ਪੰਜਾਬ ਕੋਲ ਕੋਵਿਡ-19 ਟੀਕੇ ਦੀਆਂ ਸਿਰਫ਼ 1.9 ਲੱਖ ਖੁਰਾਕਾਂ ਬਚੀਆਂ
Tuesday, Apr 27, 2021 - 04:07 PM (IST)
ਚੰਡੀਗੜ੍ਹ (ਸ਼ਰਮਾ) : ਕੋਵਿਡ ਦੇ ਮਾਮਲੇ ਤੇਜ਼ੀ ਨਾਲ ਵਧਣ ਕਰਕੇ ਸਥਿਤੀ ਗੰਭੀਰ ਹੋਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਹਾਲਾਤ ’ਤੇ ਕਾਬੂ ਪਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ ਪਰ ਭਾਰਤ ਸਰਕਾਰ ਪਾਸੋਂ ਟੀਕੇ ਦੀ ਸਪਲਾਈ ਘੱਟ ਹੋਣ ਕਾਰਨ ਸੂਬੇ ਕੋਲ ਟੀਕੇ ਦੀਆਂ ਸਿਰਫ਼ 1.9 ਲੱਖ ਖੁਰਾਕਾਂ ਬਚੀਆਂ ਹਨ। ਇਸ ਉਪਲਬਧ ਸਟਾਕ ਵਿਚੋਂ 1 ਲੱਖ ਤੋਂ ਵੱਧ ਖੁਰਾਕਾਂ ਵਰਤੇ ਜਾਣ ਦੀ ਉਮੀਦ ਹੈ। ਗੁਰੂ ਨਾਨਕ ਦੇਵ ਡਾਇਲਿਸਿਸ ਯੂਨਿਟ ਦਾ ਉਦਘਾਟਨ ਕਰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ 25 ਅਪ੍ਰੈਲ ਨੂੰ ਤਕਰੀਬਨ 1.5 ਲੱਖ ਲਾਭਪਾਤਰੀਆਂ ਨੂੰ ਟੀਕਾ ਲਗਾਇਆ ਗਿਆ ਹੈ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਹੀ ਕੋਰੋਨਾ ਦੇ ਵਧ ਰਹੇ ਮਾਮਲਿਆਂ ਕਰਕੇ ਪੰਜਾਬ ਦੀ ਚਿੰਤਾਜਨਕ ਸਥਿਤੀ ਦਾ ਮੁੱਦਾ ਉਠਾਇਆ ਹੈ ਅਤੇ ਭਾਰਤ ਸਰਕਾਰ ਪਾਸੋਂ ਕੋਵਿਡ-19 ਦੇ ਟੀਕੇ ਅਤੇ ਆਕਸੀਜਨ ਦੀ ਨਿਯਮਤ ਸਪਲਾਈ ਦੀ ਮੰਗ ਕੀਤੀ ਹੈ। ਇੱਥੇ ਇਹ ਵੀ ਦੱਸ ਦਈਏ ਕਿ ਮਹਾਮਾਰੀ ਦੇ ਇਨ੍ਹਾਂ ਚੁਣੌਤੀ ਭਰੇ ਹਾਲਾਤਾਂ ਦਰਮਿਆਨ ਤਕਰੀਬਨ 1,80,461 ਕੋਵਿਡ-19 ਪਾਜ਼ੇਟਿਵ ਮਰੀਜ਼, ਜਿਨ੍ਹਾਂ ਨੂੰ ਘਰੇਲੂ ਇਕਾਂਤਵਾਸ ਅਧੀਨ ਰੱÎਖਿਆ ਗਿਆ ਸੀ, ਇਸ ਮਾਰੂ ਵਾਇਰਸ ਤੋਂ ਸਫ਼ਲਤਾਪੂਰਵਕ ਸਿਹਤਯਾਬ ਹੋ ਗਏ ਹਨ। ਇਸ ਵੇਲੇ ਤਕਰੀਬਨ 38,948 ਐਕਟਿਵ ਮਰੀਜ਼ ਘਰੇਲੂ ਇਕਾਂਤਵਾਸ ਅਧੀਨ ਹਨ ਅਤੇ ਸਾਡੀਆਂ ਸਮਰਪਿਤ ਟੀਮਾਂ ਦੀ ਨਿਗਰਾਨੀ ਅਧੀਨ ਮਹਾਮਾਰੀ ਨਾਲ ਇਸ ਜੰਗ ’ਤੇ ਫ਼ਤਿਹ ਪਾਉਣ ਲਈ ਡਟੇ ਹੋਏ ਹਨ।
ਇਹ ਵੀ ਪੜ੍ਹੋ : ਉਮੀਦ ਦੀ ਖ਼ਬਰ: ਪੰਜਾਬ ’ਚ ਘਰੇੂਲ ਇਕਾਂਤਵਾਸ ਅਧੀਨ 1,80,461 ਮਰੀਜ਼ ਸਿਹਤਯਾਬ ਹੋਏ : ਸਿਹਤ ਮੰਤਰੀ
ਇੱਥੇ ਜਾਰੀ ਇਕ ਪ੍ਰੈੱਸ ਬਿਆਨ ਵਿਚ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਹਲਕੇ ਲੱਛਣ ਅਤੇ ਬਗੈਰ ਲੱਛਣਾਂ ਵਾਲੇ ਮਰੀਜ਼ਾਂ ਨੂੰ ਹਸਪਤਾਲਾਂ ਵਿਚ ਦਾਖਲ ਹੋਣ ਦੀ ਜ਼ਰੂਰਤ ਨਹੀਂ ਹੈ ਅਤੇ ਅਜਿਹੇ ਮਰੀਜ਼ ਟੈਸਟਿੰਗ ਸਮੇਂ ਸਿਰਫ਼ ਘਰੇਲੂ ਇਕਾਂਤਵਾਸ ਵਿਚ ਰਹਿਣ ਦਾ ਬਦਲ ਚੁਣਨ। ਉਨ੍ਹਾਂ ਕਿਹਾ ਕਿ ਹੁਣ ਤੱਕ 2,21,833 ਮਰੀਜ਼ਾਂ ਨੂੰ ਘਰੇਲੂ ਇਕਾਂਤਵਾਸ ’ਚ ਰਹਿਣ ਦੀ ਸਲਾਹ ਦਿੱਤੀ ਗਈ ਹੈ, ਜਿਨ੍ਹਾਂ ਵਿਚੋਂ 98 ਫੀਸਦੀ ਨੇ ਟੈਲੀਫੋਨ ’ਤੇ ਸਾਡੇ ਸਮਰਪਿਤ ਸਿਹਤ ਮਾਹਿਰਾਂ ਦੀ ਡਾਕਟਰੀ ਸਲਾਹ ਪ੍ਰਾਪਤ ਕਰਕੇ ਸਫ਼ਲਤਾਪੂਰਵਕ ਰਿਕਵਰ ਕੀਤਾ ਹੈ। ਹੁਣ ਤੱਕ ਸਿਰਫ਼ 2,331 ਮਰੀਜ਼ਾਂ ਨੂੰ ਹੀ ਸੰਸਥਾਗਤ ਨਿਗਰਾਨੀ ਲਈ ਰੈਫਰ ਕੀਤਾ ਗਿਆ ਹੈ। ਸਿਹਤ ਮੰਤਰੀ ਨੇ ਕਿਹਾ ਕਿ ਘਰੇਲੂ ਇਕਾਂਤਵਾਸ ਅਧੀਨ ਪਾਜ਼ੇਟਿਵ ਮਰੀਜ਼ਾਂ ਦੀ ਦੇਖਭਾਲ ਲਈ ਸਾਰੇ ਸ਼ਹਿਰਾਂ ਅਤੇ ਪਿੰਡਾਂ ਦੇ ਹਰੇਕ ਬਲਾਕ ਵਿਚ ਰੈਪਿਡ ਰਿਸਪਾਂਸ ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਜੇਕਰ ਮਰੀਜ਼ਾਂ ਦੀ ਹਾਲਤ ਵਿਗੜਦੀ ਹੈ ਅਤੇ ਗੰਭੀਰ ਲੱਛਣ ਸਾਹਮਣੇ ਆਉਂਦੇ ਹਨ ਤਾਂ ਮਰੀਜ਼ਾਂ ਨੂੰ ਤੁਰੰਤ ਸਿਹਤ ਕੇਂਦਰਾਂ ਵਿਚ ਤਬਦੀਲ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ : ਲੱਦਾਖ਼ ਦੇ ਸੀਆਂ ਚਿੰਨ੍ਹ ’ਚ ਗਲੇਸ਼ੀਅਰ ਦੇ ਤੋਦੇ ਡਿੱਗਣ ਕਾਰਨ ਪੰਜਾਬ ਦੇ 2 ਜਵਾਨ ਸ਼ਹੀਦ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ