ਪੰਜਾਬ ਸਰਕਾਰ ਵੱਲੋਂ ਰਾਤ 9 ਤੋਂ ਸਵੇਰੇ 5 ਵਜੇ ਤੱਕ ਤਾਲਾਬੰਦੀ ਨੂੰ ਸਖਤੀ ਨਾਲ ਲਾਗੂ ਕਰਨ ਦੇ ਹੁਕਮ
Tuesday, Jun 16, 2020 - 07:52 AM (IST)
ਜਲੰਧਰ, (ਧਵਨ)– ਪੰਜਾਬ ’ਚ ਵਧ ਰਹੀ ਕੋਰੋਨਾ ਵਾਇਰਸ ਮਹਾਮਾਰੀ ਮਾਮਲਿਆਂ ਨੂੰ ਦੇਖਦੇ ਹੋਏ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਪੰਜਾਬ ’ਚ ਰਾਤ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਲਾਕਡਾਊਨ ਨੂੰ ਸਖਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਇਹ ਨਿਰਦੇਸ਼ ਧਾਰਾ 144 ਦੇ ਤਹਿਤ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਵਲੋਂ ਲਾਗੂ ਕੀਤੇ ਜਾਣਗੇ। ਪੰਜਾਬ ਦੇ ਗ੍ਰਹਿ ਵਿਭਾਗ ਨੇ ਇਸ ਸਬੰਧ ’ਚ ਸਾਰੇ ਪ੍ਰਸ਼ਾਸਨਕ ਸਕੱਤਰਾਂ, ਡਵੀਜ਼ਨ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ, ਪੰਜਾਬ ਪੁਲਸ ਦੇ ਆਈ. ਜੀ. ਜੋਨਲ, ਕਮਿਸ਼ਨਰ ਆਫ ਪੁਲਸ, ਡੀ. ਆਈ. ਜੀ. ਅਤੇ ਐੱਸ. ਐੱਸ. ਪੀਜ਼ ਨੂੰ ਪੱਤਰ ਨੰਬਰ ਐੱਸ. ਐੱਸ./ਏ. ਸੀ. ਐੱਸ. ਐੱਚ./2020/479 ਮਿਤੀ 15 ਜੂਨ 2020 ਜਾਰੀ ਕਰ ਦਿੱਤਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਵੀ ਸ਼ਨੀਵਾਰ ਨੂੰ ਫੇਸਬੁਕ ਲਾਈਵ ਪ੍ਰੋਗਰਾਮ ’ਚ ਕੋਰੋਨਾ ਵਾਇਰਸ ਦੇ ਵਧਦੇ ਕੇਸਾਂ ’ਤੇ ਚਿੰਤਾ ਪ੍ਰਗਟਾਈ ਸੀ ਅਤੇ ਸੰਕੇਤ ਦਿੱਤੇ ਸਨ ਕਿ ਸਰਕਾਰ ਬਾਹਰੀ ਸੂਬਿਆਂ ਤੋਂ ਆਉਣ ਵਾਲੇ ਲੋਕਾਂ ਦੀ ਭਾਰੀ ਗਿਣਤੀ ਨੂੰ ਦੇਖਦੇ ਹੋਏ ਸਖਤੀ ਨਾਲ ਪੇਸ਼ ਆਵੇਗੀ। ਪੱਤਰ ’ਚ ਸਪੱਸ਼ਟ ਕੀਤਾ ਗਿਆ ਹੈ ਕਿ ਰਾਤ ਸਮੇਂ ਕਰਫਿਊ/ਲਾਕਡਾਊਨ ਦਾ ਟੀਚਾ ਲੋਕਾਂ ਦੀ ਭੀੜ ਨੂੰ ਰੋਕਣਾ ਅਤੇ ਸੋਸ਼ਲ ਡਿਸਟੈਂਸਿੰਗ ਦੇ ਨਿਯਮ ਦੀ ਪਾਲਣਾ ਕਰਵਾਉਣ ਹੈ। ਭਾਰਤ ਸਰਕਾਰ ਨੇ ਵੀ ਦੇਸ਼ ’ਚ 1 ਜੂਨ ਤੋਂ ਲੈ ਕੇ 30 ਜੂਨ 2020 ਤੱਕ ਲਾਕਡਾਊਨ 5.0/ਅਨਲਾਕ 1.0 ਨੂੰ ਲਾਗੂ ਕੀਤਾ ਹੋਇਆ ਹੈ। ਇਸ ’ਚ ਇਹ ਵਿਵਸਥਾ ਕੀਤੀ ਗਈ ਹੈ ਕਿ ਲੋਕ ਰਾਤ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤਕ ਆਪਣੇ ਘਰਾਂ ’ਚ ਹੀ ਰਹਿਣ ਅਤੇ ਧਾਰਾ 144 ਸੀ. ਆਰ. ਪੀ. ਸੀ. ਤਹਿਤ ਜ਼ਿਲਾ ਅਧਿਕਾਰੀਆਂ ਵਲੋਂ ਹੁਕਮ ਜਾਰੀ ਕੀਤੇ ਜਾਣਗੇ।