ਪੰਜਾਬ ਦੇ ਵੱਖ-ਵੱਖ ਵਿਭਾਗਾਂ ''ਚ ਨਿਕਲੀਆਂ ਅਸਾਮੀਆਂ ਦੀ ਭਰਤੀ ਸਬੰਧੀ ਪ੍ਰਕਿਰਿਆ ਸ਼ੁਰੂ

Saturday, Jun 12, 2021 - 04:04 PM (IST)

ਚੰਡੀਗੜ੍ਹ : ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵੱਲੋਂ ਪਸ਼ੂ-ਪਾਲਣ ਵਿਭਾਗ ਵਿੱਚ ਵੈਟਰਨਰੀ ਇੰਸਪੈਕਟਰਾਂ ਦੀਆਂ 866, ਖੇਡ ਵਿਭਾਗ ਵਿੱਚ ਜੂਨੀਅਰ ਕੋਚ ਦੀਆਂ 97 ਅਤੇ ਚੋਣ ਵਿਭਾਗ ਵਿੱਚ ਚੋਣ ਕਾਨੂੰਗੋ ਦੀਆਂ 05 ਅਸਾਮੀਆਂ ਦੀ ਭਰਤੀ ਸਬੰਧੀ ਪ੍ਰੀਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਅਧੀਨ ਸੇਵਾਵਾਂ ਚੋਣ ਬੋਰਡ ਦੇ ਚੇਅਰਮੈਨ ਰਮਨ ਬਹਿਲ ਨੇ ਅੱਜ ਇੱਥੇ ਦਿੱਤੀ। ਚੇਅਰਮੈਨ ਬਹਿਲ ਨੇ ਦੱਸਿਆ ਕਿ ਬੋਰਡ ਦੀ 11 ਜੂਨ, 2021 ਨੂੰ ਹੋਈ ਮੀਟਿੰਗ ਵਿੱਚ 968 ਅਸਾਮੀਆਂ ਦੀ ਭਰਤੀ ਲਈ ਪ੍ਰਕਿਰਿਆ ਸ਼ੁਰੂ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ, ਇਨ੍ਹਾਂ ਅਸਾਮੀਆਂ ਲਈ ਪੜਾਅਵਾਰ ਇਸ਼ਤਿਹਾਰ ਜਾਰੀ ਕੀਤੇ ਜਾਣਗੇ। ਬੋਰਡ ਵੱਲੋਂ ਅਗਲੇ ਮਹੀਨੇ ਤੋਂ ਉੱਚ ਉਦਯੋਗਿਕ ਉੱਨਤੀ ਅਫ਼ਸਰ, ਬਲਾਕ ਪੱਧਰ ਪ੍ਰਸਾਰ ਅਫ਼ਸਰ, ਲੀਗਲ ਕਲਰਕ ਅਤੇ ਤਕਨੀਕੀ ਸਹਾਇਕ ਦੀਆਂ ਅਸਾਮੀਆਂ ਲਈ ਲਿਖ਼ਤੀ ਪ੍ਰੀਖਿਆਵਾਂ ਲੈਣ ਦੀ ਤਿਆਰੀ ਵੀ ਕਰ ਲਈ ਗਈ ਹੈ।

ਬਹਿਲ ਨੇ ਦੱਸਿਆ ਕਿ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਨਿਰਪੱਖਤਾ ਅਤੇ ਪਾਰਦਰਸ਼ਤਾ ਦੀ ਨੀਤੀ ਤੇ ਪਹਿਰਾ ਦਿੰਦੇ ਹੋਏ ਬੋਰਡ ਵੱਲੋਂ ਭਰਤੀ ਵਿੱਚ ਆਧੁਨਿਕ ਤਕਨੀਕ ਜਿਵੇਂ ਜੈਮਰ, ਬਾਇਓਮੈਟ੍ਰਿਕ, ਵੀਡੀਓਗ੍ਰਾਫੀ ਆਦਿ ਦੀ ਮੱਦਦ ਨਾਲ ਪ੍ਰੀਖਿਆਵਾਂ ਨੂੰ ਪਾਰਦਰਸ਼ਤਾ ਨਾਲ ਨੇਪਰੇ ਚਾੜ੍ਹਿਆ ਜਾਵੇਗਾ ਅਤੇ ਭਰਤੀ ਨਿਰੋਲ ਮੈਰਿਟ 'ਤੇ ਹੀ ਕੀਤੀ ਜਾਵੇਗੀ। ਉਨ੍ਹਾਂ ਨੇ ਉਮੀਦਵਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਬੋਰਡ ਵੱਲੋਂ ਉਕਤ ਅਸਾਮੀਆਂ ਦੀ ਭਰਤੀ ਸਬੰਧੀ ਲਈਆਂ ਜਾਣ ਵਾਲੀਆਂ ਪ੍ਰੀਖਿਆਵਾਂ ਲਈ ਡਟਵੀਂ ਮਿਹਨਤ ਕਰਨ ਤਾਂ ਜੋ ਉਮੀਦਵਾਰਾਂ ਦਾ ਆਪਣਾ ਅਤੇ ਸੂਬੇ ਦਾ ਭਵਿੱਖ ਰੌਸ਼ਨ ਹੋ ਸਕੇ।
 


Babita

Content Editor

Related News