ਪੰਜਾਬ ਸਰਕਾਰ ਨੇ ਪਨਸਪ ਦੇ ਵਾਈਸ ਚੇਅਰਮੈਨ ਬੁੱਧੂ ਨੂੰ ਅਹੁਦੇ ਤੋਂ ਹਟਾਇਆ
Wednesday, Aug 04, 2021 - 09:40 PM (IST)
ਪਟਿਆਲਾ(ਰਾਜੇਸ਼ ਪੰਜੌਲਾ)- ਪਿਛਲੇ ਕਈ ਦਿਨਾਂ ਤੋਂ ਕਾਂਗਰਸ ਸਰਕਾਰ, ਐੱਮ. ਪੀ. ਮਹਾਰਾਣੀ ਪ੍ਰਲੀਤ ਕੌਰ ਤੇ ਪਟਿਆਲਾ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ’ਤੇ ਦੋਸ਼ ਲਾਉਣ ਵਾਲੇ ਪਨਸਪ ਦੇ ਵਾਈਸ ਚੇਅਰਮੇਨ ਕ੍ਰਿਸ਼ਨ ਚੰਦ ਬੁੱਧੂ ਨੂੰ ਪੰਜਾਬ ਸਰਕਾਰ ਨੇ ਅਹੁਦੇ ਤੋਂ ਹਟਾ ਦਿੱਤਾ ਹੈ। ਇਸ ਸਬੰਧੀ ਫੂਡ ਐਂਡ ਸਿਵਲ ਸਪਲਾਈ ਵਿਭਾਗ ਦੇ ਪ੍ਰਿੰਸੀਪਲ ਸੈਕਟਰੀ ਰਾਹੁਲ ਤਿਵਾਡ਼ੀ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਬੁੱਧੂ ਨੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੇ ਸ਼ਹਿਰ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ’ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਾਏ ਸੀ। ਇਸ ਸਬੰਧੀ ਸੋਸ਼ਲ ਮੀਡੀਆ ’ਤੇ ਪੱਤਰ ਜਾਰੀ ਕੀਤੇ ਸੀ। ਬੁੱਧੂ ਦੇ ਬਿਆਨਾਂ ਤੋਂ ਬਾਅਦ ਪਟਿਆਲਾ ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਕੇ. ਕੇ. ਮਲਹੋਤਰਾ ਦੀ ਅਗਵਾਈ ਹੇਠ ਸ਼ਹਿਰ ਦੇ ਸਾਰੇ ਕਾਂਗਰਸੀਆਂ ਨੇ ਬੁੱਧੂ ’ਤੇ ਪਲਟਵਾਰ ਕਰਦੇ ਹੋਏ ਉਸ ਖਿਲਾਫ ਕਾਰਵਾਈ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਸਰਕਾਰ ਨੇ ਉਸ ਤੋਂ ਵਾਈਸ ਚੇਅਰਮੈਨ ਦਾ ਅਹੁਦਾ ਖੋਹ ਲਿਆ ਹੈ।
ਇਹ ਵੀ ਪੜ੍ਹੋ- ਪਿੰਡ ‘ਹਥਨ’ ਦੇ ਨੌਜਵਾਨ ਨੇ ਕਥਿਤ ਪ੍ਰੇਮਿਕਾ ਦੇ ਘਰ ਕੀਤੀ ਖੁਦਕੁਸ਼ੀ
ਇਸ ਸਬੰਧੀ ਗੱਲਬਾਤ ਕੀਤੇ ਜਾਣ ’ਤੇ ਬੁੱਧੂ ਨੇ ਕਿਹਾ ਕਿ ਉਸ ਨੂੰ ਅਹੁਦੇ ਦਾ ਕਦੇ ਵੀ ਲਾਲਚ ਨਹੀਂ, ਉਹ 56 ਸਾਲ ਤੋਂ ਕਾਂਗਰਸੀ ਹਨ ਅਤੇ ਰਹਿਣਗੇ। ਪਨਸਪ ਦੀ ਵਾਈਸ ਚੇਅਰਮੈਨੀ ਜਾਣ ਨਾਲ ਉਨ੍ਹਾਂ ਨੂੰ ਖੁਸ਼ੀ ਹੋਈ ਹੈ। ਹੁਣ ਉਹ ਖੁੱਲ੍ਹ ਕੇ ਪਟਿਆਲਾ ’ਚ ਹੋ ਰਹੇ ਘਪਲਿਆਂ ਬਾਰੇ ਲੋਕਾਂ ਨੂੰ ਜਾਗਰੁੂਕ ਕਰਨਗੇ। ਬੁੱਧੂ ਨੇ ਕਿਹਾ ਕਿ ਚੰਗਾ ਹੁੰਦਾ ਜੇਕਰ ਸਰਕਾਰ ਮੇਰੇ ਨਾਲ ਹੀ ਮੇਅਰ ਸੰਜੀਵ ਬਿੱਟੂ ਨੂੰ ਅਹੁਦੇ ਤੋਂ ਹਟਾ ਦਿੰਦੀ ਹੈ। ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਮੇਅਰ ਬਿੱਟੂ ’ਤੇ ਹਨ ਅਤੇ ਹਟਾਇਆ ਉਸ ਨੂੰ ਗਿਆ ਹੈ, ਇਹ ਗੱਲ ਸਮਝ ਤੋਂ ਪਰੇ ਹੈ।