ਪੰਜਾਬ ਸਰਕਾਰ ਦੀ ਇਸ ਸਕੀਮ ਤਹਿਤ ਪਾਓ 'ਇਨਾਮ', ਜਾਣੋ ਕਿਵੇਂ ਚੁੱਕ ਸਕਦੇ ਹੋ ਫ਼ਾਇਦਾ (ਵੀਡੀਓ)

Saturday, Sep 02, 2023 - 11:03 AM (IST)

ਪੰਜਾਬ ਸਰਕਾਰ ਦੀ ਇਸ ਸਕੀਮ ਤਹਿਤ ਪਾਓ 'ਇਨਾਮ', ਜਾਣੋ ਕਿਵੇਂ ਚੁੱਕ ਸਕਦੇ ਹੋ ਫ਼ਾਇਦਾ (ਵੀਡੀਓ)

ਚੰਡੀਗੜ੍ਹ : ਸੂਬੇ ਦੇ ਆਪਣੇ ਮਾਲੀਏ ਨੂੰ ਵਧਾ ਕੇ ਸਰਕਾਰੀ ਖਜ਼ਾਨੇ ਨੂੰ ਭਰਨ ਦੀ ਕੋਸ਼ਿਸ਼ 'ਚ ਜੁੱਟੀ ਭਗਵੰਤ ਮਾਨ ਸਰਕਾਰ ਵਲੋਂ ਨਵੀਂ ਸਕੀਮ ਸ਼ੁਰੂ ਕੀਤੀ ਗਈ ਹੈ। ਇਹ ਸਕੀਮ ‘ਬਿੱਲ ਲਿਆਓ-ਇਨਾਮ ਪਾਓ’ ਦੇ ਨਾਮ ਨਾਲ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਸ ਦੇ ਜ਼ਰੀਏ ਟੈਕਸ ਕੁਲੈਕਸ਼ਨ 'ਚ ਵਾਧਾ ਹੋਵੇਗਾ। ਇਹ ਵਾਧਾ ਕਿੰਝ ਹੋਵੇਗਾ ਅਤੇ ਕੀ ਹੈ ਇਹ ਯੋਜਨਾ, ਇਸ ਬਾਰੇ ‘ਜਗ ਬਾਣੀ’ ਦੇ ਰਮਨਜੀਤ ਸਿੰਘ ਨੇ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਨਾਲ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼-
‘ਮੇਰਾ ਬਿੱਲ’ ਐਪ ਤਾਂ 21 ਅਗਸਤ ਨੂੰ ਹੀ ਲਾਂਚ ਹੋ ਗਈ ਸੀ, ਅੱਜ ਕੀ ਕੀਤਾ ਗਿਆ ਹੈ?
ਮੁੱਖ ਮੰਤਰੀ ਭਗਵੰਤ ਮਾਨ ਵਲੋਂ 21 ਅਗਸਤ ਨੂੰ 'ਮੇਰਾ ਬਿੱਲ' ਐਪ ਲਾਂਚ ਕੀਤੀ ਗਈ ਸੀ। ਉਸੇ ਰਾਹੀਂ ਇਹ ਪੂਰੀ ਯੋਜਨਾ ਅੱਗੇ ਵਧੇਗੀ। ਅੱਜ ਅਸੀਂ ਬਿੱਲ ਲਿਆਓ, ਇਨਾਮ ਪਾਓ ਯੋਜਨਾ ਨੂੰ ਅਧਿਕਾਰਤ ਤੌਰ ’ਤੇ ਸਾਰੀਆਂ ਉਪਚਾਰਿਕਤਾਵਾਂ ਪੂਰੀਆਂ ਕਰਦਿਆਂ ਸ਼ੁਰੂ ਕੀਤਾ ਹੈ। ਯੋਜਨਾ ਦੇ ਤਹਿਤ ਲੋਕਾਂ ਨੂੰ ਲੱਕੀ ਡਰਾਅ ਰਾਹੀਂ ਲੱਖਾਂ ਰੁਪਏ ਦੇ ਇਨਾਮ ਦਿੱਤੇ ਜਾਣਗੇ।

ਇਹ ਵੀ ਪੜ੍ਹੋ : ਪੰਜਾਬ ’ਚ 'ਅਕਾਲੀ-ਭਾਜਪਾ' ਗਠਜੋੜ ਹੁਣ ਸੌਖਾ ਨਹੀਂ! 5 ਮੰਗਾਂ ਦਾ ਹੋਵੇਗਾ ਅੜਿੱਕਾ
ਇਹ ਯੋਜਨਾ ਕੀ ਹੈ, ਇਸ ਦੇ ਤਹਿਤ ਇਨਾਮ ਪਾਉਣ ਲਈ ਕੀ ਕਰਨਾ ਹੋਵੇਗਾ?
ਪੰਜਾਬ ਸਰਕਾਰ ਨੇ ਟੈਕਸ ਚੋਰੀ ਨੂੰ ਰੋਕਣ ਲਈ ਜੋ ‘ਬਿੱਲ ਲਿਆਓ, ਇਨਾਮ ਪਾਓ’ ਸਕੀਮ ਸ਼ੁਰੂ ਕੀਤੀ, ਉਸ ਦੇ ਤਹਿਤ ਕੋਈ ਵੀ ਵਿਅਕਤੀ, ਜਿਸ ਨੇ ਪੰਜਾਬ 'ਚ ਚੀਜ਼ ਖ਼ਰੀਦੀ ਹੋਵੇ ਅਤੇ ਉਸ ਕੋਲ ਬਿੱਲ ਹੈ, ਉਹ ਇਸ ਸਕੀਮ ਦਾ ਫ਼ਾਇਦਾ ਲੈ ਸਕਦਾ ਹੈ। ਖ਼ਰੀਦ ਕੀਤੀ ਗਈ ਚੀਜ਼ ਅਤੇ ਬਿੱਲ ਦੀ ਰਾਸ਼ੀ ਘੱਟ ਤੋਂ ਘੱਟ 200 ਰੁਪਏ ਹੋਣਾ ਲਾਜ਼ਮੀ ਹੈ। ‘ਮੇਰਾ ਬਿੱਲ’ ਐਪ ’ਤੇ ਖ਼ਰੀਦ ਦਾ ਬਿੱਲ ਅਪਲੋਡ ਕਰਨ ਵਾਲਿਆਂ ਨੂੰ ਲੱਕੀ ਡਰਾਅ 'ਚ ਸ਼ਾਮਲ ਕੀਤਾ ਜਾਵੇਗਾ।
ਤਾਂ ਕੀ ਹਰ ਮਹੀਨੇ ਇਨਾਮ ਦਿੱਤਾ ਜਾਵੇਗਾ?
ਬਿਲਕੁਲ, ਹਰ ਮਹੀਨੇ 7 ਤਾਰੀਖ਼ ਨੂੰ ਲੱਕੀ ਡਰਾਅ ਕੱਢਿਆ ਜਾਵੇਗਾ। ਰਾਜ 'ਚ 29 ਟੈਕਸੇਸ਼ਨ ਜ਼ਿਲ੍ਹੇ ਹਨ ਅਤੇ ਹਰੇਕ ਜ਼ਿਲ੍ਹੇ 'ਚ ਵੱਧ ਤੋਂ ਵੱਧ 10 ਇਨਾਮ ਦਿੱਤੇ ਜਾਣਗੇ, ਜਿਸ ਅਨੁਸਾਰ ਹਰ ਮਹੀਨੇ 290 ਇਨਾਮ ਦਿੱਤੇ ਜਾਣਗੇ। ਇਹ ਇਨਾਮ ਚੀਜ਼/ਸੇਵਾ ਲਈ ਅਦਾ ਕੀਤੇ ਟੈਕਸ ਦੇ 5 ਗੁਣਾ ਦੇ ਬਰਾਬਰ ਹੋਵੇਗਾ, ਪਰ ਇਹ ਇਨਾਮ ਵੱਧ ਤੋਂ ਵੱਧ 10 ਹਜ਼ਾਰ ਰੁਪਏ ਤੱਕ ਦੇ ਮੁੱਲ ਦਾ ਹੋਵੇਗਾ। ਜੇਤੂਆਂ ਦੀ ਸੂਚੀ ਟੈਕਸੇਸ਼ਨ ਵਿਭਾਗ ਦੀ ਵੈਬਸਾਈਟ ’ਤੇ ਪ੍ਰਸਾਰਿਤ ਕੀਤੀ ਜਾਵੇਗੀ ਅਤੇ ਜੇਤੂਆਂ ਨੂੰ ਮੋਬਾਇਲ ਐਪ ਰਾਹੀਂ ਸੂਚਿਤ ਕੀਤਾ ਜਾਵੇਗਾ। ਬੱਸ ਇਹ ਧਿਆਨ ਰੱਖਣਾ ਹੋਵੇਗਾ ਕਿ ਪੈਟਰੋਲੀਅਮ ਉਤਪਾਦ (ਕੱਚਾ ਤੇਲ, ਪੈਟਰੋਲ, ਡੀਜ਼ਲ, ਉਡਣ ਟਰਬਾਇਨ ਈਂਧਣ ਅਤੇ ਕੁਦਰਤੀ ਗੈਸ) ਅਤੇ ਸ਼ਰਾਬ ਦੇ ਨਾਲ-ਨਾਲ ਬਿਜ਼ਨੈੱਸ-ਟੂ-ਬਿਜ਼ਨੈੱਸ ਕੀਤੇ ਗਏ ਲੈਣ-ਦੇਣ ਦੇ ਵਿਕਰੀ ਬਿੱਲ ਉਕਤ ਸਕੀਮ 'ਚ ਹਿੱਸਾ ਲੈਣ ਦੇ ਯੋਗ ਨਹੀਂ ਹੋਣਗੇ।

ਇਹ ਵੀ ਪੜ੍ਹੋ : ਕਾਊਂਟਡਾਊਨ ਸ਼ੁਰੂ, ਅੱਜ ਸਵੇਰੇ 11.50 ’ਤੇ ਲਾਂਚ ਹੋਵੇਗਾ ਪਹਿਲਾ ਸੂਰਜ ਮਿਸ਼ਨ
ਇਸ ਸਕੀਮ ਦਾ ਮਕਸਦ ਕੀ ਹੈ ?
ਦਰਅਸਲ ਇਹ ਮੋਬਾਇਲ ਐਪ ਅਤੇ ਯੋਜਨਾ ਟੈਕਸ ਚੋਰੀ ਰੋਕਣ 'ਚ ਬਹੁਤ ਵੱਡਾ ਕਦਮ ਸਾਬਿਤ ਹੋ ਸਕਦੀ ਹੈ। ਸਿਰਫ ਟੈਕਸ ਚੋਰੀ ਹੀ ਨਹੀਂ, ਸਗੋਂ ਇਹ ਯੋਜਨਾ ਇੰਨੀ ਕਾਰਗਰ ਸਾਬਿਤ ਹੋ ਸਕਦੀ ਹੈ ਕਿ ਇਸ ਨਾਲ ਲੋਕਾਂ ਨੂੰ ਚੰਗੀ ਕੁਆਲਿਟੀ ਦੇ ਉਤਪਾਦ ਹਾਸਲ ਹੋਣਗੇ। ਅਕਸਰ ਗਾਹਕਾਂ ਨੂੰ ਬਿੱਲ ਨਾ ਦੇਣ ਦੀ ਆੜ 'ਚ ਸਬ- ਸਟੈਂਡਰਡ ਉਤਪਾਦ ਵੇਚ ਦਿੱਤੇ ਜਾਂਦੇ ਹਨ। ਯੋਜਨਾ ਦੇ ਲਾਗੂ ਹੋਣ ਤੋਂ ਬਾਅਦ ਲੋਕ ਇਨਾਮ ਹਾਸਲ ਕਰਨ ਦੀ ਕੋਸ਼ਿਸ਼ ਤਹਿਤ ਆਪਣੀ ਹਰ ਖ਼ਰੀਦ ਦਾ ਬਿੱਲ ਲੈਣਾ ਸ਼ੁਰੂ ਕਰਨਗੇ ਕਿਉਂਕਿ ਸਕੀਮ 'ਚ ਅਸੀਂ ਇਹ ਕੋਈ ਲਿਮਟ ਤੈਅ ਨਹੀਂ ਕੀਤੀ ਹੈ ਕਿ ਗਾਹਕ ਇਕ ਮਹੀਨੇ ਦੌਰਾਨ ਕਿੰਨੇ ਬਿੱਲ ਅਪਲੋਡ ਕਰ ਸਕਦਾ ਹੈ, ਇਸ ਲਈ ਜਿੰਨੇ ਵੱਧ ਬਿੱਲ ਹੋਣਗੇ, ਓਨਾ ਜਿੱਤਣ ਦਾ ਮੌਕਾ ਵੀ ਹੋਵੇਗਾ। ਹੁਣ ਹਰ ਖ਼ਰੀਦੀ ਗਈ ਚੀਜ਼ ਦਾ ਜਦੋਂ ਬਿੱਲ ਦੁਕਾਨਦਾਰ ਤੋਂ ਲਿਆ ਜਾਵੇਗਾ ਅਤੇ ਅਪਲੋਡ ਕੀਤਾ ਜਾਵੇਗਾ ਤਾਂ ਬਿਨ੍ਹਾਂ ਬਿੱਲ ਹੋਣ ਵਾਲੀ ਵਿਕਰੀ ਦੇ ਜ਼ਰੀਏ ਟੈਕਸ ਚੋਰੀ ਦਾ ਰਾਹ ਬੰਦ ਹੋ ਜਾਵੇਗਾ। ਟੈਕਸ ਚੋਰੀ ਦਾ ਬਹੁਤ ਵੱਡਾ ਹਿੱਸਾ ਬਿਨ੍ਹਾਂ ਬਿੱਲ ਦੀ ਵਿਕਰੀ ਦਾ ਵੀ ਹੈ। ਜਦੋਂ ਲੋਕਾਂ ਦੀ ਜਾਗਰੂਕਤਾ ਦੇ ਨਾਲ ਇਹ ਟੈਕਸ ਚੋਰੀ ਬੰਦ ਹੋਵੇਗੀ ਤਾਂ ਸਾਫ਼ ਜਿਹੀ ਗੱਲ ਹੈ ਕਿ ਰਾਜ ਦੇ ਖਜ਼ਾਨੇ 'ਚ ਟੈਕਸ ਤੋਂ ਆਮਦਨ ਵਧੇਗੀ। ਉਸੇ ਵਧੇ ਹੋਏ ਮਾਲੀਏ ਤੋਂ ਪੰਜਾਬ ਦੇ ਵਿਕਾਸ ਨੂੰ ਹੋਰ ਰਫ਼ਤਾਰ ਮਿਲੇਗੀ। ਇਸ ਲਈ ਕਹਿ ਰਿਹਾ ਹਾਂ ਕਿ ਇਹ ਸਕੀਮ ਬਹੁਤ ਵੱਡਾ ਕਦਮ ਸਾਬਿਤ ਹੋਵੇਗੀ।

ਇਹ ਵੀ ਪੜ੍ਹੋ : ਕੈਨੇਡਾ ਨੇ ਭਾਰਤ ਨਾਲ ਰੋਕੀ ਵਪਾਰਕ ਗੱਲਬਾਤ, ਭਾਰਤ ਦੇ ਹਾਈ ਕਮਿਸ਼ਨਰ ਨੇ ਦਿੱਤੀ ਜਾਣਕਾਰੀ
ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੇ ਲੋਕ ਇਸ ਯੋਜਨਾ ਨੂੰ ਅਪਣਾਉਣਗੇ?
ਲੋਕਾਂ ਦਾ ਇਸ ਸਕੀਮ ਨੂੰ ਭਰਪੂਰ ਸਮਰਥਨ ਮਿਲਣ ਦੀ ਪੂਰੀ ਸੰਭਾਵਨਾ ਹੈ। ਅੱਜ ‘ਮੇਰਾ ਬਿੱਲ’ ਐਪ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਰਾਜ ਭਰ 'ਚ 105 ਤੋਂ ਵੱਧ ਸਥਾਨਾਂ ’ਤੇ ਚਲਾਈ ਗਈ ਮੁਹਿੰਮ ਵਜੋਂ ਇਸ ਐਪ ਦੇ ਲਾਂਚ ਹੋਣ ਦੇ ਕੁੱਝ ਘੰਟਿਆਂ 'ਚ ਹੀ 15,452 ਆਦਮੀਆਂ ਵਲੋਂ ਇਸ ਨੂੰ ਡਾਊਨਲੋਡ ਕੀਤਾ ਗਿਆ ਅਤੇ 948 ਖ਼ਪਤਕਾਰਾਂ ਵਲੋਂ ਆਪਣੇ ਬਿੱਲ ਵੀ ਅਪਲੋਡ ਕੀਤੇ ਗਏ ਹਨ।
ਵਿਕਾਸ 'ਚ ਹਿੱਸੇਦਾਰ ਬਣਨ ਦਾ ਮੌਕਾ ਦਿੰਦੀ ਹੈ ਇਹ ਯੋਜਨਾ
ਲੋਕਾਂ ਨੂੰ ਟੈਕਸ ਕਾਨੂੰਨਾਂ ਦੀ ਪਾਲਣਾ ਕਰਨ ਅਤੇ ਰਾਜ ਦੇ ਵਿਕਾਸ 'ਚ ਅਹਿਮ ਹਿੱਸੇਦਾਰ ਬਣਨ ਦਾ ਮੌਕਾ ਦਿੰਦੀ ਹੈ ਇਹ ਯੋਜਨਾ। ਟੈਕਸ ਦੀ ਪਾਲਣਾ ਕਰਨ ਦਾ ਸੁਨੇਹਾ ਘਰ-ਘਰ ਤੱਕ ਪਹੁੰਚਾਉਣ ਦੀ ਲੋੜ ਹੈ, ਜਿਸ ਨਾਲ ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਨੂੰ ਫਿਰ ਰੰਗਲਾ ਪੰਜਾਬ ਬਣਾਉਣ ਵੱਲ ਵੱਧਦੀ ਰਹੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News