ਪੰਜਾਬ ਸਰਕਾਰ ਵੱਲੋਂ ਪੰਜਾਬ ਮਨੁੱਖੀ ਤਸਕਰੀ ਰੋਕਥਾਮ ਐਕਟ ਤਹਿਤ ਟ੍ਰੈਵਲ ਏਜੰਟਾਂ ਲਈ ਰਜਿਸਟ੍ਰੇਸ਼ਨ ਕਰਵਾਉਣਾ ਲਾਜ਼ਮੀ : ਡਿਪਟੀ ਕਮਿਸ਼ਨਰ

07/20/2017 2:44:51 PM

ਫ਼ਰੀਦਕੋਟ (ਹਾਲੀ)- ਪੰਜਾਬ ਸਰਕਾਰ ਵੱਲੋਂ ਮਾਨਵ ਤਸਕਰੀ ਰੋਕਣ ਲਈ ਪੰਜਾਬ ਮਨੁੱਖੀ ਤਸਕਰੀ ਰੋਕਥਾਮ ਐਕਟ ਤਹਿਤ ਟ੍ਰੈਵਲ ਏਜੰਟਾਂ ਲਈ ਰਜਿਸਟ੍ਰੇਸ਼ਨ ਕਰਵਾਉਣਾ/ਲਾਈਸੈਂਸ ਲੈਣਾ ਲਾਜ਼ਮੀ ਕੀਤਾ ਗਿਆ ਹੈ। 
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਫ਼ਰੀਦਕੋਟ ਰਾਜੀਵ ਪਰਾਸ਼ਰ ਨੇ ਦੱਸਿਆ ਕਿ ਜ਼ਿਲੇ ਵਿੱਚ ਕੰਮ ਕਰ ਰਹੇ ਟ੍ਰੈਵਲ ਏਜੰਟਾਂ, ਕੰਸਲਟੈਂਸੀਜ਼ ਟਿਕਟਿੰਗ ਏਜੰਟਾਂ ਅਤੇ ਆਈਲੈਟਸ ਸੈਂਟਰਾਂ ਦੀਆਂ ਕੋਚਿੰਗ ਸੰਸਥਾਵਾਂ ਪਾਸੋਂ ਆਪਣੀ ਰਜਿਸਟ੍ਰੇਸ਼ਨ ਕਰਵਾਉਣ/ਲਾਈਸੈਂਸ ਪ੍ਰਾਪਤ ਕਰਨ ਲਈ ਦਰਖਾਸਤਾਂ ਦੀ ਮੰਗ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਜ਼ਿਲੇ 'ਚ ਟ੍ਰੈਵਲ ਏਜੰਟਾਂ, ਕੋਚਿੰਗ ਇੰਸਟੀਚਿਊਟ ਆਫ਼ ਆਈਲੈਟਸ, ਕੰਸਲਟੈਂਸੀਜ਼ ਅਤੇ ਟਿਕਟਿੰਗ ਏਜੰਟ ਦਾ ਕੰਮ ਕਰਨ ਵਾਲਿਆਂ ਨੂੰ ਹਦਾਇਤ ਜਾਰੀ ਕੀਤੀ ਹੈ ਕਿ ਜਿਨ੍ਹਾਂ ਇੰਸਟੀਚਿਊਟਸ/ਏਜੰਟਾਂ ਵੱਲੋਂ ਅਜੇ ਤੱਕ ਰਜਿਸਟ੍ਰੇਸ਼ਨ ਨਹੀਂ ਕਰਵਾਈ ਗਈ, ਉਹ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਲਈ ਦਰਖਾਸਤਾਂ ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ ਰਜਿਸਟ੍ਰੇਸ਼ਨ ਨਾ ਕਰਵਾਉਣ ਦੀ ਸੂਰਤ 'ਚ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਕਾਨੂੰਨ ਵਿਦੇਸ਼ ਜਾਣ ਦੇ ਨਾਂ 'ਤੇ ਹੋਣ ਵਾਲੀਆਂ ਧੋਖਾਧੜੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲੇ ਵਿੱਚ ਜੇਕਰ ਕੋਈ ਵੀ ਅਦਾਰਾ ਬਿਨ੍ਹਾਂ ਰਜਿਸਟ੍ਰੇਸ਼ਨ ਦੇ ਅਜਿਹੀਆਂ ਗਤੀਵਿਧੀਆਂ 'ਚ ਸ਼ਾਮਿਲ ਪਾਇਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਹੁਣ ਤੱਕ ਜ਼ਿਲਾ ਫ਼ਰੀਦਕੋਟ ਦੇ 8 ਕੰਸਲਟੈਂਸੀਜ਼ ਦੀ ਰਜਿਸਟਰੇਸ਼ਨ ਹੋ ਚੁੱਕੀ ਹੈ, ਜਿਨ੍ਹਾਂ 'ਚੋ 6 ਫ਼ਰੀਦਕੋਟ ਦੇ ਰਾਇਲ ਰਿਚ ਟ੍ਰਿਪ ਕੰਸਲਟੈਂਸੀ, ਪ੍ਰੋਫੈਸ਼ਨਲਜ਼ ਵਰਲਡਵਾਈਡ ਕੰਸਲਟੈਂਸੀ, ਮੈ. ਸੇਂਟ ਫਰੀਦ ਗਰੁੱਪ, ਵੈਸਟ ਵਿੰਗ ਪਲੇਸਮੈਂਟ ਐਂਡ ਇਮੀਗ੍ਰੇਸ਼ਨ ਕੰਸਲਟੈਂਸੀ, ਏ ਟੂ ਜੈਡ ਸਲਿਊਸ਼ਨ ਇਮੀਗ੍ਰੇਸ਼ਨ ਕੰਸਲਟੈਂਟਸ, ਬਾਬਾ ਸ਼ੇਖ ਫਰੀਦ ਜੀ ਵੀਜ਼ਾ ਐਂਡ ਐਜੂਕੇਸ਼ਨ ਕੰਨਸਲਟੈਂਸੀ ਅਤੇ ਕੋਟਕਪੂਰਾ ਦੇ 2 ਜਿਨ੍ਹਾਂ 'ਚ ਬਾਂਸਲ ਸਟੱਡੀ ਵੀਜ਼ਾ ਕੰਸਲਟੈਂਸੀ ਅਤੇ ਕੈਨੇਡੀਅਨ ਅਕੈਡਮੀ ਸ਼ਾਮਿਲ ਹਨ।
ਡਿਪਟੀ ਕਮਿਸ਼ਨਰ ਨੇ ਜ਼ਿਲੇ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਕੇਵਲ ਮਾਨਤਾ ਪ੍ਰਾਪਤ ਟਰੈਵਲ ਏਜੰਟਾਂ, ਆਇਲੈਟਸ ਇੰਸਟੀਚਿਊਟ ਤੋਂ ਹੀ ਸੇਵਾਵਾਂ ਪ੍ਰਾਪਤ ਕਰਨ ਤਾਂ ਜੋ ਕਿਸੇ ਵੀ ਪ੍ਰਕਾਰ ਦੀ ਧੋਖਾਧੜੀ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਨ੍ਹਾਂ ਦੀਆਂ ਸੇਵਾਵਾਂ ਲੈਣ ਤੋਂ ਪਹਿਲਾਂ ਇਨ੍ਹਾਂ ਦੀ ਰਜਿਸਟ੍ਰੇਸ਼ਨ ਦੀ ਪੜਤਾਲ ਕਰ ਲੈਣੀ ਚਾਹੀਦੀ ਹੈ।


Related News