ਪੰਜਾਬ ਇੰਡਸਟਰੀ ਨੂੰ ਬਿਜਲੀ ਬਿੱਲਾਂ ''ਚ ਕੋਈ ਰਾਹਤ ਨਹੀਂ
Thursday, Jan 11, 2018 - 09:48 AM (IST)

ਚੰਡੀਗੜ੍ਹ : ਪੰਜਾਬ ਦੀ ਇੰਡਸਟਰੀ ਨੂੰ 5 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਦੇਣ ਦੀ ਨੋਟੀਫਿਕੇਸ਼ਨ ਨੂੰ ਲਾਗੂ ਹੋਇਆਂ ਕਰੀਬ 10 ਦਿਨ ਹੋ ਚੁੱਕੇ ਹਨ ਪਰ ਇਸ ਦੇ ਬਾਵਜੂਦ ਵੀ ਉਦਯੋਗਿਕ ਇਕਾਈ ਨੂੰ ਬਿਜਲੀ ਬਿੱਲਾਂ 'ਚ ਕੋਈ ਰਾਹਤ ਨਹੀਂ ਮਿਲੀ ਹੈ ਕਿਉਂਕਿ ਅਜੇ ਤੱਕ ਵੀ ਇੰਡਸਟਰੀ ਵਲੋਂ ਅਕਤੂਬਰ 'ਚ ਐਲਾਨੇ ਗਏ 8.5 ਤੋਂ 11.88 ਫੀਸਦੀ ਦੇ ਵਾਧੇ ਮੁਤਾਬਕ ਹੀ ਬਿਜਲੀ ਬਿੱਲ ਅਦਾ ਕਰਨੇ ਪੈ ਰਹੇ ਹਨ। ਜ਼ਿਕਰਯੋਗ ਹੈ ਕਿ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਬੀਤੀ 19 ਦਸੰਬਰ ਨੂੰ ਇੰਡਸਟਰੀ ਦੇ ਪ੍ਰਤੀਨਿਧੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ 3 ਮੁੱਖਾਂ ਮੰਗਾਂ ਨੂੰ ਲਾਗੂ ਕਰਨ ਦਾ ਵਾਅਦਾ ਕੀਤਾ ਸੀ। ਇਨ੍ਹਾਂ ਮੰਗਾਂ 'ਚ ਇਹ ਵੀ ਸ਼ਾਮਲ ਸੀ ਕਿ ਅਪ੍ਰੈਲ ਤੋਂ ਵਧਾਏ ਗਏ ਬਿੱਲਾਂ ਨੂੰ 50 ਫੀਸਦੀ ਮੁਆਫ ਕੀਤਾ ਜਾਵੇਗਾ ਅਤੇ ਇਹ ਵਾਧਾ ਜਨਵਰੀ ਤੋਂ ਲਾਗੂ ਹੋਵੇਗਾ ਪਰ ਜਨਵਰੀ 'ਚ ਆਏ ਬਿੱਲਾਂ 'ਚ ਅਜਿਹਾ ਕੁਝ ਨਹੀਂ ਹੋਇਆ ਅਤੇ ਇਹ ਵਾਧਾ ਅਪ੍ਰੈਲ ਤੋਂ ਲਾਗੂ ਕਰਕੇ ਭੇਜਿਆ ਗਿਆ। ਇੰਡਸਟਰੀ ਦੇ ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਉਨ੍ਹਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਨਹੀਂ ਕਰ ਰਹੀ।