ਵੱਡੀ ਖ਼ਬਰ : ਪੰਜਾਬ ਦੀਆਂ ਜੇਲ੍ਹਾਂ 'ਚ ਪਿਆ ਭੜਥੂ, ਜੇਲ੍ਹ ਮੰਤਰੀ ਵੱਲੋਂ ਸਖ਼ਤ ਚਿਤਾਵਨੀ ਜਾਰੀ

Monday, Mar 28, 2022 - 09:13 AM (IST)

ਵੱਡੀ ਖ਼ਬਰ : ਪੰਜਾਬ ਦੀਆਂ ਜੇਲ੍ਹਾਂ 'ਚ ਪਿਆ ਭੜਥੂ, ਜੇਲ੍ਹ ਮੰਤਰੀ ਵੱਲੋਂ ਸਖ਼ਤ ਚਿਤਾਵਨੀ ਜਾਰੀ

ਜਲੰਧਰ/ਚੰਡੀਗੜ੍ਹ (ਧਵਨ) : ਪੰਜਾਬ ਦੇ ਨਵੇਂ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੂਬੇ ਦੀਆਂ ਸਭ ਜੇਲ੍ਹਾਂ ਦੇ ਸੁਪਰੀਡੈਂਟਾਂ ਨੂੰ ਇਕ ਚਿੱਠੀ ਭੇਜ ਕੇ ਕਿਹਾ ਹੈ ਕਿ ਉਹ 26 ਮਾਰਚ ਤੋਂ 4 ਅਪ੍ਰੈਲ 2022 ਤੱਕ 10 ਦਿਨਾਂ ’ਚ ਜੇਲ੍ਹਾਂ ’ਚ ਸੈਨੇਟਾਈਜ਼ਿੰਗ ਮੁਹਿੰਮ ਚਲਾਉਣ, ਜਿਸ ਅਧੀਨ ਹਰ ਤਰ੍ਹਾਂ ਨਾਲ ਜੇਲ੍ਹਾਂ ’ਚ ਪਹੁੰਚੇ ਮੋਬਾਇਲ ਫੋਨਾਂ ਅਤੇ ਨਸ਼ੇ ਦੀ ਤਸਕਰੀ ਰਾਹੀਂ ਸਮੱਗਰੀ ਨੂੰ ਜ਼ਬਤ ਕੀਤਾ ਜਾਵੇਗਾ। ਨਵੇਂ ਜੇਲ੍ਹ ਮੰਤਰੀ ਨੇ ਆਪਣੀ ਚਿੱਠੀ ’ਚ ਕਿਹਾ ਹੈ ਕਿ ਜੇਲ੍ਹਾਂ ’ਚ ਵੀ. ਆਈ. ਪੀ. ਕਲਚਰ ਅਤੇ ਨਸ਼ਾ ਤਸਕਰੀ ਹਰ ਹਾਲਤ ’ਚ ਖ਼ਤਮ ਹੋਣੀ ਚਾਹੀਦੀ ਹੈ। ਇਸ ਲਈ ਮੈਡੀਕਲ ਸੁਪਰੀਡੈਂਟਾਂ ਨੂੰ ਜੇਲ੍ਹਾਂ ’ਚ ਇਹ ਪ੍ਰਬੰਧ ਕਰਨਾ ਹੋਵੇਗਾ ਕਿ ਜੇਲ੍ਹਾਂ ’ਚ ਕਿਸੇ ਵੀ ਕੈਦੀ ਨੂੰ ਕਿਸੇ ਤਰ੍ਹਾਂ ਦਾ ਵੀ. ਆਈ. ਪੀ. ਟ੍ਰੀਟਮੈਂਟ ਨਾ ਦਿੱਤਾ ਜਾਵੇ।

ਇਹ ਵੀ ਪੜ੍ਹੋ : ਘੋਰ ਕਲਯੁਗ! ਨਾਨੇ ਨੇ 12 ਸਾਲਾ ਦੋਹਤੀ ਨਾਲ ਵਾਰ-ਵਾਰ ਕੀਤਾ ਜਬਰ-ਜ਼ਿਨਾਹ, ਇੰਝ ਸਾਹਮਣੇ ਆਈ ਕਰਤੂਤ

ਹਰ ਕੈਦੀ ਨਾਲ ਪੰਜਾਬ ਦੇ ਜੇਲ੍ਹ ਨਿਯਮਾਂ ਮੁਤਾਬਕ ਬਰਾਬਰ ਦਾ ਵਤੀਰਾ ਅਪਣਾਇਆ ਜਾਏ। ਉਨ੍ਹਾਂ ਚਿੱਠੀ ਵਿਚ ਇਹ ਵੀ ਲਿਖਿਆ ਹੈ ਕਿ ਜੇਲ੍ਹਾਂ ’ਚ ਜੇ ਕੋਈ ਵਿਸ਼ੇਸ਼ ਕਮਰਾ ਜਾਂ ਇਮਾਰਤ ਬਣਾਈ ਗਈ ਹੈ ਤਾਂ ਉਸ ਨੂੰ ਤੁਰੰਤ ਡੇਗ ਦਿੱਤਾ ਜਾਏ ਅਤੇ ਜੇ ਕਿਸੇ ਕੈਦੀ ਨੂੰ ਕੋਈ ਵੀ. ਆਈ. ਪੀ. ਟ੍ਰੀਟਮੈਂਟ ਦਿੱਤਾ ਜਾ ਰਿਹ ਹੈ ਤਾਂ ਉਸ ਨੂੰ ਤੁਰੰਤ ਬੰਦ ਕਰ ਦਿੱਤਾ ਜਾਵੇ। ਬੈਂਸ ਨੇ ਆਪਣੀ ਚਿੱਠੀ ’ਚ ਲਿਖਿਆ ਹੈ ਕਿ 10 ਦਿਨ ਬਾਅਦ ਜੇ ਜੇਲ੍ਹਾਂ ਵਿਚੋਂ ਕੋਈ ਮੋਬਾਇਲ ਫੋਨ ਜਾਂ ਨਸ਼ੇ ਦੀ ਤਸਕਰੀ ਦਾ ਕੋਈ ਸਮਾਨ ਮਿਲਦਾ ਹੈ ਤਾਂ ਉਸ ਲਈ ਸਿੱਧੇ ਤੌਰ ’ਤੇ ਜੇਲ੍ਹ ਦੇ ਸੁਪਰੀਡੈਂਟ ਨੂੰ ਜ਼ਿੰਮੇਵਾਰ ਮੰਨਿਆ ਜਾਵੇਗਾ ਅਤੇ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਏਗੀ।

ਇਹ ਵੀ ਪੜ੍ਹੋ : ਭਗਵੰਤ ਮਾਨ ਦੇ ਖਟਕੜ ਕਲਾਂ 'ਚ ਸਹੁੰ ਚੁੱਕਣ ਨੂੰ ਲੈ ਕੇ ਛਿੜੀ ਨਵੀਂ ਚਰਚਾ, ਆਖੀ ਜਾ ਰਹੀ ਇਹ ਵੱਡੀ ਗੱਲ

ਉਨ੍ਹਾਂ ਆਪਣੇ ਟਵੀਟ ਰਾਹੀਂ ਜੇਲ੍ਹਾਂ ਦੇ ਸੁਪਰੀਡੈਂਟਾਂ ਨੂੰ ਲਿਖੀਆਂ ਚਿੱਠੀਆਂ ਦੀ ਕਾਪੀ ਨੱਥੀ ਕਰਦੇ ਹੋਏ ਕਿਹਾ ਹੈ ਕਿ ਹਰ ਹਾਲਤ ’ਚ ਜੇਲ੍ਹਾਂ ਨੂੰ ਨਿਯਮਾਂ ਮੁਤਾਬਕ ਚਲਾਇਆ ਜਾਵੇ। ਜੇਲ੍ਹ ਮੰਤਰੀ ਵੱਲੋਂ ਲਿਖੀ ਚਿੱਠੀ ਪਿੱਛੋਂ ਜੇਲ੍ਹਾਂ ’ਚ ਵੀ. ਆਈ. ਪੀ. ਟ੍ਰੀਟਮੈਂਟ ਦਿੱਤੇ ਜਾਣ ਵਾਲੇ ਕੁੱਝ ਕੈਦੀਆਂ ’ਚ ਭੜਥੂ ਮਚ ਗਿਆ ਹੈ। ਜੇਲ੍ਹਾਂ ’ਚ ਨਿਯੁਕਤ ਸਟਾਫ਼ ’ਚ ਵੀ ਹਲਚਲ ਵੇਖੀ ਜਾ ਰਹੀ ਹੈ। ਜੇਲ੍ਹ ਮੰਤਰੀ ਨੇ ਸਿੱਧੇ ਤੌਰ ’ਤੇ ਇਹ ਵੀ ਚਿਤਾਵਨੀ ਸੁਪਰੀਡੈਂਟਾਂ ਨੂੰ ਦਿੱਤੀ ਹੈ ਕਿ ਜੇ ਜੇਲ੍ਹਾਂ ’ਚ ਕੋਈ ਸਮਾਨ ਪਹੁੰਚਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਉਨ੍ਹਾਂ ’ਤੇ ਹੋਵੇਗੀ। ਇਸ ਤਰ੍ਹਾਂ ਆਉਣ ਵਾਲੇ ਦਿਨਾਂ ’ਚ ਜੇਲ੍ਹਾਂ ’ਤੇ ਵੀ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੀ ਪੂਰੀ ਜ਼ਿੰਮੇਵਾਰੀ ਪੈਣ ਵਾਲੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News