ਨਾਮੀ ਖਿਡਾਰੀਆਂ ਨੂੰ ਸਰਕਾਰੀ ਨੌਕਰੀ ਤੇ ਨਗਦ ਇਨਾਮ ਦੇਣ ਲਈ ਪੰਜਾਬ ਸਰਕਾਰ ਬਣਾਵੇਗੀ ਖੇਡ ਨੀਤੀ: ਮੀਤ ਹੇਅਰ

Tuesday, Jul 19, 2022 - 06:04 PM (IST)

ਨਾਮੀ ਖਿਡਾਰੀਆਂ ਨੂੰ ਸਰਕਾਰੀ ਨੌਕਰੀ ਤੇ ਨਗਦ ਇਨਾਮ ਦੇਣ ਲਈ ਪੰਜਾਬ ਸਰਕਾਰ ਬਣਾਵੇਗੀ ਖੇਡ ਨੀਤੀ: ਮੀਤ ਹੇਅਰ

ਮੁਹਾਲੀ-  ਖੇਡਾਂ ਦੇ ਖੇਤਰ ਵਿੱਚ ਕੌਮੀ ਤੇ ਕੌਮਾਂਤਰੀ ਪੱਧਰ 'ਤੇ ਸੂਬੇ ਦਾ ਨਾਂ ਰੌਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਸਰਕਾਰੀ ਨੌਕਰੀ ਦੇਣ ਅਤੇ ਹਰ ਖੇਡ ਦੇ ਵੱਡੇ ਟੂਰਨਾਮੈਂਟ ਵਿੱਚ ਤਮਗ਼ੇ ਜਿੱਤਣ ਵਾਲੇ ਖਿਡਾਰੀਆਂ ਨੂੰ ਨਗਦ ਇਨਾਮ ਦੇ ਘੇਰੇ ਵਿੱਚ ਲਿਆਉਣ ਲਈ ਪੰਜਾਬ ਸਰਕਾਰ ਮੌਜੂਦਾ ਖੇਡ ਨੀਤੀ ਵਿੱਚ ਕਈ ਤਬਦੀਲੀਆਂ ਕਰ ਕੇ ਨਵੀਂ ਵਿਆਪਕ ਖੇਡ ਨੀਤੀ ਬਣਾ ਰਹੀ ਹੈ। ਇਹ ਗੱਲ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਹੀ। ਖੇਡ ਮੰਤਰੀ ਮੀਤ ਹੇਅਰ ਨੇ ਇਹ ਗੱਲ ਅੱਜ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਵਿੱਚ ਦੋ ਸੋਨੇ ਦੇ ਤਮਗ਼ੇ ਜਿੱਤ ਕੇ ਵਤਨ ਪਰਤੇ ਅਰਜੁਨ ਬਬੂਟਾ ਦਾ ਸਵਾਗਤ ਤੇ ਸਨਮਾਨ ਕਰਨ ਮੌਕੇ ਕਹੀ। 

ਇਹ ਵੀ ਪੜ੍ਹੋ : ਭਾਰਤ ਦੇ ਮੈਰਾਜ ਅਹਿਮਦ ਖ਼ਾਨ ਨੇ ਨਿਸ਼ਾਨੇਬਾਜ਼ੀ ਵਿਸ਼ਵ ਕੱਪ 'ਚ ਸੋਨ ਤਮਗ਼ਾ ਜਿੱਤ ਕੇ ਰਚਿਆ ਇਤਿਹਾਸ

PunjabKesari

ਸ਼੍ਰੀ ਮੀਤ ਹੇਅਰ, ਜਲਾਲਾਬਾਦ ਤੋਂ ਵਿਧਾਇਕ ਜਗਦੀਪ ਸਿੰਘ ਗੋਲਡੀ ਕੰਬੋਜ ਤੇ ਸਥਾਨਕ ਕੌਂਸਲਰ ਸਰਬਜੀਤ ਸਿੰਘ ਮੁਹਾਲੀ ਦੇ ਫੇਜ਼ 11 ਸਥਿਤ ਅਰਜੁਨ ਬਬੂਟਾ ਦੀ ਰਿਹਾਇਸ਼ ਵਿਖੇ ਪੁੱਜੇ ਸਨ। ਸ਼੍ਰੀ ਮੀਤ ਹੇਅਰ ਨੇ ਅਰਜੁਨ ਬਬੂਟਾ ਨੂੰ ਮਾਣਮੱਤੀ ਪ੍ਰਾਪਤੀ ਲਈ ਮੁਬਾਰਕਬਾਦ ਦਿੰਦਿਆਂ ਆਖਿਆ ਕਿ ਉਸ ਨੇ ਸੂਬੇ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਇਸ ਪ੍ਰਾਪਤੀ ਨਾਲ ਨਵੀਂ ਉਮਰ ਦੇ ਖਿਡਾਰੀ ਉਤਸ਼ਾਹਤ ਹੋਣਗੇ। ਉਨ੍ਹਾਂ ਅਰਜੁਨ ਨੂੰ ਭਵਿੱਖ ਦੇ ਮੁਕਾਬਲਿਆਂ ਅਤੇ 2024 ਵਿੱਚ ਪੈਰਿਸ ਵਿਖੇ ਹੋਣ ਵਾਲੀਆਂ ਓਲੰਪਿਕ ਖੇਡਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ।

PunjabKesari

ਖੇਡ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਪੰਜਾਬ ਵਿੱਚ ਖੇਡਾਂ ਨੂੰ ਹੁਲਾਰਾ ਦੇਣ ਲਈ ਵਿਸ਼ੇਸ਼ ਯਤਨ ਕਰ ਰਹੀ ਹੈ ਤਾਂ ਜੋ ਪੰਜਾਬ ਮੁੜ ਖੇਡਾਂ ਵਿੱਚ ਦੇਸ਼ ਦਾ ਨੰਬਰ ਇਕ ਸੂਬਾ ਬਣ ਸਕੇ। ਕੌਮੀ ਤੇ ਕੌਮਾਂਤਰੀ ਪੱਧਰ ਉਤੇ ਤਮਗੇ ਜਿੱਤਣ ਵਾਲੇ ਖਿਡਾਰੀਆਂ ਨੂੰ ਸਰਕਾਰੀ ਨੌਕਰੀ ਦੇਣੀ ਯਕੀਨੀ ਬਣਾਈ ਜਾਵੇਗੀ। ਨਗਦ ਇਨਾਮ ਦੇਣ ਲਈ ਇਸ ਵੇਲੇ ਸਾਰੀਆਂ ਖੇਡਾਂ ਲਈ ਇਕੋ ਨੀਤੀ ਹੈ ਜਦੋਂ ਕਿ ਹਰ ਖੇਡ ਵਿੱਚ ਟੂਰਨਾਮੈਂਟ ਦਾ ਸ਼ਡਿਊਲ, ਪੱਧਰ ਅਤੇ ਕਿਸਮ ਵੱਖੋ-ਵੱਖਰੀ ਹੈ, ਇਸ ਲਈ ਹਰ ਖੇਡ ਦੇ ਅਹਿਮ ਟੂਰਨਾਮੈਂਟਾਂ ਨੂੰ ਨਗਦ ਇਨਾਮ ਦੇ ਘੇਰੇ ਵਿੱਚ ਲਿਆਂਦਾ ਜਾਵੇਗਾ।

ਇਹ ਵੀ ਪੜ੍ਹੋ : ਵੈਸਟਇੰਡੀਜ਼ ਦੇ ਲੇਂਡਲ ਸਿਮੰਸ ਨੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ

ਅਰਜੁਨ ਬਬੂਟਾ ਨਾਲ ਗੱਲਬਾਤ ਕਰਦਿਆਂ ਸ਼੍ਰੀ ਮੀਤ ਹੇਅਰ ਨੇ ਦੱਸਿਆ ਕਿ ਮੁਹਾਲੀ ਦੀ ਫੇਜ਼ 6 ਸਥਿਤ ਰੇਂਜ ਨੂੰ ਆਧੁਨਿਕ ਦਰਜੇ ਦੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਅਰਜੁਨ ਬਬੂਟਾ ਤੋਂ ਵਿਸ਼ਵ ਕੱਪ ਦੇ ਮੁਕਾਬਲੇ ਅਤੇ ਉਸ ਦੀ ਖੇਡ ਬਾਰੇ ਜਾਣਕਾਰੀ ਵੀ ਲਈ ਅਤੇ ਅਰਜੁਨ ਦੀ ਰਾਈਫਲ ਅਤੇ ਤਮਗੇ ਵੀ ਦੇਖੇ। ਅਰਜੁਨ ਨੇ ਆਪਣੇ ਘਰ ਵਿੱਚ ਬਣਾਈ ਸ਼ੂਟਿੰਗ ਰੇਂਜ ਵੀ ਦਿਖਾਈ ਜੋ ਕੋਵਿਡ-19 ਦੇ ਸਮੇਂ ਦੌਰਾਨ ਅਭਿਆਸ ਲਈ ਵਿਸ਼ੇਸ਼ ਤੌਰ ਉਤੇ ਬਣਾਈ ਸੀ।

PunjabKesari

ਵਿਧਾਇਕ ਜਗਦੀਪ ਸਿੰਘ ਗੋਲਡੀ ਕੰਬੋਜ ਨੇ ਕਿਹਾ ਕਿ ਅਰਜੁਨ ਨੇ ਜਲਾਲਾਬਾਦ ਦਾ ਨਾਂ ਪੂਰੀ ਦੁਨੀਆਂ ਵਿੱਚ ਰੌਸ਼ਨ ਕੀਤਾ ਹੈ। ਜ਼ਿਕਰਯੋਗ ਹੈ ਕਿ ਬਬੂਟਾ ਪਰਿਵਾਰ ਜੱਦੀ ਤੌਰ ਉਤੇ ਜਲਾਲਾਬਾਦ ਸ਼ਹਿਰ ਦਾ ਰਹਿਣ ਵਾਲਾ ਹੈ। ਇਸ ਮੌਕੇ ਅਰਜੁਨ ਦੇ ਪਿਤਾ ਨੀਰਜ ਬਬੂਟਾ ਤੇ ਮਾਤਾ ਦੀਪਤੀ ਬਬੂਟਾ ਨੇ ਖੇਡ ਮੰਤਰੀ ਦਾ ਘਰ ਆ ਕੇ ਹੱਲਾਸ਼ੇਰੀ ਦੇਣ ਲਈ ਧੰਨਵਾਦ ਕੀਤਾ। ਦੀਪਤੀ ਬਬੂਟਾ ਜੋ ਪੰਜਾਬੀ ਲੇਖਿਕਾ ਹੈ, ਨੇ ਆਪਣੀਆਂ ਕਿਤਾਬਾਂ ਦਾ ਸੈੱਟ ਵੀ ਖੇਡ ਮੰਤਰੀ ਨੂੰ ਭੇਂਟ ਕੀਤਾ । ਇਸ ਮੌਕੇ ਜ਼ਿਲਾ ਖੇਡ ਅਫਸਰ ਗੁਰਦੀਪ ਕੌਰ ਤੇ ਨਾਇਬ ਤਹਿਸੀਲਦਾਰ ਅਰਜਨ ਗਰੇਵਾਲ ਵੀ ਮੌਜੂਦ ਸਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News