ਖੇਤੀ ਬਿੱਲਾਂ ਖਿਲਾਫ ਜਲਦੀ ਮਤਾ ਪਾਸ ਕਰੇ ਪੰਜਾਬ ਸਰਕਾਰ : ‘ਆਪ’
Wednesday, Sep 30, 2020 - 09:14 PM (IST)
ਚੰਡੀਗੜ੍ਹ, (ਰਮਨਜੀਤ)- ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਆਗੂ ਅਤੇ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮੰਤਰੀ ਪੰਜਾਬ ਵਲੋਂ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਏ ਜਾਣ ਦੇ ਬਿਆਨ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਜੋ ਸੰਕਟ ਦੀ ਘੜੀ ਪੰਜਾਬ ਦੇ ਕਿਸਾਨਾਂ ਅਤੇ ਲੋਕਾਂ ’ਤੇ ਮੜ੍ਹੀ ਗਈ ਹੈ, ਉਸ ਨਾਲ ਜੱਗ ਜ਼ਾਹਿਰ ਹੋ ਗਿਆ ਹੈ ਕਿ ਕਾਰਪੋਰੇਟ ਘਰਾਣੇ ਪੰਜਾਬ ਦੀਆਂ ਜ਼ਮੀਨਾਂ ’ਤੇ ਕਬਜ਼ਾ ਕਰਨਾ ਚਾਹੁੰਦੇ ਹਨ।
ਸੰਧਵਾਂ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਥੋਪੇ ਗਏ ਕਿਸਾਨ ਵਿਰੋਧੀ ਘਾਤਕ ਬਿੱਲ ਸੰਘੀ ਢਾਂਚੇ ਦੀ ਉਲੰਘਣਾ ਹੈ। ਜੇਕਰ ਪੰਜਾਬ ਸਰਕਾਰ ਨੂੰ ਕਿਸਾਨਾਂ ਪ੍ਰਤੀ ਦਿਲੋਂ ਹਮਦਰਦੀ ਹੈ ਤਾਂ ਉਹ ਆਗਾਮੀ ਵਿਸ਼ੇਸ਼ ਸੈਸ਼ਨ ਤੁਰੰਤ ਬੁਲਾਉਣ ਅਤੇ ਮੋਦੀ ਸਰਕਾਰ ਵਲੋਂ ਲੋਕਾਂ ’ਤੇ ਜ਼ਬਰਦਸਤੀ ਥੋਪੇ ਗਏ ਕਿਸਾਨ ਵਿਰੋਧੀ ਖੇਤੀ ਬਿੱਲਾਂ ਬਾਰੇ ਬਾਕੀ ਸੂਬਿਆਂ ਜਿਵੇਂ ਹਿਮਾਚਲ ਪ੍ਰਦੇਸ਼, ਝਾਰਖੰਡ ਆਦਿ ਦੀ ਤਰਜ਼ ’ਤੇ ਮਤਾ ਪਾਸ ਕਰ ਕੇ ਪੰਜਾਬ ਤੋਂ ਬਾਹਰੀ ਵਿਅਕਤੀ ਜਾਂ ਕੰਪਨੀ ਵਲੋਂ ਜ਼ਮੀਨ ਖ਼ਰੀਦਣ ’ਤੇ ਪੂਰਨ ਤੌਰ ’ਤੇ ਪਾਬੰਦੀ ਲਾਵੇ। ਇਹ ਮਤਾ ਵੀ ਪਾਸ ਕੀਤਾ ਜਾਵੇ ਕਿ ਬਾਹਰੀ ਕੰਪਨੀ ਜੇਕਰ ਉਦਯੋਗਿਕ ਇਕਾਈ ਲਗਾਉਂਦੀ ਹੈ ਤਾਂ ਪਹਿਲਾਂ ਪੰਜਾਬ ਸਰਕਾਰ ਕੋਲੋਂ ਪ੍ਰਵਾਨਗੀ ਲਵੇ। ਕਾਰਪੋਰੇਟ ਘਰਾਣਿਆਂ ਤੋਂ ਪਹਿਲਾਂ ਖਰੀਦੀਆਂ ਗਈਆਂ ਜ਼ਮੀਨਾਂ ’ਤੇ ਵੀ ਨਜ਼ਰਸਾਨੀ ਕਰਨ ਲਈ ਮਤਾ ਪਾਸ ਕੀਤਾ ਜਾਵੇ। ਪੰਜਾਬ ਸਰਕਾਰ ਵਲੋਂ ਵਿਸ਼ੇਸ ਇਜਲਾਸ ਦੌਰਾਨ ਇਹ ਵੀ ਮਤਾ ਪਾਸ ਕਰਨਾ ਚਾਹੀਦਾ ਹੈ ਕਿ ਜੇਕਰ ਕੋਈ ਵਿਅਕਤੀ ਜਾਂ ਕੰਪਨੀ ਘੱਟੋ-ਘੱਟ ਸਮਰਥਨ ਮੁੱਲ ਤੋਂ ਘੱਟ ਰੇਟ ’ਤੇ ਜਿਨਸ ਖ਼ਰੀਦਦੀ ਹੈ ਤਾਂ ਉਸ ਖਿਲਾਫ ਫ਼ੌਜਦਾਰੀ ਮੁਕੱਦਮਾ ਦਰਜ ਕੀਤਾ ਜਾਵੇਗਾ।