ਪੰਜਾਬ ਸਰਕਾਰ ਮੁਹੱਲਾ ਕਲੀਨਿਕ ਦੇ ਨਾਂ 'ਤੇ ਲੋਕਾਂ ਨਾਲ ਕਰ ਰਹੀ ਹੈ ਧੋਖਾ : ਤਰੁਣ ਚੁੱਘ
Thursday, Feb 23, 2023 - 11:18 PM (IST)
ਚੰਡੀਗੜ੍ਹ (ਬਿਊਰੋ) : ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਕੇਂਦਰ ਸਰਕਾਰ 'ਤੇ ਚੁੱਕੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਸਿਹਤ ਵਿਵਸਥਾ ਦੀ ਹਾਲਤ ਠੀਕ ਨਹੀਂ ਹੈ। ਪੰਜਾਬ ਵਿੱਚ ਇਕ ਪਾਸੇ ਤਾਂ ਮਾਨ ਸਰਕਾਰ ਪੁਰਾਣੀਆਂ ਡਿਸਪੈਂਸਰੀਆਂ ਨੂੰ ਮੁਹੱਲਾ ਕਲੀਨਿਕ ਦੇ ਨਾਂ 'ਤੇ ਪ੍ਰਮੋਟ ਕਰ ਰਹੀ ਹੈ, ਦੂਜੇ ਪਾਸੇ ਪੰਜਾਬ ਵਿੱਚ ਕੈਂਸਰ ਵਰਗੀ ਗੰਭੀਰ ਬਿਮਾਰੀ ਅਤੇ ਵੱਡੀਆਂ ਸਿਹਤ ਸਹੂਲਤਾਂ ਨਾਲ ਲੜਨ ਲਈ ਕੋਈ ਠੋਸ ਕਦਮ ਨਹੀਂ ਚੁੱਕ ਰਹੀ। ਇਹ ਪੰਜਾਬ ਦੇ ਲੋਕਾਂ ਨਾਲ ਧੋਖਾ ਹੈ ਅਤੇ ਪੰਜਾਬ ਦੇ ਲੋਕਾਂ ਦਾ ਪੈਸਾ ਸਿਰਫ ਬ੍ਰਾਂਡਿੰਗ ਫੋਟੋਆਂ ਚਿਪਕਾਉਣ ਲਈ ਵਰਤਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪ੍ਰਮਾਣੂ ਯੁੱਧ ਦੇ ਕੰਢੇ 'ਤੇ ਖੜ੍ਹੀ ਦੁਨੀਆ, 32 ਸਾਲਾਂ ਬਾਅਦ ਪੁਤਿਨ ਨੇ ਖੋਲ੍ਹੀ ਪ੍ਰਮਾਣੂ ਪ੍ਰੀਖਣ ਸਾਈਟ
ਸੂਬੇ ਦੇ ਸਿਹਤ ਮੰਤਰੀ ਦੇ ਬਿਆਨ 'ਤੇ ਚੁਟਕੀ ਲੈਂਦਿਆਂ ਚੁੱਘ ਨੇ ਕਿਹਾ ਕਿ ਪਿਛਲੇ 3 ਸਾਲਾਂ 'ਚ ਕੇਂਦਰ ਸਰਕਾਰ ਵੱਲੋਂ ਪੰਜਾਬ 'ਚ ਸਿਹਤ ਖੇਤਰ ਦੇ ਖਰਚੇ ਲਈ ਕਰੀਬ 2741 ਕਰੋੜ ਰੁਪਏ ਅਲਾਟ ਕੀਤੇ ਗਏ, ਜਿਨ੍ਹਾਂ 'ਚੋਂ 1950 ਕਰੋੜ ਰੁਪਏ ਸਿਰਫ ਨੈਸ਼ਨਲ ਹੈਲਥ ਮਿਸ਼ਨ ਤਹਿਤ ਦਿੱਤੇ ਗਏ ਹਨ ਅਤੇ 12 ਨਵੇਂ ਮੈਡੀਕਲ ਕਾਲਜਾਂ ਲਈ 245 ਕਰੋੜ ਰੁਪਏ ਦਿੱਤੇ ਗਏ ਹਨ ਅਤੇ ਭਾਰਤ ਦੇ ਸਿਹਤ ਖੇਤਰ ਵਿੱਚ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਨਾ ਮੋਦੀ ਸਰਕਾਰ ਦਾ ਮੁੱਢਲਾ ਏਜੰਡਾ ਹੈ। ਜਿੱਥੇ ਮੋਦੀ ਸਰਕਾਰ ਨੇ ਬਜਟ ਵਿਚ ਵੱਡੇ ਪੱਧਰ 'ਤੇ ਵਾਧਾ ਕੀਤਾ ਹੈ, ਉਥੇ ਹੀ ਪੰਜਾਬ ਦੀ 'ਆਪ' ਸਰਕਾਰ ਸਿਹਤ ਸੇਵਾਵਾਂ ਦੇ ਨਾਂ 'ਤੇ ਘਟੀਆ ਰਾਜਨੀਤੀ ਕਰ ਰਹੀ ਹੈ। ਅੱਜ ਕੇਂਦਰ ਸਰਕਾਰ ਦੀਆਂ ਦਰਜਨਾਂ ਸਕੀਮਾਂ ਦਾ ਲਾਭ ਦੇਸ਼ ਦੇ ਆਖਰੀ ਵਿਅਕਤੀ ਤੱਕ ਪਹੁੰਚ ਰਿਹਾ ਹੈ।
ਇਹ ਵੀ ਪੜ੍ਹੋ : ਘਟਦੀ ਆਬਾਦੀ ਕਾਰਨ ਤਣਾਅ 'ਚ ਚੀਨ ਸਰਕਾਰ, ਜਨਮ ਦਰ ਵਧਾਉਣ ਲਈ ਸ਼ੁਰੂ ਕੀਤੀ ਹੁਣ ਇਹ ਸਕੀਮ
ਮੁਹੱਲਾ ਕਲੀਨਿਕਾਂ 'ਤੇ ਟਿੱਪਣੀ ਕਰਦਿਆਂ ਚੁੱਘ ਨੇ ਕਿਹਾ ਕਿ ਪੰਜਾਬ ਸਰਕਾਰ ਜਿਸ ਮੁਹੱਲਾ ਕਲੀਨਿਕ ਨੂੰ ਵਿਸ਼ਵ ਪੱਧਰੀ ਸਹੂਲਤਾਂ ਨਾਲ ਲੈਸ ਹੋਣ ਦਾ ਦਾਅਵਾ ਕਰ ਰਹੀ ਹੈ, ਉਹ ਪੰਜਾਬ ਦੀ ਮੌਜੂਦਾ ਸਿਹਤ ਸਥਿਤੀ ਨਾਲ ਲੜਨ ਦੀ ਸਮਰੱਥਾ ਨਹੀਂ ਰੱਖਦੇ ਅਤੇ ਸਿਰਫ਼ ਸਿਰਦਰਦ ਦੀ ਦਵਾਈ ਦੇਣ ਵਾਲੀਆਂ ਡਿਸਪੈਂਸਰੀਆਂ ਹਨ। ਇਨ੍ਹਾਂ ਮੁਹੱਲਾ ਕਲੀਨਿਕਾਂ ਵਿੱਚ ਬੁਨਿਆਦੀ ਸਹੂਲਤਾਂ, ਦਵਾਈਆਂ ਅਤੇ ਉੱਚ ਪੱਧਰੀ ਮੈਡੀਕਲ ਟੈਸਟਾਂ ਅਤੇ ਸੇਵਾਵਾਂ ਦੀ ਘਾਟ ਹੈ। ਪੰਜਾਬ ਇਸ ਸਮੇਂ ਕੈਂਸਰ, ਹੈਪੇਟਾਈਟਸ ਅਤੇ ਹੋਰ ਕਈ ਗੰਭੀਰ ਬਿਮਾਰੀਆਂ ਨਾਲ ਜੂਝ ਰਿਹਾ ਹੈ ਅਤੇ ਇਨ੍ਹਾਂ ਬਿਮਾਰੀਆਂ ਨਾਲ ਲੜਨ ਲਈ ਸੂਬੇ ਨੂੰ ਮੁਹੱਲਾ ਕਲੀਨਿਕਾਂ ਦੀ ਥਾਂ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਵੱਡੇ ਹਸਪਤਾਲ ਖੋਲ੍ਹਣ ਦੀ ਲੋੜ ਹੈ। ਚੁੱਘ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਦੇ ਲੋਕਾਂ ਦੇ ਪੈਸੇ ਦੀ ਦੁਰਵਰਤੋਂ ਕਰ ਰਹੀ ਹੈ, ਵੱਡੇ ਹਸਪਤਾਲ ਖੋਲ੍ਹਣ ਦੀ ਬਜਾਏ ਸਰਕਾਰ ਨੇ ਇਸ਼ਤਿਹਾਰਾਂ 'ਤੇ ਕਰੀਬ 30 ਕਰੋੜ ਰੁਪਏ ਖਰਚ ਕੀਤੇ ਹਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।