ਕੋਵਿਡ ਨਾਲ ਸਬੰਧਤ ਕਿਸੇ ਵੀ ਸੰਕਟ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਤਿਆਰ : ਡਾ. ਬਲਬੀਰ ਸਿੰਘ

Thursday, Apr 06, 2023 - 02:25 AM (IST)

ਕੋਵਿਡ ਨਾਲ ਸਬੰਧਤ ਕਿਸੇ ਵੀ ਸੰਕਟ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਤਿਆਰ : ਡਾ. ਬਲਬੀਰ ਸਿੰਘ

ਚੰਡੀਗੜ੍ਹ/ਪਟਿਆਲਾ (ਬਿਊਰੋ) : ਪੰਜਾਬ 'ਚ ਪਿਛਲੇ ਕੁਝ ਦਿਨਾਂ ਤੋਂ ਕੋਵਿਡ ਦੇ ਮਾਮਲਿਆਂ ’ਚ ਮਾਮੂਲੀ ਵਾਧਾ ਦੇਖਣ ਨੂੰ ਮਿਲਣ ਦੇ ਨਾਲ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕੋਵਿਡ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੀ ਸਥਿਤੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਤਿਆਰ ਹੈ। ਸਿਹਤ ਮੰਤਰੀ, ਜੋ ਅੱਜ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਕੋਵਿਡ ਆਈਸੋਲੇਟਿਡ ਵਾਰਡ ਦੇ ਮੈਡੀਕਲ ਬੁਨਿਆਦੀ ਢਾਂਚੇ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਆਏ ਹੋਏ ਸਨ, ਨੇ ਕਿਹਾ ਕਿ ਸੂਬਾ ਸਰਕਾਰ ਹਸਪਤਾਲਾਂ ’ਚ ਲੋੜੀਂਦੇ ਬੈੱਡਾਂ ਦੀ ਸਮਰੱਥਾ ਅਤੇ ਵੈਂਟੀਲੇਟਰਾਂ ਦੇ ਨਾਲ-ਨਾਲ ਸਾਰੇ ਢੁੱਕਵੇਂ ਪ੍ਰਬੰਧਾਂ ਨਾਲ ਪੂਰੀ ਤਰ੍ਹਾਂ ਤਿਆਰ ਹੈ। ਇਸ ਤੋਂ ਇਲਾਵਾ ਵਾਇਰਸ ਦੇ ਹੋਰ ਫੈਲਾਅ ਨਾਲ ਨਜਿੱਠਣ ਲਈ ਸਾਡੇ ਕੋਲ ਪੀ. ਪੀ. ਈ. ਕਿੱਟਾਂ, ਮਾਸਕ ਅਤੇ ਟੈਸਟਿੰਗ ਕਿੱਟਾਂ ਵੀ ਉਪਲਬਧ ਹਨ।

ਇਹ ਵੀ ਪੜ੍ਹੋ : MLA ਭਰਾਜ ਨੇ ਟੋਲ ਪਲਾਜ਼ਾ 'ਤੇ ਗੁੰਡਾ ਟੈਕਸ ਬੰਦ ਕਰਕੇ ਪ੍ਰਬੰਧਾਂ ਨੂੰ ਪੂਰਾ ਕਰਨ ਲਈ ਦਿੱਤਾ 10 ਦਿਨ ਦਾ ਅਲਟੀਮੇਟਮ

ਉਨ੍ਹਾਂ ਕਿਹਾ ਕਿ ਸਰਕਾਰ ਕੋਲ ਲੋੜੀਂਦੇ ਡਾਕਟਰ ਅਤੇ ਮੈਡੀਕਲ ਸਟਾਫ ਦੇ ਨਾਲ-ਨਾਲ ਸੂਬੇ ਦੇ ਸਾਰੇ ਸਰਕਾਰੀ ਹਸਪਤਾਲਾਂ ’ਚ ਸਾਰੇ ਆਕਸੀਜਨ ਪਲਾਂਟ ਅਤੇ ਐਮਰਜੈਂਸੀ ਸਿਸਟਮ ਪੂਰੀ ਤਰ੍ਹਾਂ ਕਾਰਜਸ਼ੀਲ ਹਨ। ਹਾਲਾਂਕਿ ਸਥਿਤੀ ਕਾਬੂ ’ਚ ਹੈ ਅਤੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਡਾ. ਬਲਬੀਰ ਸਿੰਘ ਨੇ ਲੋਕਾਂ ਨੂੰ ਫਿਰ ਵੀ ਸਮਾਜਿਕ ਦੂਰੀ, ਮਾਸਕ ਪਹਿਨਣ ਅਤੇ ਕੋਰੋਨਾ ਵਾਇਰਸ ਨੂੰ ਰੋਕਣ ਲਈ ਵਾਰ-ਵਾਰ ਹੱਥ ਧੋਣ ਸਮੇਤ ਸਿਹਤ ਅਤੇ ਸੁਰੱਖਿਆ ਪ੍ਰੋਟੋਕੋਲ ਦੀ ਸਖਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ : ਭਾਜਪਾ ਆਗੂ ਤਰੁਣ ਚੁੱਘ ਨੇ ਸਿੱਖਿਆ ਮੰਤਰੀ 'ਤੇ ਵਿਅੰਗ ਕਰਦਿਆਂ ਇਹ ਗੱਲ

ਉਨ੍ਹਾਂ ਕਿਹਾ ਕਿ ਲੋਕਾਂ, ਖਾਸ ਕਰਕੇ ਜਿਨ੍ਹਾਂ ਦੀ ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਘੱਟ ਹੈ ਜਾਂ ਕੋਵਿਡ ਦੇ ਲੱਛਣ ਜਿਵੇਂ ਜ਼ੁਕਾਮ ਜਾਂ ਖੰਘ ਲੱਗ ਰਹੀ ਹੈ, ਨੂੰ ਆਪਣਾ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ। ਜਦੋਂ ਤੱਕ ਕੋਈ ਜ਼ਰੂਰੀ ਕੰਮ ਨਾ ਹੋਵੇ, ਬਾਹਰ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਵੀ ਉਹ ਆਪਣੇ ਘਰੋਂ ਬਾਹਰ ਨਿਕਲਣ ਤਾਂ ਲਾਜ਼ਮੀ ਮਾਸਕ ਪਹਿਨ ਕੇ ਹੀ ਬਾਹਰ ਜਾਣ। ਕੇਂਦਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਸਿਹਤ ਵਿਭਾਗ ਵੱਲੋਂ 10-11 ਅਪ੍ਰੈਲ ਨੂੰ ਸੂਬੇ ’ਚ ਕੋਵਿਡ ਸਬੰਧੀ ਤਿਆਰੀਆਂ ਨੂੰ ਯਕੀਨੀ ਬਣਾਉਣ ਲਈ ਮੌਕ ਡਰਿੱਲ ਕਰਵਾਈ ਜਾਵੇਗੀ। ਇਸ ਦੌਰਾਨ ਸਿਹਤ ਮੰਤਰੀ ਨੇ ਲੋਕਾਂ ਨੂੰ ਅਫਵਾਹਾਂ ਤੋਂ ਬਚਣ ਦੀ ਵੀ ਅਪੀਲ ਕੀਤੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News