ਪੰਜਾਬ ’ਚ ਹੁਣ ਤਕ 5 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਹੋਈ
Thursday, Apr 15, 2021 - 03:03 AM (IST)
ਜੈਤੋ, (ਪਰਾਸ਼ਰ)- ਪੰਜਾਬ ਰਾਜ ਵਿਚ ਕਣਕ ਦੀ ਫ਼ਸਲ ਦੀ ਖਰੀਦ ਕਰ ਰਹੀਆਂ ਖਰੀਦ ਏਜੰਸੀਆਂ ਕੋਲ ਬਾਰਦਾਨੇ ਦੀ ਥੁੜ ਸਬੰਧੀ ਖਬਰ ਨੂੰ ਮੁੱਢੋਂ ਰੱਦ ਕਰਦਿਆਂ ਪੰਜਾਬ ਦੇ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਸਾਰੀਆਂ ਖਰੀਦ ਏਜੰਸੀਆਂ ਕੋਲ ਬਾਰਦਾਨਾਂ ਭਰਪੂਰ ਮਾਤਰਾ ਵਿਚ ਉਪਲੱਬਧ ਹੈ।
ਆਸ਼ੂ ਨੇ ਕਿਹਾ ਕਿ ਕਣਕ ਖਰੀਦ ਦੀ ਪ੍ਰਕ੍ਰਿਆ ਪੂਰੀ ਰਫਤਾਰ ਨਾਲ ਚੱਲ ਰਹੀ ਹੈ ਅਤੇ 13 ਅਪ੍ਰੈਲ ਤੱਕ ਰਾਜ ਦੀਆਂ ਮੰਡੀਆਂ ਵਿਚ 5,44,334 ਮੀਟ੍ਰਿਕ ਟਨ ਕਣਕ ਦੀ ਫਸਲ ਦੀ ਖਰੀਦ ਕੀਤੀ ਗਈ ਹੈ ਜਿਸ ਵਿਚੋਂ 44,728 ਮੀਟ੍ਰਿਕ ਟਨ ਕਣਕ ਦੀ ਖਰੀਦ ਡੀ. ਸੀ. ਪੀ. ਅਧੀਨ ਕੀਤੀ ਗਈ ਹੈ ਜੋ ਕਿ ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ ਵੰਡੀ ਜਾਣੀ ਹੈ। 39285 ਮੀਟ੍ਰਿਕ ਟਨ ਕਣਕ ਦੀ ਚੁਕਾਈ ਕੀਤੀ ਜਾ ਚੁੱਕੀ ਹੈ ਜਦਕਿ ਇਸ ਦਿਨ ਤੱਕ ਚੁਕਾਈ ਦਾ ਟੀਚਾ (ਖਰੀਦ ਤੋਂ 72 ਘੰਟਿਆਂ ਵਿਚ) 2642 ਮੀਟ੍ਰਿਕ ਟਨ ਕਣਕ ਦੀ ਚੁਕਾਈ ਦਾ ਸੀ।