ਪੰਜਾਬ ਸਰਕਾਰ ਵੱਲੋਂ ਮੋਬਾਈਲ ਫੋਨਾਂ ਦੀ ਸਫਾਈ ਤੇ ਸੰਭਾਲ ਸਬੰਧੀ ਐਡਵਾਇਜ਼ਰੀ ਜਾਰੀ
Friday, May 22, 2020 - 09:58 PM (IST)
ਫਾਜ਼ਿਲਕਾ, (ਨਾਗਪਾਲ)— ਪੰਜਾਬ ਸਰਕਾਰ ਵੱਲੋਂ ਕੋਵਿਡ-19 ਦੇ ਤਹਿਤ ਲੋਕਾਂ ਦੀ ਸੁਰੱਖਿਆ ਲਈ ਮੋਬਾਈਲ ਫੋਨਾਂ ਦੀ ਸਫਾਈ ਅਤੇ ਸੰਭਾਲ ਸਬੰਧੀ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਚੰਦਰ ਮੋਹਨ ਕਟਾਰੀਆ ਨੇ ਦੱਸਿਆ ਕਿ ਕੋਰੋਨਾ ਵਾਇਰਸ ਜ਼ਿਆਦਾਤਰ ਛਿੱਕ ਤੇ ਖੰਘ ਸਮੇਂ ਥੁੱਕ ਦੇ ਕਣਾਂ ਰਾਹੀਂ ਸਾਹ ਜ਼ਰੀਏ ਅੰਦਰ ਜਾਣ ਨਾਲ, ਪੀੜਤ ਵਿਅਕਤੀ ਦੇ ਸੰਪਰਕ 'ਚ ਆਉਣ ਨਾਲ ਅਤੇ ਸੰਕ੍ਰਮਿਤ ਚੀਜ਼ਾਂ ਵਸਤੂਆਂ ਨੂੰ ਛੂਹਣ ਨਾਲ ਫੈਲਦੀ ਹੈ। ਇਹ ਵਾਇਰਸ ਵੱਖ-ਵੱਖ ਚੀਜ਼ਾਂ ਦੀ ਸਤਹਿ ਉੱਪਰ ਵੱਖ-ਵੱਖ ਸਮੇਂ ਤਕ ਜੀਵਿਤ ਰਹਿੰਦਾ ਹੈ, ਪਰ ਕੈਮੀਕਲ ਡਿਸਇਨਫੈਕਟੈਂਟ ਨਾਲ ਇਹ ਆਸਾਨੀ ਨਾਲ ਖ਼ਤਮ ਹੋ ਜਾਂਦਾ ਹੈ। ਇਸ ਲਈ ਜੇਕਰ ਸਹੀ ਅਤੇ ਸਮੇਂ ਸਿਰ ਜਾਣਕਾਰੀ ਹੋਵੇ ਤਾਂ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਰੋਕਿਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਮੋਬਾਈਲ ਫੋਨ ਦੇ ਨਾਲ ਨਾਲ ਰਿਸੈਪਸ਼ਨ ਕਾਊਂਟਰ, ਮੇਜ਼ ਦੀ ਉੱਪਰਲੀ ਸਤਹਿ, ਦਰਵਾਜ਼ੇ ਦੇ ਹੈਂਡਲ, ਟਾਇਲਟ, ਕੀ-ਬੋਰਡ, ਮਾਊਸ, ਟੈਬਲੈਟਸ ਅਤੇ ਮੇਜ਼ ਸਭ ਤੋਂ ਵੱਧ ਛੂਹਣ ਵਾਲੀਆਂ ਵਸਤਾਂ ਹਨ। ਉਨਾਂ ਦੱਸਿਆ ਕਿ ਸਰਕਾਰ ਵੱਲੋਂ ਇਸ ਮਹਾਂਮਾਰੀ ਦੇ ਸੰਕ੍ਰਮਣ ਨੂੰ ਰੋਕਣ ਲਈ ਕੰਮ ਵਾਲੇ ਸਥਾਨਾਂ, ਦਫ਼ਤਰਾਂ ਦੀ ਸਫ਼ਾਈ ਅਤੇ ਚਿਹਰਾ ਮੂੰਹ ਨਾ ਛੂਹਣ ਸਬੰਧੀ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੋਬਾਈਲ ਫੋਨ ਵਾਇਰਸ ਦੇ ਫ਼ੈਲਾਅ ਦਾ ਸੰਭਾਵੀਂ ਕਾਰਨ ਹੋ ਸਕਦਾ ਹੈ ਜੋ ਸਿੱਧੇ ਹੀ ਵਰਤੋਂ ਕਰਨ ਵਾਲੇ ਵਿਅਕਤੀ ਦੇ ਮੂੰਹ ਦੇ ਸੰਪਰਕ 'ਚ ਆਉਂਦਾ ਹੈ, ਭਾਵੇਂ ਹੱਥ ਨਿਯਮਿਤ ਤਰੀਕੇ ਨਾਲ ਧੋਤੇ ਅਤੇ ਸਾਫ ਕੀਤੇ ਹੋਣ ਪਰ ਇਹ ਸੰਕ੍ਰਮਣ ਦਾ ਇਕ ਸੰਭਾਵਿਤ ਸਰੋਤ ਹੋ ਸਕਦਾ ਹੈ।
ਮੋਬਾਈਲ ਫੋਨ ਦੀ ਸਫਾਈ ਤੋਂ ਪਹਿਲਾਂ ਫੋਨ ਨੂੰ ਬੰਦ ਕੀਤਾ ਜਾਵੇ ਅਤੇ ਜੇਕਰ ਇਸ ਨਾਲ ਕੋਈ ਕਵਰ, ਸਾਮਾਨ ਅਤੇ ਤਾਰਾਂ ਹਨ ਤਾਂ ਉਨ੍ਹਾਂ ਨੂੰ ਉਤਾਰ ਦਿੱਤਾ ਜਾਵੇ, ਮੋਬਾਇਲ ਫੋਨ ਸਾਫ਼ ਕਰਨ ਲਈ ਇੱਕ ਨਰਮ, ਬਿਨ੍ਹਾਂ ਬੁਰ ਤੋਂ, ਵਾਟਰ ਪਰੂਫ ਵਾਈਪ ਦੀ ਵਰਤੋਂ ਕੀਤੀ ਜਾਵੇ।