ਪਾਵਰਕਾਮ ਨੂੰ ਸਬਸਿਡੀ ਦੇ 2475.39 ਕਰੋੜ ਰੁਪਏ ਦੀ ਦੇਣਦਾਰ ਹੈ ਪੰਜਾਬ ਸਰਕਾਰ

06/24/2019 7:31:10 PM

ਚੰਡੀਗਡ਼੍ਹ/ਪਟਿਆਲਾ(ਪਰਮੀਤ)-ਆਰਥਕ ਸੰਕਟ ਦਾ ਸਾਹਮਣਾ ਕਰ ਰਹੀ ਪੰਜਾਬ ਸਰਕਾਰ ਚਾਲੂ ਵਿੱਤ ਵਰ੍ਹੇ 2019-20 ਦੇ ਪਹਿਲੇ 3 ਮਹੀਨਿਆਂ ਦੌਰਾਨ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੂੰ ਸਬਸਿਡੀ ਦੀ ਪੂਰੀ ਅਦਾਇਗੀ ਨਹੀਂ ਕਰ ਸਕੀ। ਪਾਵਰਕਾਮ ਦੇ 2475.39 ਕਰੋਡ਼ ਰੁਪਏ ਇਸ ਵੱਲ ਬਕਾਇਆ ਖੜ੍ਹੇ ਹਨ। ਪੰਜਾਬ ਸਰਕਾਰ ਨੇ ਪਾਵਰਕਾਮ ਨੂੰ 15 ਜੂਨ 2019 ਤੱਕ ਯਾਨੀ ਢਾਈ ਮਹੀਨਿਆਂ ਵਿਚ 3035.74 ਕਰੋੜ ਰੁਪਏ ਅਦਾ ਕਰਨੇ ਸਨ। ਇਸ ਦੇ ਮੁਕਾਬਲੇ ਸਰਕਾਰ ਸਿਰਫ 519.30 ਕਰੋੜ ਰੁਪਏ ਹੀ ਅਦਾ ਕਰ ਸਕੀ। ਇਸ 519.30 ਕਰੋੜ ਰੁਪਏ ਵਿਚੋਂ ਸਰਕਾਰ ਨੇ ਖੇਤੀਬਾੜੀ ਖੇਤਰ ਦੀ ਸਬਸਿਡੀ ਦੇ 200 ਕਰੋੜ ਰੁਪਏ ਅਤੇ ਘਰੇਲੂ ਖੇਤਰ ਦੇ 319.30 ਕਰੋੜ ਰੁਪਏ ਦਿੱਤੇ ਹਨ। ਉਦਯੋਗਾਂ ਨੂੰ ਮਿਲਦੀ ਸਬਸਿਡੀ ਦਾ ਕੋਈ ਪੈਸਾ ਸਰਕਾਰ ਨਹੀਂ ਦੇ ਸਕੀ। 519.30 ਕਰੋੜ ਰੁਪਏ 5 ਕਿਸ਼ਤਾਂ ਵਿਚ ਜਾਰੀ ਕੀਤੇ ਗਏ ਹਨ।

ਚਾਲੂ ਵਿੱਤ ਵਰ੍ਹੇ ਦੌਰਾਨ ਸਰਕਾਰ ਨੇ ਪਾਵਰਕਾਮ ਨੂੰ ਕੁੱਲ 14972.09 ਕਰੋੜ ਰੁਪਏ ਅਦਾ ਕਰਨੇ ਹਨ। ਇਸ ਵਿਚੋਂ ਆਈ. ਡੀ. ਐੈੱਫ. ਅਤੇ ਈ. ਡੀ. ਦੇ ਚਾਰਜਿਜ਼ ਪਾਵਰਕਾਮ ਵੱਲੋਂ ਇਕੱਤਰ ਕੀਤੇ ਜਾਂਦੇ ਹਨ। 15 ਜੂਨ ਤੱਕ ਇਨ੍ਹਾਂ ਦੋਵਾਂ ਦੀ ਰਾਸ਼ੀ 560.35 ਕਰੋੜ ਰੁਪਏ ਦੀ ਬਣਦੀ ਹੈ। ਇਸ ਤਰ੍ਹਾਂ ਇਸ ਰਾਸ਼ੀ ਨੂੰ ਕੁੱਲ ਬਕਾਇਆ ਰਾਸ਼ੀ ’ਚੋਂ ਕੱਢਣ ਮਗਰੋਂ ਪੰਜਾਬ ਸਰਕਾਰ ਸਿਰ 2475.39 ਕਰੋੜ ਰੁਪਏ 15 ਜੂਨ ਤੱਕ ਬਕਾਇਆ ਖੜ੍ਹੇ ਹਨ।

 


Arun chopra

Content Editor

Related News