ਕੋਰੋਨਾ ਵਾਇਰਸ : ਪੰਜਾਬ 'ਚ 30 ਸਤੰਬਰ ਤੱਕ ਸਿਹਤ ਵਿਭਾਗ ਤੋਂ ਕੋਈ ਨਹੀਂ ਹੋਵੇਗਾ ਰਿਟਾਇਰ
Friday, Apr 03, 2020 - 01:09 PM (IST)
ਚੰਡੀਗੜ੍ਹ (ਸ਼ਰਮਾ, ਧਵਨ) : ਕੋਰੋਨਾ ਵਾਇਰਸ ਦੇ ਦਿਨੋਂ-ਦਿਨ ਵਧਦੇ ਜਾ ਰਹੇ ਕਹਿਰ ਕਾਰਨ ਪੰਜਾਬ ਸਰਕਾਰ ਨੇ ਫੈਸਲਾ ਲਿਆ ਹੈ ਕਿ ਸਿਹਤ ਵਿਭਾਗ ਦੇ ਕਿਸੇ ਵੀ ਕਰਮਚਾਰੀ ਜਾਂ ਅਧਿਕਾਰੀ ਨੂੰ ਆਉਣ ਵਾਲੀ 30 ਸਤੰਬਰ ਤੋਂ ਪਹਿਲਾਂ ਰਿਟਾਇਰ ਨਹੀਂ ਕੀਤਾ ਜਾਵੇਗਾ, ਬੇਸ਼ੱਕ ਉਸ ਦੀ ਉਮਰ ਸੇਵਾ ਮੁਕਤੀ ਦੀ ਹੱਦ ਪਾਰ ਕਰ ਚੁੱਕੀ ਹੋਵੇ। ਇਸ ਤੋਂ ਪਹਿਲਾਂ ਪਿਛਲੀ 14 ਮਾਰਚ ਨੂੰ ਸਰਕਾਰ ਨੇ ਕੋਰੋਨਾ ਵਾਇਰਸ ਦੇ ਵਿਸ਼ਵ ਭਰ 'ਚ ਫੈਲਦੇ ਜਾ ਰਹੇ ਜਾਲ ਨੂੰ ਦੇਖਦਿਆਂ ਸਿਹਤ ਵਿਭਾਗ 'ਚ ਤਾਇਨਾਤ ਉਨ੍ਹਾਂ ਡਾਕਟਰ ਤੇ ਪੈਰਾ-ਮੈਡੀਕਲ ਸਟਾਫ, ਜੋ 31 ਮਾਰਚ ਨੂੰ ਰਿਟਾਇਰ ਹੋਣ ਵਾਲੇ ਸਨ, ਦੇ ਸੇਵਾਕਾਲ 'ਚ 6 ਮਹੀਨੇ ਦੇ ਵਿਸਥਾਰ ਨੂੰ ਮਨਜ਼ੂਰੀ ਦਿੰਦਿਆਂ ਇਨ੍ਹਾਂ ਦਾ ਸੇਵਾਕਾਲ 30 ਸਤੰਬਰ ਤੱਕ ਵਧਾ ਦਿੱਤਾ ਸੀ ਪਰ ਇਸ ਦੌਰਾਨ ਸੂਬੇ 'ਚ ਕੋਰੋਨਾ ਵਾਇਰਸ ਪੀੜਤਾਂ ਦੀ ਦਿਨੋਂ-ਦਿਨ ਵਧਦੀ ਗਿਣਥੀ ਨੂੰ ਦੇਖਦਿਆਂ ਅਤੇ ਸਥਿਤੀ ਨਾਲ ਨਜਿੱਠਣ ਲਈ ਚੁੱਕੇ ਜਾਣ ਵਾਲੇ ਪ੍ਰਭਾਵੀ ਕਦਮਾਂ ਦੇ ਸਫਲ ਕੰਮ ਕਰਨ ਦੇ ਮੱਦੇਨਜ਼ਰ ਸਰਕਾਰ ਨੇ ਸਿਹਤ ਵਿਭਾਗ ਦੇ ਕਿਸੇ ਵੀ ਕਰਮਚਾਰੀ ਜਾਂ ਅਧਿਕਾਰੀ ਨੂੰ 30 ਸਤੰਬਰ ਤੋਂ ਪਹਿਲਾਂ ਰਿਟਾਇਰ ਨਾ ਕਰਨ ਦਾ ਫੈਸਲਾ ਲਿਆ ਹੈ।
ਇਹ ਵੀ ਪੜ੍ਹੋ : ਕਰਫਿਊ ਦੌਰਾਨ ਪੈਨਸ਼ਨ ਧਾਰਕਾਂ ਲਈ ਚੰਗੀ ਖਬਰ, ਕੈਪਟਨ ਨੇ ਕੀਤਾ ਵੱਡਾ ਐਲਾਨ
ਵਿਭਾਗ ਦੇ ਪ੍ਰਧਾਨ ਸਕੱਤਰ ਅਨੁਰਾਗ ਅਗਰਵਾਲ ਵਲੋਂ ਇਸ ਸਬੰਧੀ ਰਸਮੀਂ ਹੁਕਮ ਜਾਰੀ ਕਰ ਦਿੱਤੇ ਗਏ ਹਨ। ਹੁਕਮਾਂ 'ਚ ਕਿਹਾ ਗਿਆ ਹੈ ਕਿ ਵਿਭਾਗ 'ਚ ਤਾਇਨਾਤ ਸਾਰੇ ਮਨੀਸਟ੍ਰੀਅਲ ਸਟਾਫ, ਡਰਾਈਵਰ, ਗਰੁੱਪ ਡੀ/ਵਾਰਡ ਬੁਆਏ ਰਿਟਾਇਰਮੈਂਟ ਦੀ ਉਮਰ ਹੱਦ ਪਾਰ ਕਰਨ ਦੇ ਬਾਵਜੂਦ ਆਉਣ ਵਾਲੀ 30 ਸਤੰਬਰ ਤੱਕ ਵਿਭਾਗ 'ਚ ਤਾਇਨਾਤ ਰਹਿਣਗੇ। ਹਾਲਾਂਕਿ ਇਸ ਦੌਰਾਨ ਉਹ ਪਦਉਨਤੀ ਜਾਂ ਕਿਸੇ ਵਿਸ਼ੇਸ਼ ਭੱਤੇ ਦੇ ਹੱਕਦਾਰ ਨਹੀਂ ਹੋਣਗੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜਾਰੀ ਹੁਕਮਾਂ 'ਚ ਇਹ ਛੋਟ ਸਿਰਫ ਡਾਕਟਰਾਂ ਤੇ ਪੈਰਾ-ਮੈਡੀਕਲ ਸਟਾਫ ਨੂੰ ਦਿੱਤੀ ਗਈ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਦਾ ਕਹਿਰ, 14 ਦਿਨਾਂ ਤੋਂ ਬਾਅਦ ਵੀ ਜਾਰੀ ਰਹੇਗਾ 'ਕਰਫਿਊ'