ਹਾਈਕੋਰਟ ਦਾ ਹੁਕਮ, ਜਲੰਧਰ ਲੈਦਰ ਕੰਪਲੈਕਸ ਦੀਆਂ ਸਾਰੀਆਂ ਫੈਕਟਰੀਆਂ ਹੋਣਗੀਆਂ ਬੰਦ

10/31/2019 3:19:47 PM

ਜਲੰਧਰ— ਜਲੰਧਰ ਦੇ ਲੈਦਰ ਕੰਪਲੈਕਸ 'ਚ ਸਥਿਤ ਸਾਰੀਆਂ ਫੈਕਟਰੀਆਂ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ। ਬੈਂਚ ਨੇ ਸਾਫ ਕੀਤਾ ਕਿ ਇਹ ਹੁਕਮ ਅਗਲੇ ਹੁਕਮਾਂ ਤੱਕ ਜਾਰੀ ਰਹਿਣਗੇ। ਇਹ ਵੀ ਕਿਹਾ ਹੈ ਕਿ ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਜਲੰਧਰ ਹਾਈਕੋਰਟ ਦਾ ਹੁਕਮ ਲਾਗੂ ਕਰਵਾਉਣ ਲਈ ਨਿੱਜੀ ਤੌਰ 'ਤੇ ਜਵਾਬਦੇਹ ਹੋਣਗੇ ਅਤੇ ਨਾਲ ਹੀ ਪੁਲਸ ਕਮਿਸ਼ਨਰ ਜਲੰਧਰ ਇਸ ਹੁਕਮ ਦੀ ਪਾਲਣਾ ਕਰਵਾਉਣ ਲਈ ਪ੍ਰਸ਼ਾਸਨ ਨੂੰ ਹਰ ਸੰਭਵ ਮਦਦ ਕਰੇਗਾ। ਹਾਈਕੋਰਟ ਨੇ ਵਾਤਾਵਰਣ ਸੁਰੱਖਿਆ ਐਕਟ 1974, ਜਲ ਪ੍ਰਦੂਸ਼ਣ ਰੋਕੂ ਐਕਟ, 1974 ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਕਾਰਨ ਇਹ ਆਦੇਸ਼ ਦਿੱਤਾ ਹੈ। ਬੈਂਚ ਨੇ ਕਿਹਾ ਕਿ ਜਲੰਧਰ ਦਾ ਕੋਈ ਵੀ ਚਮੜਾ ਰੰਗਾਈ ਯੂਨਿਟ ਅਤੇ ਟਰੀਟਮੈਂਟ ਪਲਾਂਟ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਹਨ, ਜਿਸ ਦੇ ਕਾਰਨ ਕਾਲਾ ਸੰਘਿਆਂ ਨਾਮੀ ਨਾਲੇ ਦਾ ਪਾਣੀ ਪ੍ਰਦੂਸ਼ਿਤ ਹੋ ਰਿਹਾ ਹੈ। 

ਉਕਤ ਹਦਾਇਤਾਂ ਪੰਜਾਬ ਐਫਲੂਐਂਟ ਟਰੀਟਮੈਂਟ ਸੁਸਾਇਟੀ ਵੱਲੋਂ ਪੰਜਾਬ ਲੈਦਰ ਫੈੱਡਰੇਸ਼ਨ ਵਿਰੁੱਧ ਅਤੇ ਹੋਰਾਂ ਖਿਲਾਫ ਦਾਖਲ ਅਪੀਲ 'ਤੇ ਜਾਰੀ ਕੀਤੀਆਂ ਗਈਆਂ ਹਨ। ਲੈਦਰ ਫੈੱਡਰੇਸ਼ਨ ਦੇ ਮੈਂਬਰਾਂ ਨੇ ਇਥੇ ਸਥਿਤ ਟੇਨਰੀਜ਼ 'ਤੇ ਪ੍ਰਦੂਸ਼ਣ ਕੰਟਰੋਲ ਦੇ ਨਿਯਮਾਂ ਦੀ ਅਣਦੇਖੀ ਕਰਨ ਦੇ ਦੋਸ਼ ਲਗਾਏ ਗਏ ਸਨ। ਇਸ 'ਚ ਕਿਹਾ ਗਿਆ ਸੀ ਕਿ ਲੈਦਰ ਕੰਪਲੈਕਸ 'ਚ ਚੱਲ ਰਹੀਆਂ ਫੈਕਟਰੀਆਂ ਤੋਂ ਕਾਲਾ ਸੰਘਿਆਂ ਡਰੇਨ 'ਚ ਪ੍ਰਦੂਸ਼ਣ ਲਗਾਤਾਰ ਵੱਧ ਰਿਹਾ ਹੈ। ਹੁਕਮਾਂ 'ਚ ਕਿਹਾ ਗਿਆ ਹੈ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੁੱਖ ਵਾਤਾਵਰਣ ਇੰਜੀਨੀਅਰ ਜੀ.ਐੱਸ. ਮਜੀਠੀਆ ਨੇ ਮੰਨਿਆ ਹੈ ਕਿ ਲੈਦਰ ਫੈਕਟਰੀਆਂ ਪ੍ਰਦੂਸ਼ਣ ਕੰਟਰੋਲ ਦੇ ਨਿਯਮਾਂ ਦਾ ਪਾਲਣ ਨਹੀਂ ਕਰ ਰਹੀ। ਇਸ ਦੇ ਇਲਾਵਾ ਕਾਮਨ ਇਫਲੂਐਟ ਟ੍ਰੀਟਮੈਂਟ ਪਲਾਂਟ ਵੀ ਨਿਯਮਾਂ ਦੇ ਤਹਿਤ ਕੰਮ ਨਹੀਂ ਕਰ ਰਿਹਾ ਹੈ। 


shivani attri

Content Editor

Related News