ਡੀਜ਼ਲ ਦੀਆਂ ਨਾਮਾਤਰ ਕੀਮਤਾਂ ਘਟਾਉਣਾ ਪੰਜਾਬ ਸਰਕਾਰ ਦਾ ਕਿਸਾਨ ਵਿਰੋਧੀ ਫ਼ੈਸਲਾ: ਬਿਕਰਮ ਮਜੀਠਿਆ
Monday, Nov 08, 2021 - 02:48 PM (IST)
ਚੰਡੀਗੜ੍ਹ (ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸਰਕਾਰ ਦੀ ਨਿੰਦਾ ਕਰਦਿਆਂ ਕਿਹਾ ਕਿ ਡੀਜ਼ਲ ਦੀਆਂ ਕੀਮਤਾਂ ’ਚ ਨਾਮਾਤਰ ਪੰਜ ਰੁਪਏ ਪ੍ਰਤੀ ਲਿਟਰ ਦੀ ਕਮੀ ਕਰਨ ਦਾ ਫ਼ੈਸਲਾ ਚੰਨੀ ਸਰਕਾਰ ਦੀ ‘ਕਿਸਾਨ, ਉਦਯੋਗਪਤੀ ਅਤੇ ਟ੍ਰਾਂਸਪੋਰਟ ਵਿਰੋਧੀ’ ਸੋਚ ਨੂੰ ਦਿਖਾਉਂਦਾ ਹੈ। ਪਾਰਟੀ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਨਿੰਦਾ ਕਰਦਿਆਂ ਕਿਹਾ ਕਿ ਉਨ੍ਹਾਂ ਗ਼ਰੀਬ ਅਤੇ ਮੱਧਮ ਵਰਗ ਦੇ ਖਪਤਕਾਰਾਂ ਪ੍ਰਤੀ ਆਪਣੀ ‘ਅਸੰਵੇਦਨਸ਼ੀਲਤਾ’ ਦਿਖਾਈ ਹੈ। ਅਕਾਲੀ ਦਲ ਦੇ ਭਾਰੀ ਵਿਰੋਧ ਨੂੰ ਵੇਖਣ ਤੋਂ ਬਾਅਦ ਕਾਂਗਰਸ ਸਰਕਾਰ ਨੂੰ ਇਸ ਕਟੌਤੀ ਦਾ ਐਲਾਨ ਕਰਨ ’ਤੇ ਮਜ਼ਬੂਰ ਹੋਣਾ ਪਿਆ ਪਰ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿਚ ਨਾਮਾਤਰ ਕਮੀ ਕਾਰਨ ਪੰਜਾਬ ’ਚ ਅਜੇ ਵੀ ਚੰਡੀਗੜ੍ਹ, ਹਿਮਾਚਲ ਅਤੇ ਜੰਮੂ ਸੂਬਿਆਂ ਦੇ ਮੁਕਾਬਲੇ ’ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵੱਧ ਹਨ।
ਇਹ ਵੀ ਪੜ੍ਹੋ: ਭਗਵੰਤ ਮਾਨ ਦਾ ਖ਼ੁਲਾਸਾ, ਦੱਸਿਆ ਕਿਉਂ ਦਿੱਲੀ ਹਵਾਈ ਅੱਡੇ ਨਹੀਂ ਜਾਂਦੀਆਂ ਪੰਜਾਬ ਸਰਕਾਰ ਦੀਆਂ ਬੱਸਾਂ (ਵੀਡੀਓ)
ਇਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਇਕ ਝੂਠ ਦੇ ਆਧਾਰ ’ਤੇ ਆਪਣੀ ਪਿੱਠ ਥਾਪੜ ਰਹੇ ਹਨ ਕਿ ਪੰਜਾਬ ’ਚ ਡੀਜ਼ਲ ਅਤੇ ਪੈਟਰੋਲ ਦੀ ਕੀਮਤਾਂ ਦੇਸ਼ ’ਚ ਸਭ ਤੋਂ ਘੱਟ ਹਨ। ਉਨ੍ਹਾਂ ਕਿਹਾ ਕਿ ਪੰਜਾਬ ’ਚ ਡੀਜ਼ਲ ਦੀ ਕੀਮਤ 84. 80 ਰੁਪਏ ਹੋਵੇਗੀ ਜਦੋਂ ਕਿ ਹਿਮਾਚਲ ਪ੍ਰਦੇਸ਼ ਵਿਚ 78.75 ਰੁਪਏ, ਚੰਡੀਗੜ੍ਹ ’ਚ 80. 89 ਰੁਪਏ ਅਤੇ ਜੰਮੂ ’ਚ ਲੜੀਵਾਰ 80.31 ਰੁਪਏ ਹੈ।
ਮਜੀਠੀਆ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਪਿਛਲੇ ਸਾਢੇ ਚਾਰ ਸਾਲਾਂ ’ਚ ਇਕੱਲੇ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ’ਤੇ ਵੈਟ ਲਗਾ ਕੇ ਲਗਭਗ 40 ਹਜ਼ਾਰ ਕਰੋੜ ਰੁਪਏ ਦਾ ਜਨਤਾ ’ਤੇ ਬੋਝ ਪਾਇਆ ਪਰ ਜਦੋਂ ਉਹ ਕੀਮਤਾਂ ਨੂੰ ਘੱਟ ਕਰਨ ਲਈ ਅਕਾਲੀ ਦਲ ਦੇ ਅੱਗੇ ਝੁਕੀ ਉਦੋਂ ਵੀ ਕੰਜੂਸੀ ਨਾਲ ਹੀ ਕੰਮ ਕੀਤਾ। ਮਜੀਠੀਆ ਨੇ ਕਿਹਾ ਕਿ ਵਿਰੋਧੀ ਧਿਰ ਦੇ ਦਬਾਅ ਦੇ ਬਾਵਜੂਦ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ’ਚ ਨਾਮਾਤਰ ਕਮੀ ਕਰਨ ਨਾਲ ਕਾਂਗਰਸ ਸਰਕਾਰ ਦੀ ਕਿਸਾਨ, ਉਦਯੋਗਪਤੀ ਅਤੇ ਟ੍ਰਾਂਸਪੋਰਟ ਵਿਰੋਧੀ ਸੋਚ ਦਾ ਪਤਾ ਚਲਦਾ ਹੈ।
ਨੋਟ: ਕੀ ਤੁਸੀਂ ਬਿਕਰਮ ਮਜੀਠਿਆ ਦੇ ਇਸ ਬਿਆਨ ਨਾਲ ਸਹਿਮਤ ਹੋ ਜਾਂ ਨਹੀਂ? ਕੁਮੈਂਟ ਕਰਕੇ ਦਿਓ ਆਪਣੀ ਰਾਏ