ਅਕਾਲੀ ਨੇਤਾ ਮਜੀਠੀਆ ਖਿਲਾਫ ਕੇਸ ਦਾਇਰ ਕਰੇਗੀ ''ਪੰਜਾਬ ਸਰਕਾਰ''
Tuesday, May 14, 2019 - 08:50 AM (IST)

ਚੰਡੀਗੜ੍ਹ : ਆਈ. ਜੀ. ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਅਪਮਾਨਜਨਕ ਢੰਗ ਨਾਲ ਧਮਕੀਆਂ ਦੇਣ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਸਰਕਾਰ ਨੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ 'ਤੇ ਮਾਣਹਾਨੀ ਦਾ ਕੇਸ ਦਾਇਰ ਕਰਨ ਦੀ ਤਿਆਰੀ ਕਰ ਲਈ ਹੈ। ਐਡਵੋਕੇਟ ਜਨਰਲ ਅਤੁਲ ਨੰਦਾ ਨੇ ਦੱਸਿਆ ਕਿ ਇਹ ਕੇਸ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ 'ਤੇ ਦਾਇਰ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੇ ਸੂਬਾ ਸਰਕਾਰ ਦੇ ਕਾਨੂੰਨੀ ਮਾਹਿਰਾਂ ਦੀ ਟੀਮ ਨੂੰ ਅਦਾਲਤ ਕੋਲ ਇਸ ਮਾਮਲੇ ਦੀ ਪੈਰਵੀ ਕਰਨ ਲਈ ਕਿਹਾ ਹੈ।
ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਅਕਾਲੀਆਂ ਜਾਂ ਕਿਸੇ ਹੋਰ ਵੱਲੋਂ ਉਨ੍ਹਾਂ ਦੇ ਅਫਸਰਾਂ ਨੂੰ ਅੱਖਾਂ ਵਿਖਾਉਣ ਜਾਂ ਧਮਕੀਆਂ ਦੇਣ ਨੂੰ ਉਹ ਹਰਗਿਜ਼ ਬਰਦਾਸ਼ਤ ਨਹੀਂ ਕਰਨਗੇ। ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀਆਂ ਨੂੰ ਇਹ ਪੁਰਾਣੀ ਆਦਤ ਹੈ ਕਿ ਜਿਹੜਾ ਵੀ ਇਨ੍ਹਾਂ ਵਿਰੁੱਧ ਜਾਣ ਦੀ ਜ਼ੁਅੱਰਤ ਕਰਦਾ ਹੈ ਤਾਂ ਇਹ ਉਨ੍ਹਾਂ ਨੂੰ ਧਮਕਾਉਣ 'ਤੇ ਉਤਾਰੂ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਪਹਿਲਾਂ ਵੀ ਬੇਅਦਬੀ ਮਾਮਲਿਆਂ ਦੀ ਜਾਂਚ ਲਈ ਬਣਾਏ ਕਮਿਸ਼ਨ ਦੇ ਮੁਖੀ ਜਸਟਿਸ ਰਣਜੀਤ ਸਿੰਘ ਵਿਰੁੱਧ ਅਪਮਾਨਜਨਕ ਭਾਸ਼ਾ ਵਰਤੀ ਸੀ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਕ ਇੰਟਰਵਿਊ 'ਚ (ਇਕ ਵੀਡੀਓ ਜੋ ਵਾਇਰਲ ਹੋਈ ਹੈ) ਮਜੀਠੀਆ ਵੱਲੋਂ ਕੁੰਵਰ ਵਿਜੈ ਪ੍ਰਤਾਪ ਸਿੰਘ ਵਿਰੁੱਧ ਮੰਦੀ ਸ਼ਬਦਾਵਲੀ ਵਰਤਣਾ ਅਤੇ ਧਮਕੀਆਂ ਦੇਣਾ ਇਹ ਸਿੱਧ ਕਰਦਾ ਹੈ ਕਿ ਅਕਾਲੀ ਲੀਡਰ ਇਸ ਕਰਕੇ ਪੂਰੀ ਤਰਾਂ ਬੌਖਲਾਹਟ 'ਚ ਹਨ ਕਿ ਆਈ. ਜੀ. ਮੁੜ ਐਸ. ਆਈ. ਟੀ. 'ਚ ਪਰਤਣ ਵਾਲਾ ਹੈ ਅਤੇ ਬਰਗਾੜੀ ਅਤੇ ਬਹਿਬਲ ਕਲਾਂ ਮਾਮਲਿਆਂ 'ਚ ਇਨ੍ਹਾਂ ਖਿਲਾਫ਼ ਜਾਂਚ ਮੁੜ ਸ਼ੁਰੂ ਹੋ ਜਾਣੀ ਹੈ। ਮੁੱਖ ਮੰਤਰੀ ਨੇ ਐਲਾਨ ਕੀਤਾ,''ਆਈ. ਜੀ. ਵੱਲੋਂ ਆਪਣੀ ਜਾਂਚ ਪੂਰੀ ਕੀਤੀ ਜਾਵੇਗੀ ਅਤੇ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਉਨ੍ਹਾਂ ਵੱਲੋਂ ਮੁਕੰਮਲ ਕੀਤੀ ਜਾਂਚ ਨੂੰ ਕਾਨੂੰਨੀ ਪ੍ਰਿਆ ਰਾਹੀਂ ਸਿੱਟੇ 'ਤੇ ਲਿਜਾਇਆ ਜਾਵੇ ਤਾਂ ਕਿ ਦੋਸ਼ੀਆਂ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਜਾ ਸਕੇ।''
ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਲੀਡਰ ਨੇ ਚੋਣ ਕਮਿਸ਼ਨ ਦਾ ਸਹਾਰਾ ਲੈ ਕੇ ਕੁੰਵਰ ਵਿਜੈ ਪ੍ਰਤਾਪ ਦਾ ਐਸ. ਆਈ. ਟੀ. 'ਚੋਂ ਤਬਾਦਲਾ ਕਰਵਾਇਆ ਅਤੇ ਜਾਂਚ ਨੂੰ ਲੀਹੋਂ ਲਾਹੁਣ ਦੀ ਕੋਸ਼ਿਸ਼ ਕੀਤੀ ਕਿਉਂ ਜੋ ਚੋਣ ਕਮਿਸ਼ਨ ਕੇਂਦਰ ਦੀ ਭਾਜਪਾ ਸਰਕਾਰ ਦੇ ਹੱਥ ਠੋਕੇ ਵਜੋਂ ਭੂਮਿਕਾ ਨਿਭਾਅ ਰਿਹਾ ਹੈ। ਭਾਵੇਂ ਕਿ ਉਹ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੂੰ ਕੁਝ ਦਿਨ ਦਾ ਫਾਇਦਾ ਮਿਲ ਗਿਆ ਪਰ ਉਨ੍ਹਾਂ ਨੂੰ ਛੇਤੀ ਮੁੜ ਇਸ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਅਕਾਲੀ ਲੀਡਰ ਇਸ ਵੇਲੇ ਪੂਰੀ ਤਰਾਂ ਬੌਖਲਾਏ ਹੋਏ ਹਨ, ਜਿਸ ਕਰਕੇ ਉਹ ਨਿੱਜੀ ਹਮਲਿਆਂ ਅਤੇ ਧਮਕੀਆਂ 'ਤੇ ਉਤਰ ਆਏ ਹਨ।