ਪੰਜਾਬ ਸਰਕਾਰ ਨੇ ETT ਅਧਿਆਪਕਾਂ ਦੇ ਭਵਿੱਖ ਨਾਲ ਕੀਤਾ ਖਿਲਵਾੜ : ਅਸ਼ਵਨੀ ਸ਼ਰਮਾ
Thursday, Dec 16, 2021 - 01:57 AM (IST)
ਜਲੰਧਰ(ਰਾਹੁਲ)- ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ 180 ਈ. ਟੀ. ਟੀ. ਅਧਿਆਪਕਾਂ ਨੂੰ ਮਿਲਣ ਲਈ ਧਰਨੇ ਵਾਲੀ ਥਾਂ ’ਤੇ ਪਹੁੰਚੇ, ਜੋ ਕਿ ਕਾਂਗਰਸ ਸਰਕਾਰ ਦੀ ਧੱਕੇਸ਼ਾਹੀਆਂ ਦੇ ਵਿਰੋਧ ’ਚ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਦੀ ਰਿਹਾਇਸ਼ ਦੇ ਬਾਹਰ ਧਰਨੇ ’ਤੇ ਬੈਠੇ ਹਨ। ਉਨ੍ਹਾਂ ਪੁੱਛਿਆ ਕਿ ਨਵਾਂ ਰੋਜ਼ਗਾਰ ਦੇਣਾ ਤਾਂ ਦੂਰ ਅਧਿਆਪਕਾਂ ਦੀ ਤਨਖਾਹ 44000 ਤੋਂ ਘਟਾ ਕੇ 25000 ਕੀਤੀ ਜਾ ਰਹੀ ਹੈ, ਤਨਖਾਹਾਂ ਘਟਾ ਕੇ ਸਰਕਾਰ ਵੱਲੋਂ ਬਚਾਏ 32 ਲੱਖ ਕਿਸ ਖਜ਼ਾਨੇ ਨੂੰ ਭਰਨ ਲਈ ਵਰਤੇ ਜਾ ਰਹੇ ਹਨ? ਸਿੱਖਿਆ ਦੇ ਸਭ ਤੋਂ ਵੱਡੇ ਥੰਮ੍ਹ ਅਧਿਆਪਕਾਂ ਦੇ ਭਵਿੱਖ ਨਾਲ ਖੇਡਣਾ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਭਾਜਪਾ ਦੀ ਸਰਕਾਰ ਆਉਣ ਤੋਂ ਬਾਅਦ ਇਨ੍ਹਾਂ ਸਾਰਿਆਂ ਨੂੰ ਰੈਗੂਲਰ ਕਰਨ ਨੂੰ ਪਹਿਲ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਪੰਜਾਬ ਨੇ ਵੀ ਆਪਣੇ ਵਿਭਾਗ ਦੀ ਇਸ ਅਣਗਹਿਲੀ ਨੂੰ ਸਵੀਕਾਰ ਕੀਤਾ ਹੈ। ਇਸ ਬੇਇਨਸਾਫ਼ੀ ਵਿਰੁੱਧ ਭਾਜਪਾ ਅਧਿਆਪਕਾਂ ਨਾਲ ਖੜ੍ਹੀ ਹੈ। ਹੁਣ ਪੰਜਾਬ ਦੀ ਕਾਂਗਰਸ ਸਰਕਾਰ ਦੀ ਸੱਤਾ ਕੁਝ ਦਿਨਾਂ ਦੀ ਮਹਿਮਾਨ ਹੈ, ਇਸ ਲਈ ਅੱਜ ਉਨ੍ਹਾਂ ਨੂੰ ਸਹੀ-ਗ਼ਲਤ ਦਾ ਫ਼ਰਕ ਨਜ਼ਰ ਨਹੀਂ ਆ ਰਿਹਾ। ਇਸ ਮੌਕੇ ਸਾਬਕਾ ਸੂਬਾ ਪ੍ਰਧਾਨ ਮਨੋਰੰਜਨ ਕਾਲੀਆ, ਜ਼ਿਲਾ ਜਲੰਧਰ ਭਾਜਪਾ ਦੇ ਪ੍ਰਧਾਨ ਸੁਸ਼ੀਲ ਸ਼ਰਮਾ, ਸਾਬਕਾ ਸੀ. ਪੀ. ਸੀ. ਦੇ ਭੰਡਾਰੀ, ਸੂਬਾ ਬੁਲਾਰੇ ਮਹਿੰਦਰ ਭਗਤ, ਸਾਬਕਾ ਮੇਅਰ ਸੁਨੀਲ ਜੋਤੀ, ਰਮਨ ਪੱਬੀ, ਸੁਭਾਸ਼ ਸੂਦ, ਰਮੇਸ਼ ਸ਼ਰਮਾ, ਭਗਵੰਤ ਪ੍ਰਭਾਕਰ, ਰਾਜੀਵ ਢੀਂਗਰਾ, ਨਵਲ ਕੰਬੋਜ ਆਦਿ ਹਾਜ਼ਰ ਸਨ।