ਸੰਘਰਸ਼ ਦੌਰਾਨ ਜਾਨ ਗੁਆਉਣ ਵਾਲੇ ਕਿਸਾਨ ਪਾਲ ਸਿੰਘ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਨੇ ਦਿੱਤੀ ਵਿੱਤੀ ਮਦਦ
Saturday, Dec 19, 2020 - 04:51 PM (IST)
ਨਾਭਾ (ਭੂਪਾ)— ਖੇਤੀ ਸੋਧ ਐਕਟ ਖ਼ਿਲਾਫ਼ ਦਿੱਲੀ ’ਚ ਚੱਲ ਰਹੇ ਸੰਘਰਸ਼ ’ਚ ਹਲਕਾ ਨਾਭਾ ਦੇ ਮੌਤ ਦੇ ਮੂੰਹ ’ਚ ਗਏ ਕਿਸਾਨ ਪਾਲ ਸਿੰਘ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ ਭੇਜਿਆ 5 ਲੱਖ ਰੁਪਏ ਦਾ ਚੈੱਕ ਅੱਜ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਦਿੱਤਾ। ਇਸ ਮੌਕੇ ਸੰਘਰਸ਼ ਦੌਰਾਨ ਮਰੇ ਕਿਸਾਨ ਪਾਲ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਪਿੰਡ ਸਹੌਲੀ ਵਿਖੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਕਿਹਾ ਕਿ ਸੱਚ ਦੀ ਲੜਾਈ ਲੜ ਰਹੇ ਕਿਸਾਨਾਂ ਦੇ ਸੰਘਰਸ਼ ਨੂੰ ਮੋਦੀ ਸਰਕਾਰ ਜਾਣਬੁੱਝ ਕੇ ਕਮਜ਼ੋਰ ਕਰਨਾ ਚਾਹੁੰਦੀ ਹੈ।
ਕੜਾਕੇ ਦੀ ਪੈ ਰਹੀ ਠੰਡ ’ਚ ਕਿਸਾਨ ਸੜਕਾਂ ’ਤੇ ਸੰਘਰਸ਼ ਦੇ ਰਾਹ ਪਏ ਹੋਏ ਹਨ, ਜਦਕਿ ਮੋਦੀ ਸਰਕਾਰ ਨੇ ਮੂੰਹ ’ਤੇ ਮਿੱਟੀ ਮਲੀ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹਮੇਸ਼ਾ ਹੀ ਕਿਸਾਨਾਂ ਨਾਲ ਖੜ੍ਹੀ ਹੈ ਅਤੇ ਖੜ੍ਹੀਰਹੇਗੀ। ਉਨ੍ਹਾਂ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਨਾਲ-ਨਾਲ ਭਾਜਪਾ ਵਾਲੇ ਵੀ ਕਿਸਾਨਾਂ ਦੇ ਦਰਦ ਨੂੰ ਸਮਝਣ ਦੀ ਬਜਾਏ ਉਨ੍ਹਾਂ ਦਾ ਮਜ਼ਾਕ ਉਡਾ ਰਹੇ ਹਨ।
ਇਹ ਵੀ ਪੜ੍ਹੋ: ਜੱਜ ਸਾਹਮਣੇ ਬੋਲਿਆ ਲਾੜਾ, 'ਕਿਡਨੈਪਰ ਨਹੀਂ ਹਾਂ, ਵਿਆਹ ਕੀਤਾ ਹੈ', ਮੈਡੀਕਲ ਕਰਵਾਉਣ 'ਤੇ ਲਾੜੀ ਦਾ ਖੁੱਲ੍ਹਿਆ ਭੇਤ
ਦੇਸ਼ ਦੇ ਕਿਸਾਨ, ਉਦਯੋਗਪਤੀ, ਵਕੀਲ, ਮਜ਼ਦੂਰ, ਆੜ੍ਹਤੀਏ ਸਣੇ ਸਾਰੇ ਹੀ ਵਰਗ ਕਿਸਾਨਾਂ ਦਾ ਸਾਥ ਦੇ ਰਹੇ ਹਨ ਪਰ ਸਿਰਫ਼ ਮੋਦੀ ਸਰਕਾਰ ਅਤੇ ਭਾਜਪਾ ਵਾਲੇ ਹੀ ਇਨ੍ਹਾਂ ਕਾਨੂੰਨਾਂ ਦਾ ਸਮਰਥਨ ਕਰ ਰਹੇ ਹਨ। ਕਿਸਾਨਾਂ ਦੇ ਵਿਰੋਧ ਹੋਣ ਦੇ ਬਾਵਜੂਦ ਮੋਦੀ ਸਰਕਾਰ ਉਨ੍ਹਾਂ ਦਾ ਭਲਾ ਕਰਨ ਦਾ ਡਰਾਮਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਦੇਸ਼ ਦਾ ਕਿਸਾਨ ਹੀ ਇਨ੍ਹਾਂ ਕਾਨੂੰਨਾਂ ਖ਼ਿਲਾਫ਼ ਹੈ ਤਾਂ ਪ੍ਰਧਾਨ ਮੰਤਰੀ ਮੋਦੀ ਨੂੰ ਅਜਿਹਾ ਕਿਹੜਾ ਲਾਲਚ ਹੈ ਕਿ ਉਹ ਜ਼ਬਰਦਸਤੀ ਇਨ੍ਹਾਂ ਕਿਸਾਨਾਂ ਦਾ ਭਲਾ ਕਰਨ ਲਈ ਪੱਬਾਂ ਭਾਰ ਹੋਇਆ ਹੈ।
ਇਹ ਵੀ ਪੜ੍ਹੋ: ਸਹੁਰੇ ਨੇ ਨਹਾਉਂਦੀ ਨੂੰਹ ਦੀਆਂ ਅਸ਼ਲੀਲ ਤਸਵੀਰਾਂ ਖਿੱਚ ਕੀਤੀਆਂ ਵਾਇਰਲ, NRI ਪਤੀ ਨੇ ਵੀ ਕੀਤਾ ਰੂਹ ਕੰਬਾਊ ਕਾਂਡ
ਇਸ ਮੌਕੇ ਕੈਬਨਿਟ ਮੰਤਰੀ ਧਰਮਸੌਤ ਨੇ ਕਿਹਾ ਕਿ ਕਿਸਾਨੀ ਸੰਘਰਸ਼ ’ਚ ਸ਼ਹੀਦੀ ਦਾ ਜਾਮ ਪੀਣ ਵਾਲੇ ਕਿਸਾਨ ਦਾ ਪਰਿਵਾਰ ਗਰੀਬੀ ’ਚ ਜੀਅ ਰਿਹਾ ਹੈ। ਉਨ੍ਹਾਂ ਕਿਹਾ ਕਿ ਮਿ੍ਰਤਕ ਕਿਸਾਨ ਦੀ ਬੇਟੀ ਪੜ੍ਹੀ-ਲਿਖੀ ਹੈ ਅਤੇ ਕੋਈ ਕੋਰਸ ਵੀ ਕੀਤਾ ਹੋਇਆ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਅਤੇ ਮੈਂ ਪੀੜਤ ਪਰਿਵਾਰ ਦੀਆਂ ਮੁਸ਼ਕਿਲਾਂ ਘੱਟ ਕਰਨ ਲਈ ਹੋਰ ਉਪਰਾਲਾ ਵੀ ਕਰਾਂਗਾ। ਇਸ ਮੌਕੇ ਰਜਨੀਸ਼ ਮਿੱਤਲ ਸ਼ੈਂਟੀ ਸਾਬਕਾ ਪ੍ਰਧਾਨ, ਚਰਨਜੀਤ ਬਾਤਿਸ਼ ਪੀ. ਏ., ਜਗਜੀਤ ਸਿੰਘ ਦੁਲੱਦੀ, ਪਰਮਜੀਤ ਸਿੰਘ ਕੱਲਰਮਾਜਰੀ ਇੱਛਿਆਮਾਨ ਸਿੰਘ ਭੋਜੋਮਾਜਰੀ (ਸਾਰੇ ਚੇਅਰਮੈਨ), ਗੌਰਵ ਗਾਬਾ ਸੀ. ਈ. ਓ. ਹੀਰਾ ਆਟੋ ਮੋਬਾਇਲ, ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਖੱਟਡ਼ਾ, ਅੰਮ੍ਰਿਤਬੀਰ ਸਿੰਘ ਐੱਸ. ਐੱਚ. ਓ. ਭਾਦਸੋਂ ਆਦਿ ਸਮੇਤ ਕਾਂਗਰਸੀ ਪੰਚ ਅਤੇ ਸਰਪੰਚ ਵੀ ਮੌਜੂਦ ਰਹੇ।
ਇਹ ਵੀ ਪੜ੍ਹੋ: ਫੇਸਬੁੱਕ ’ਤੇ ਭੋਲ਼ੇ-ਭਾਲ਼ੇ ਲੋਕਾਂ ਨੂੰ ਸਰਗਰਮ ਗਿਰੋਹ ਬਣਾ ਰਿਹੈ ਆਪਣਾ ਸ਼ਿਕਾਰ, ਇੰਝ ਕਰੋ ਬਚਾਅ
ਨੋਟ: ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ