ਪੰਜਾਬ ਸਰਕਾਰ ਵਲੋਂ ਕੋਵਿਡ ਹਾਲਾਤ ’ਚ ਢਿੱਲ ਦਿੰਦਿਆਂ ਨਵੇਂ ਹੁਕਮ ਜਾਰੀ

Friday, Oct 01, 2021 - 06:49 PM (IST)

ਚੰਡੀਗੜ੍ਹ (ਬਿਊਰੋ) : ਸੂਬੇ ਭਰ ’ਚ ਕੋਵਿਡ ਸਥਿਤੀ ’ਚ ਹੋਏ ਸੰਤੁਸ਼ਟੀਜਨਕ ਸੁਧਾਰ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬੰਦਿਸ਼ਾਂ ’ਚ ਢਿੱਲ ਦਿੰਦਿਆਂ ਰਾਜ ’ਚ ਅੰਦਰੂਨੀ ਇਕੱਠਾਂ ’ਤੇ ਵਿਅਕਤੀਆਂ ਦੀ ਗਿਣਤੀ 150 ਤੋਂ ਵਧਾ ਕੇ 300 ਕਰ ਦਿੱਤੀ ਹੈ। ਇਸ ਦੇ ਨਾਲ ਹੀ ਬਾਹਰੀ ਇਕੱਠ ਵਾਸਤੇ ਇਹ ਗਿਣਤੀ 300 ਤੋਂ ਵਧਾ ਕੇ 500 ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਨ੍ਹਾਂ ਛੋਟ ਦੇ ਬਾਵਜੂਦ ਕੋਵਿਡ ਪ੍ਰੋਟੋਕੋਲ ਪਾਬੰਦੀਆਂ ਦਾ ਸਖਤੀ ਨਾਲ ਪਾਲਣ ਕੀਤਾ ਜਾਵੇਗਾ। ਸੂਬੇ ’ਚ ਕੋਵਿਡ ਸਥਿਤੀ ਦੀ ਸਮੀਖਿਆ ਕਰਦਿਆਂ ਮੁੱਖ ਮੰਤਰੀ ਨੇ ਸਕੂਲ ਸਿੱਖਿਆ ਵਿਭਾਗ ਨੂੰ ਜ਼ਰੂਰੀ ਸਿਹਤ ਪ੍ਰੋਟੋਕਾਲਾਂ ਦੀ ਪਾਲਣਾ ਕਰਦਿਆਂ ਵਿਦਿਆਰਥੀਆਂ ਨੂੰ ਕਲਾਸਾਂ ਵਿੱਚ ਹਾਜ਼ਰ ਹੋਣ ਲਈ ਉਤਸਾਹਤ ਕਰਨ ਵਾਸਤੇ ਵੀ ਕਿਹਾ। ਇਸੇ ਤਰ੍ਹਾਂ ਉਨ੍ਹਾਂ ਨੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮਹਿਕਮੇ ਨੂੰ ਨਿਰਧਾਰਤ ਕੋਵਿਡ ਸੁਰੱਖਿਆ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਦੇ ਹੋਏ ਆਂਗਣਵਾੜੀ ਕੇਂਦਰਾਂ ਨੂੰ ਮੁੜ ਖੋਲ੍ਹਣ ਲਈ ਵੀ ਕਿਹਾ। ਕੋਵਿਡ ਦੇ ਮਾਮਲਿਆਂ ’ਚ ਆਈ ਕਮੀ ਅਤੇ ਸੰਤੁਸ਼ਟੀ ਜ਼ਾਹਿਰ ਕਰਦਿਆਂ ਮੁੱਖ ਮੰਤਰੀ ਪੰਜਾਬ ਨੇ ਸਿਹਤ ਵਿਭਾਗ ਨੂੰ ਕੋਵਿਡ ਸਬੰਧੀ ਨਿਯਮਾਂ ਦੀ ਸਖ਼ਤੀ ਨਾਲ ਪਾਲਨਾ ਕਰਨ ਦੀ ਹਿਦਾਇਤ ਕਰਦਿਆਂ ਕਿਹਾ ਕਿ ਮਾਸਕ ਪਹਿਨਣ ਅਤੇ ਸਮਾਜਿਕ ਦੂਰੀ ਸਬੰਧੀ ਨਿਯਮਾਂ ਦੀ ਪਾਲਨਾ ਇੰਨ-ਬਿੰਨ ਕਰਵਾਈ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਅਗਾਮੀ ਤਿਉਹਾਰਾਂ ਦੇ ਮੱਦੇਨਜ਼ਰ ਕੋਵਿਡ ਸਬੰਧੀ ਟੈਸਟ ਕਰਨ ਦੀ ਸਮੱਰਥਾ ਨੂੰ 50,000 ਪ੍ਰਤੀ ਦਿਨ ਕਰਨ ਦੇ ਵੀ ਹੁਕਮ ਦਿੱਤੇ।

ਇਹ ਵੀ ਪੜ੍ਹੋ :  ਐਕਸ਼ਨ ’ਚ  ਟਰਾਂਸਪੋਰਟ ਮੰਤਰੀ ਰਾਜਾ ਵੜਿੰਗ, ਬਠਿੰਡਾ ਬੱਸ ਅੱਡੇ ਤੋਂ ਚੱਕਿਆ ਔਰਬਿਟ ਦਾ ਦਫ਼ਤਰ

ਇਸ ਮੌਕੇ ਕੋਵਿਡ ਸਬੰਧੀ ਮੌਜੂਦਾ ਹਾਲਾਤ ਬਾਰੇ ਜਾਣਕਾਰੀ ਦੇਣ ਲਈ ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਅਲੋਕ ਸ਼ੇਖਰ ਨੇ ਇਕ ਸੰਖੇਪ ਪੇਸ਼ਕਾਰੀ ਰਾਹੀਂ ਜਾਣਕਾਰੀ ਦਿੰਦਿਆ ਦੱਸਿਆ ਕਿ ਬੀਤੇ ਇਕ ਹਫ਼ਤੇ ਦੌਰਾਨ ਸੂਬੇ ਵਿਚ ਕੁਲ 232 ਕੋਵਿਡ ਦੇ ਮਾਮਲੇ ਸਾਹਮਣੇ ਆਏ ਸਨ ਜੋ ਕਿ ਪ੍ਰਤੀ ਦਿਨ 33 ਮਾਮਲੇ ਬਣਦੇ ਹਨ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆ ਕਿਹਾ ਕਿ 14 ਸਤੰਬਰ ਤੋਂ 20 ਸਤੰਬਰ ਤੱਕ ਬਲੈਕ ਫੰਗਸ ਦਾ ਇਕ ਮਾਮਲਾ ਸਾਹਮਣੇ ਆਇਆ ਸੀ। ਇਸ ਤੋਂ ਇਲਾਵਾ ਅਜੇ ਤੱਕ ਇਸ ਬਿਮਾਰੀ ਦਾ ਹੋਰ ਕੋਈ ਵੀ ਮਾਮਲਾ ਸਾਹਮਣਾ ਨਹੀਂ ਆਇਆ।

ਇਹ ਵੀ ਪੜ੍ਹੋ : ਵੱਡਾ ਸਵਾਲ : ਕਾਂਗਰਸ ਕੋਲ ਕਿਥੋਂ ਆਏਗਾ ਚੋਣ ਲੜਨ ਲਈ ਫੰਡ?

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Anuradha

Content Editor

Related News