ਪੰਜਾਬ ਦੇ 3 ਜ਼ਿਲ੍ਹਿਆਂ 'ਚ ਰਾਤ ਦੇ ਕਰਫਿਊ ਦਾ ਬਦਲਿਆ ਸਮਾਂ

Friday, Aug 07, 2020 - 09:03 PM (IST)

ਪੰਜਾਬ ਦੇ 3 ਜ਼ਿਲ੍ਹਿਆਂ 'ਚ ਰਾਤ ਦੇ ਕਰਫਿਊ ਦਾ ਬਦਲਿਆ ਸਮਾਂ

ਜਲੰਧਰ/ਚੰਡੀਗੜ੍ਹ: ਸੂਬੇ 'ਚ ਕੋਵਿਡ ਦੇ ਵੱਧ ਰਹੇ ਕੇਸਾਂ 'ਤੇ ਚਿੰਤਾ ਜ਼ਾਹਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਭ ਤੋਂ ਵੱਧ ਪ੍ਰਭਾਵਿਤ ਸ਼ਹਿਰਾਂ ਲੁਧਿਆਣਾ, ਜਲੰਧਰ ਅਤੇ ਪਟਿਆਲਾ 'ਚ ਸ਼ਨੀਵਾਰ 8 ਅਗਸਤ ਤੋਂ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਰਾਤ ਦਾ ਕਰਫਿਊ ਲਾਉਣ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਸਾਰੇ ਵੱਡੇ ਸ਼ਹਿਰਾਂ ਨੂੰ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਬਿਮਾਰੀ ਦੇ ਇਲਾਜ ਲਈ ਏਕੀਕ੍ਰਿਤ ਪ੍ਰਬੰਧਨ ਯੋਜਨਾ ਤਿਆਰ ਕਰਨ ਦੇ ਵੀ ਹੁਕਮ ਦਿੱਤੇ।

ਵੀਰਵਾਰ ਨੂੰ 1050 ਕੇਸ ਹੋਰ ਆਉਣ ਨਾਲ ਸੂਬੇ ਵਿੱਚ ਕੇਸਾਂ ਦੀ ਗਿਣਤੀ 20,891 'ਤੇ ਪਹੁੰਚ ਗਈ ਹੈ। ਮੁੱਖ ਮੰਤਰੀ ਨੇ ਲਾਜ਼ਮੀ ਤੌਰ 'ਤੇ ਮਾਸਕ ਪਾਉਣ ਦੇ ਅਮਲ ਲਈ ਇਕ ਹਫ਼ਤੇ ਦੇ ਟਰਾਇਲ ਦਾ ਵੀ ਐਲਾਨ ਕੀਤਾ, ਜਿਸ ਤਹਿਤ ਮਾਸਕ ਪਹਿਨਣ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਮੌਕੇ 'ਤੇ ਹੀ ਇਕ ਘੰਟਾ ਮਾਸਕ ਪਹਿਨ ਕੇ ਖੜ੍ਹਨਾ ਪਵੇਗਾ। ਮੁੱਖ ਮੰਤਰੀ ਦਾ ਮੰਨਣਾ ਹੈ ਕਿ ਉਲੰਘਣਾ ਕਰਨ ਵਾਲਿਆਂ ਨੂੰ ਇਹ ਅਹਿਸਾਸ ਕਰਵਾਏ ਜਾਣ ਨਾਲ ਇਸ ਸਬੰਧੀ ਉਲੰਘਣਾ ਨੂੰ ਰੋਕਣ ਵਿੱਚ ਸਫਲਤਾ ਮਿਲ ਸਕਦੀ ਹੈ, ਜਦਕਿ ਇਹ ਗਿਣਤੀ ਹੁਣ 3.82 ਲੱਖ ਨੂੰ ਪਾਰ ਕਰ ਗਈ ਹੈ।

ਫੇਸਬੁੱਕ 'ਤੇ ਲਾਈਵ ਹਫ਼ਾਤਵਰੀ ਪ੍ਰੋਗਰਾਮ 'ਕੈਪਟਨ ਨੂੰ ਸਵਾਲ' ਨੂੰ ਇਸ ਵਾਰ ਇਕ ਦਿਨ ਅਗਾਊਂ ਕੀਤਾ ਗਿਆ ਤਾਂ ਕਿ ਮੁੱਖ ਮੰਤਰੀ ਤਰਨ ਤਾਰਨ ਜ਼ਿਲ੍ਹੇ ਵਿੱਚ ਨਕਲੀ ਸ਼ਰਾਬ ਦੁਖਾਂਤ ਦੇ ਪੀੜਤਾਂ ਨੂੰ ਮਿਲਣ ਲਈ ਅੱਜ ਕੀਤੇ ਆਪਣੇ ਦੌਰੇ ਬਾਰੇ ਲੋਕਾਂ ਨੂੰ ਜਾਣੂੰ ਕਰਵਾ ਸਕਣ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਆਪਣੇ ਆਪ ਦਾ ਛੇਤੀ ਟੈਸਟ ਕਰਵਾਉਣ ਅਤੇ ਢੁਕਵੇਂ ਹਸਪਤਾਲ ਤੋਂ ਇਲਾਜ ਸ਼ੁਰੂ ਕਰਵਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਲੋਕਾਂ ਨੂੰ ਸਿੱਧੇ ਪ੍ਰਾਈਵੇਟ ਹਸਪਤਾਲਾਂ ਵੱਲ ਵੀ ਨਾ ਭੱਜਣ ਦੀ ਅਪੀਲ ਕੀਤੀ ਕਿਉਂ ਜੋ ਸਰਕਾਰੀ ਹਸਪਤਾਲਾਂ ਵਿੱਚ ਵੀ ਬਿਹਤਰ ਇਲਾਜ ਉਪਲਬਧ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਟੈਸਟਿੰਗ ਦੀਆਂ ਢੁਕਵੀਆਂ ਸੁਵਿਧਾਵਾਂ ਮੌਜੂਦਾ ਹਨ ਅਤੇ ਚਾਰ ਹੋਰ ਟੈਸਟਿੰਗ ਲੈਬਜ਼ ਸੋਮਵਾਰ ਤੋਂ ਕਾਰਜਸ਼ੀਲ ਹੋ ਜਾਣਗੀਆਂ। ਟੈਸਟਿੰਗ ਅਤੇ ਇਲਾਜ ਲਈ ਦੇਰੀ ਹੋਣ ਨਾਲ ਕੋਵਿਡ ਦੀਆਂ ਮੌਤਾਂ ਦੀ ਗਿਣਤੀ ਵਧਣ ਨੂੰ ਮੁੱਖ ਕਾਰਨ ਦੱਸਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਸੂਬੇ ਵਿੱਚ ਬੀਤੇ ਦਿਨ 26 ਵਿਅਕਤੀਆਂ ਦੀ ਮੌਤ ਹੋ ਗਈ, ਜਿਸ ਨਾਲ ਮੌਤਾਂ ਦੀ ਗਿਣਤੀ 517 (2.47 ਫੀਸਦੀ) ਤੱਕ ਪਹੁੰਚ ਗਈ ਹੈ।

ਮੁੱਖ ਮੰਤਰੀ ਨੇ ਸੂਬੇ ਵਿੱਚ ਕੋਵਿਡ ਦੀ ਲਾਗ ਅਤੇ ਪਾਜ਼ੇਟਿਵ ਕੇਸਾਂ ਦੇ ਵਾਧੇ 'ਤੇ ਫਿਕਰਮੰਦੀ ਜ਼ਾਹਰ ਕੀਤੀ ਜੋ ਪਿਛਲੇ ਇਕ ਹਫ਼ਤੇ ਵਿੱਚ ਲਏ ਸੈਂਪਲਾਂ ਵਿੱਚੋਂ 8.50 ਫੀਸਦੀ ਅਜਿਹੇ ਕੇਸ ਪਾਏ ਗਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਕੋਵਿਡ ਦਾ ਸਿਖਰ ਅਗਸਤ ਦੇ ਅਖੀਰ ਜਾਂ ਸਤੰਬਰ ਦੀ ਸ਼ੁਰੂਆਤ ਵਿੱਚ ਆਉਣ ਦੀ ਸੰਭਾਵਨਾ ਹੈ ਜਿਸ ਕਰਕੇ ਰੋਜ਼ਾਨਾ ਕੇਸ ਵਧਣ ਦੀ ਗਿਣਤੀ ਦੇ ਸਿਖਰ ਦਾ ਵੀ ਕਿਆਸ ਨਹੀਂ ਲਾਇਆ ਜਾ ਸਕਦੀ। ਹਾਲ ਹੀ ਵਿੱਚ ਬਠਿੰਡਾ, ਬਰਨਾਲਾ, ਫਿਰੋਜ਼ਪੁਰ ਵਰਗੇ ਜ਼ਿਲ੍ਹਿਆਂ ਵਿੱਚ ਵੀ ਕੇਸ ਵਧਣ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਸਥਿਤੀ ਤੋਂ ਮੂੰਹ ਨਹੀਂ ਫੇਰਿਆ ਜਾ ਸਕਦਾ। ਉਨ੍ਹਾਂ ਨੇ ਲੋਕਾਂ ਨੂੰ ਇਸ ਔਖੀ ਸਥਿਤੀ ਵਿੱਚ ਤਕੜੇ ਹੋ ਕੇ ਰਹਿਣ ਅਤੇ ਬਿਮਾਰੀ ਦਾ ਮਜ਼ਬੂਤੀ ਤੇ ਦ੍ਰਿੜਤਾ ਨਾਲ ਸਾਹਮਣਾ ਕਰਨ ਦੀ ਅਪੀਲ ਵੀ ਕੀਤੀ।


author

Deepak Kumar

Content Editor

Related News