜ ਪਾਕਿ ਫੌਜ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸੂਤਰਾਂ ਅਨੁਸਾਰ ਇਸ ਨਾਲ ਭਾਰੀ ਨੁਕਸਾਨ ਹੋਇਆ। ਇਹ ਰਾਹਤ ਵੰਡਣ ਵਿਚ ਹੋਰਨਾਂ ਤੋਂ ਇਲਾਵਾ ਬਸੰਤ ਸਿੰਘ ਸੈਣੀ, ਕੈਲਾਸ਼ ਸੈਣੀ ਅਤੇ ਮੋਨੂੰ ਦਾ ਵੀ ਵਿਸ਼ੇਸ਼ ਸਹਿਯੋਗ ਰਿਹਾ।
-ਕੁਲਦੀਪ ਭੁੱਲਰ ਫਿਰੋਜ਼ਪੁਰ 


Related News