21 ਸਾਲਾ ਬਾਅਦ ਹੋਈ ਇਨਸਾਫ ਦੀ ਜਿੱਤ
Friday, Jun 09, 2017 - 12:12 AM (IST)
ਜ਼ੀਰਾ(ਅਕਾਲੀਆਂ ਵਾਲਾ)-ਪਿੰਡ ਸੋਢੀਵਾਲਾ ਵਿਖੇ 10 ਕਨਾਲ ਜ਼ਮੀਨ ਦੇ ਚੱਲ ਰਹੇ ਝਗੜੇ ਦਾ ਆਖਿਰ 21 ਸਾਲ ਬਾਅਦ ਹੱਲ ਹੋ ਹੀ ਗਿਆ ਹੈ। ਮੁਦਈ ਪਰਿਵਾਰ ਨੂੰ ਮਾਣਯੋਗ ਪੰਜਾਬ ਹਰਿਆਣਾ ਹਾਈਕੋਰਟ ਦੇ ਹੁਕਮਾਂ ਨਾਲ ਪੁਲਸ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਦੀ ਹਾਜ਼ਰੀ 'ਚ ਜ਼ਮੀਨ ਦਾ ਕਬਜ਼ਾ ਵੀ ਮਿਲ ਗਿਆ। ਜਾਣਕਾਰੀ ਮੁਤਾਬਿਕ ਮੁਖਤਿਆਰ ਸਿੰਘ ਪੁੱਤਰ ਭੂਰਾ ਸਿੰਘ ਨਿਵਾਸੀ ਵਕੀਲਾਂ ਵਾਲਾ ਦੇ ਪਰਿਵਾਰਿਕ ਮੈਂਬਰਾਂ ਦਾ ਸੁਰਜੀਤ ਕੌਰ ਪਤਨੀ ਬਖਤੌਰ ਸਿੰਘ ਨਿਵਾਸੀ ਸੋਢੀਵਾਲਾ ਨਾਲ ਜ਼ਮੀਨੀ ਝਗੜਾ ਸੀ, ਜੋ ਹੇਠਲੀਆਂ ਅਦਾਲਤਾਂ 'ਚੋਂ ਮੁਖਤਿਆਰ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਹੱਕ 'ਚ ਹੁੰਦਾ ਹੋਇਆ ਮਾਣਯੋਗ ਪੰਜਾਬ ਹਰਿਆਣਾ ਹਾਈਕੋਰਟ 'ਚ ਪੁੱਜਾ ਸੀ। ਇਸ ਅਦਾਲਤ ਨੇ ਵੀ ਮੁਖਤਿਆਰ ਸਿੰਘ ਦੇ ਪਰਿਵਾਰਿਕ ਮੈਂਬਰਾਂ ਦੇ ਹੱਕ 'ਚ ਫੈਸਲਾ ਦੇ ਦਿੱਤਾ ਹੈ। ਅਦਾਲਤੀ ਫੈਸਲੇ ਉਪਰੰਤ ਸਤਪਾਲ ਸਿੰਘ ਪਟਵਾਰੀ, ਲਛਮਣ ਸਿੰਘ ਕਾਨੂੰਗੋ ਪੁਲਸ ਪਾਰਟੀ ਸਮੇਤ ਪੁੱਜੇ, ਜਿਨ੍ਹਾਂ ਨੇ ਮੁਖਤਿਆਰ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੂੰ ਜ਼ਮੀਨ ਦਾ ਕਬਜ਼ਾ ਦਿਵਾਇਆ। ਇਸ ਮੌਕੇ ਸੁਖਮੰਦਰ ਸਿੰਘ ਪੰਡੋਰੀ ਖੱਤਰੀਆਂ, ਰੇਸ਼ਮ ਸਿੰਘ, ਠਾਕੁਰ ਸਿੰਘ, ਸਤਪਾਲ ਸਿੰਘ, ਜਗਤਾਰ ਸਿੰਘ, ਰਾਜਵਿੰਦਰ ਸਿੰਘ, ਲਾਹੌਰਾ ਸਿੰਘ, ਗੁਰਜੰਟ ਸਿੰਘ, ਬਿੱਕਰ ਸਿੰਘ ਅਤੇ ਬੇਅੰਤ ਸਿੰਘ ਆਦਿ ਹਾਜ਼ਰ ਸਨ।
