ਭਾਈ ਨਿਰਮਲ ਸਿੰਘ ਨਾਲ ਹੋਏ ਵਿਤਕਰੇ ਦੀ ਜਾਂਚ ਲਈ ਪੰਜਾਬ ਸਰਕਾਰ ਬਣਾਏ ''ਸਿਟ'' : ਕੌਮੀ ਅਨੁਸੂਚਿਤ ਜਾਤੀ ਕਮਿਸ਼ਨ
Sunday, Apr 05, 2020 - 11:10 PM (IST)
ਚੰਡੀਗੜ੍ਹ, (ਅਸ਼ਵਨੀ)- ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਪਦਮਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਨਾਲ ਮੌਤ ਤੋਂ ਪਹਿਲਾਂ ਅਤੇ ਬਾਅਦ 'ਚ ਹੋਏ ਵਿਤਕਰੇ ਦੀ ਜਾਂਚ ਲਈ ਸੀਨੀਅਰ ਸਿਵਲ ਅਤੇ ਪੁਲਸ ਅਧਿਕਾਰੀਆਂ ਦੀ ਇਕ ਵਿਸ਼ੇਸ਼ ਜਾਂਚ ਟੀਮ (ਸਿਟ) ਦਾ ਗਠਨ ਕਰੇ। ਇਸ ਦਾ ਖੁਲਾਸਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਇੰਦਰ ਇਕਬਾਲ ਸਿੰਘ ਅਟਵਾਲ ਨੇ ਕਿਹਾ ਕਿ ਉਨ੍ਹਾਂ ਵਲੋਂ ਇਸ ਸਬੰਧੀ ਕਮਿਸ਼ਨ ਦੇ ਚੇਅਰਮੈਨ ਪ੍ਰੋਫੈਸਰ ਰਾਮ ਸ਼ੰਕਰ ਕਥੇਰੀਆ ਨੂੰ ਦਿੱਤੀ ਸ਼ਿਕਾਇਤ ਮਗਰੋਂ ਕੌਮੀ ਕਮਿਸ਼ਨ ਨੇ ਸੂਬੇ ਦੇ ਮੁੱਖ ਸਕੱਤਰ ਅਤੇ ਡੀ. ਜੀ. ਪੀ. ਨੂੰ ਨੋਟਿਸ ਜਾਰੀ ਕਰ ਦਿੱਤੇ ਹਨ। ਇੰਦਰ ਇਕਬਾਲ ਅਟਵਾਲ ਨੇ ਕਿਹਾ ਕਿ ਉਨ੍ਹਾਂ ਨੇ ਕੌਮੀ ਕਮਿਸ਼ਨ ਨੂੰ ਲਿਖੀ ਚਿੱਠੀ 'ਚ ਦੱਸਿਆ ਸੀ ਕਿ ਕਿਸ ਤਰ੍ਹਾਂ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਵਿਖੇ ਇਲਾਜ ਸਮੇਂ ਅਤੇ ਮੌਤ ਤੋਂ ਬਾਅਦ ਵੇਰਕਾ ਦੇ ਸ਼ਮਸ਼ਾਨਘਾਟ 'ਚ ਅੰਤਿਮ ਸੰਸਕਾਰ ਤੋਂ ਇਨਕਾਰ ਕਰਕੇ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਨਾਲ ਵਿਤਕਰਾ ਕੀਤਾ ਗਿਆ ਸੀ। ਉਨ੍ਹਾਂ ਭਾਈ ਖਾਲਸਾ ਦੀ ਆਪਣੇ ਪਰਿਵਾਰ ਨਾਲ ਟੈਲੀਫੋਨ 'ਤੇ ਹੋਈ ਆਖਰੀ ਗੱਲਬਾਤ ਬਾਰੇ ਵੀ ਦੱਸਿਆ, ਜਿਸ 'ਚ ਭਾਈ ਖਾਲਸਾ ਨੇ ਇਹ ਖੁਲਾਸਾ ਕੀਤਾ ਸੀ ਕਿ ਚਾਰ ਘੰਟੇ ਤੋਂ ਉਨ੍ਹਾਂ ਦਾ ਇਲਾਜ ਨਹੀਂ ਕੀਤਾ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਇਕ ਸਰਕਾਰੀ ਮਾਸਟਰ, ਜੋ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦਾ ਸਕੱਤਰ ਸੀ ਅਤੇ ਜਿਸ ਦੀ ਪਤਨੀ ਇਕ ਕੌਂਸਲਰ ਸੀ, ਨੇ ਭਾਈ ਖਾਲਸਾ ਦਾ ਅੰਤਿਮ ਸੰਸਕਾਰ ਹੋਣ ਤੋਂ ਰੋਕਣ ਲਈ ਵੇਰਕਾ ਦੇ ਸ਼ਮਸ਼ਾਨਘਾਟ ਨੂੰ ਤਾਲਾ ਲਗਾ ਦਿੱਤਾ ਸੀ।
ਸਾਬਕਾ ਅਕਾਲੀ ਵਿਧਾਇਕ ਨੇ ਕਮਿਸ਼ਨ ਨੂੰ ਇਹ ਵੀ ਦੱਸਿਆ ਸੀ ਕਿ ਭਾਈ ਨਿਰਮਲ ਸਿੰਘ ਮਜ਼ਬ੍ਹੀ ਭਾਈਚਾਰੇ ਨਾਲ ਸਬੰਧ ਰੱਖਦੇ ਸਨ ਅਤੇ ਉਨ੍ਹਾਂ ਦੀ ਦੁਖਦਾਈ ਮੌਤ ਨੇ ਸਿੱਖ ਪੰਥ ਅਤੇ ਖਾਸ ਕਰਕੇ ਦਲਿਤ ਅਤੇ ਮਜ਼੍ਹਬੀ ਭਾਈਚਾਰੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਈ ਖਾਲਸਾ ਦੇ ਕੀਤੇ ਗਏ ਨਿਰਾਦਰ ਨੂੰ ਸਮੁੱਚਾ ਮਜ਼੍ਹਬੀ ਭਾਈਚਾਰਾ ਆਪਣੇ ਅਪਮਾਨ ਵਜੋਂ ਦੇਖ ਰਿਹਾ ਹੈ। ਇਹ ਟਿੱਪਣੀ ਕਰਦਿਆਂ ਕਿ ਪੰਜਾਬ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਸੀ ਕਿ ਹਜ਼ੂਰੀ ਰਾਗੀ ਦਾ ਇਸ ਤਰ੍ਹਾਂ ਨਿਰਾਦਰ ਨਾ ਹੋਣ ਦਿੱਤਾ ਜਾਂਦਾ, ਅਟਵਾਲ ਨੇ ਕੌਮੀ ਕਮਿਸ਼ਨ ਨੂੰ ਇਸ ਮਾਮਲੇ ਦੀ ਜਾਂਚ ਕਰਵਾਉਣ ਦੀ ਅਪੀਲ ਕੀਤੀ ਸੀ। ਉਨ੍ਹਾਂ ਨੇ ਇਕ ਵੱਖਰੀ ਪਟੀਸ਼ਨ ਪੰਜਾਬ ਸਟੇਟ ਅਨੁਸੂਚਿਤ ਜਾਤੀ ਕਮਿਸ਼ਨ ਦੀ ਚੇਅਰਪਰਸਨ ਤੇਜਿੰਦਰ ਕੋਲ ਵੀ ਪਾਈ ਸੀ।