ਪੰਜਾਬ ਸਰਕਾਰ ਦਾ ਹੈਲੀਕਾਪਟਰ ਬਣਿਆ ਪਹੇਲੀ, ਚੰਨੀ ਗਏ ਹੈਲੀਕਾਪਟਰ ਵਿਚ ਪਰਤੇ ਫਲਾਈਟ ਰਾਹੀਂ
Saturday, Oct 02, 2021 - 02:10 PM (IST)
ਚੰਡੀਗੜ੍ਹ (ਅਸ਼ਵਨੀ) : ਪੰਜਾਬ ਸਰਕਾਰ ਦਾ ਹੈਲੀਕਾਪਟਰ ਸ਼ੁੱਕਰਵਾਰ ਨੂੰ ਅਚਾਨਕ ਪਹੇਲੀ ਬਣ ਗਿਆ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚੰਡੀਗੜ੍ਹ ਵਿਚ ਹੈਲੀਕਾਪਟਰ ’ਤੇ ਸਵਾਰ ਹੋ ਕੇ ਦਿੱਲੀ ਗਏ ਸਨ ਪਰ ਦਿੱਲੀ ਤੋਂ ਚੰਡੀਗੜ੍ਹ ਪਰਤਦੇ ਹੋਏ ਉਨ੍ਹਾਂ ਫਲਾਈਟ ’ਚ ਸਫ਼ਰ ਕੀਤਾ। ਬਕਾਇਦਾ ਮੁੱਖ ਮੰਤਰੀ ਦੀ ਇਕ ਤਸਵੀਰ ਵੀ ਖਿੱਚੀ ਗਈ, ਜਿਸ ਨੂੰ ਸੋਸ਼ਲ ਮੀਡੀਆ ’ਤੇ ਫੈਲਾਇਆ ਗਿਆ।
ਇਸ ਤਸਵੀਰ ਜ਼ਰੀਏ ਕਿਹਾ ਗਿਆ ਕਿ ਮੁੱਖ ਮੰਤਰੀ ਚੰਨੀ ਇਕ ਆਮ ਵਿਅਕਤੀ ਦੀ ਤਰ੍ਹਾਂ ਇਕੋਨਾਮੀ ਕਲਾਸ ਵਿਚ ਸਫ਼ਰ ਕਰਦੇ ਹੋਏ ਫਲਾਈਟ ਦੇ ਜ਼ਰੀਏ ਚੰਡੀਗੜ੍ਹ ਪਹੁੰਚੇ। ਇਹ ਵੱਖਰੀ ਗੱਲ ਹੈ ਕਿ ਇਹੀ ਪ੍ਰਚਾਰ ਉਲਟਾ ਪੈ ਗਿਆ ਅਤੇ ਸਵਾਲ ਉੱਠਣ ਲੱਗੇ ਕਿ ਆਖ਼ਰ ਹੈਲੀਕਾਪਟਰ ਕਿੱਥੇ ਗਿਆ। ਜਿਸ ਹੈਲੀਕਾਪਟਰ ਵਿਚ ਚੰਡੀਗੜ੍ਹ ਤੋਂ ਦਿੱਲੀ ਰਵਾਨਾ ਹੁੰਦੇ ਹੋਏ ਕਈ ਅਧਿਕਾਰੀ ਵੀ ਮੁੱਖ ਮੰਤਰੀ ਨਾਲ ਸਨ ਪਰ ਫਲਾਈਟ ਵਿਚ ਸਿਰਫ ਮੁੱਖ ਮੰਤਰੀ ਨੂੰ ਹੀ ਕੇਂਦਰ ਵਿਚ ਰੱਖ ਕੇ ਤਸਵੀਰ ਜਾਰੀ ਕੀਤੀ ਗਈ।
ਇਹ ਵੀ ਪੜ੍ਹੋ : ਲੁਧਿਆਣਾ 'ਚ ਕੇਜਰੀਵਾਲ ਦਾ ਵੱਡਾ ਐਲਾਨ, ਪੰਜਾਬੀਆਂ ਨੂੰ ਸਿਹਤ ਸਬੰਧੀ ਦਿੱਤੀਆਂ 6 ਗਾਰੰਟੀਆਂ
ਕਾਇਦੇ ਨਾਲ ਮੁੱਖ ਮੰਤਰੀ ਨੇ ਹੈਲੀਕਾਪਟਰ ਦੇ ਜ਼ਰੀਏ ਹੀ ਚੰਡੀਗੜ੍ਹ ਵਾਪਸ ਪਰਤਣਾ ਸੀ ਪਰ ਦਿੱਲੀ ਵਿਚ ਸਫ਼ਰ ਦੇ ਸ਼ੈਡਿਊਲ ਨੂੰ ਬਦਲ ਦਿੱਤਾ ਗਿਆ। ਇਸ ਨੂੰ ਲੈ ਕੇ ਰਾਜਨੀਤਕ ਵਿਰੋਧੀਆਂ ਨੇ ਵੀ ਨਿਸ਼ਾਨਾ ਸਾਧ ਦਿੱਤਾ ਹੈ। ਵਿਰੋਧੀ ਦਲ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਕਾਂਗਰਸ ਪੰਜਾਬ ਸਰਕਾਰ ਦੇ ਹੈਲੀਕਾਪਟਰ ਦਾ ਗਲਤ ਇਸਤੇਮਾਲ ਕਰ ਰਹੀ ਹੈ। ਪੰਜਾਬ ਕਾਂਗਰਸ ਵਿਚ ਮਚੇ ਘਮਸਾਨ ਦੇ ਚੱਲਦਿਆਂ ਰਾਸ਼ਟਰੀ ਕਾਂਗਰਸ ਦੇ ਨੇਤਾਵਾਂ ਨੂੰ ਹੈਲੀਕਾਪਟਰ ਦੇ ਜ਼ਰੀਏ ਚੰਡੀਗੜ੍ਹ ਤੱਕ ਲਿਆਂਦਾ ਅਤੇ ਵਾਪਸ ਉਨ੍ਹਾਂ ਦੇ ਮੁਕਾਮ ਤੱਕ ਛੱਡਿਆ ਜਾ ਰਿਹਾ ਹੈ।
ਖ਼ਾਸ ਤੌਰ ’ਤੇ ਪੰਜਾਬ ਪ੍ਰਦੇਸ਼ ਕਾਂਗਰਸ ਇੰਚਾਰਜ ਹਰੀਸ਼ ਰਾਵਤ ਹੈਲੀਕਾਪਟਰ ਦਾ ਖੁੱਲ੍ਹੇਆਮ ਇਸਤੇਮਾਲ ਕਰ ਰਹੇ ਹਨ। ਪਿਛਲੇ ਮਹੀਨੇ ਉੱਤਰਾਖੰਡ ਵਿਚ ਹਰੀਸ਼ ਰਾਵਤ ਦੀ ਤਬਦੀਲੀ ਯਾਤਰਾ ਤੋਂ ਪਹਿਲਾਂ ਸਿਤਾਰਗੰਜ ਤੱਕ ਦੀ ਯਾਤਰਾ ਵੀ ਰਾਵਤ ਨੇ ਪੰਜਾਬ ਸਰਕਾਰ ਦੇ ਹੈਲੀਕਾਪਟਰ ਰਾਹੀਂ ਹੀ ਕੀਤੀ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ