ਝੂਠੀ ਸ਼ੌਹਰਤ ਲਈ ਲੋਕਾਂ ਨੂੰ ਉਜਾੜ ਰਹੀ ਪੰਜਾਬ ਸਰਕਾਰ : ਚੰਦੂਮਾਜਰਾ

Monday, May 16, 2022 - 06:03 PM (IST)

ਝੂਠੀ ਸ਼ੌਹਰਤ ਲਈ ਲੋਕਾਂ ਨੂੰ ਉਜਾੜ ਰਹੀ ਪੰਜਾਬ ਸਰਕਾਰ : ਚੰਦੂਮਾਜਰਾ

ਪਟਿਆਲਾ (ਇੰਦਰਜੀਤ ਬਖਸ਼ੀ) : ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਪੰਜਾਬ ਸਰਕਾਰ ਵਲੋਂ ਚਲਾਈ ਗਈ ਜ਼ਮੀਨਾਂ ਛੁਡਾਊ ਮੁਹਿੰਮ ਨੂੰ ਲੋਕਾਂ ਲਈ ਉਜਾੜਾ ਸਕੀਮ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕਾਂ ਨੇ 40 ਤੋਂ 50 ਸਾਲ ਪਹਿਲਾਂ ਉਜਾੜ ਪਈਆਂ ਜ਼ਮੀਨਾਂ ਨੂੰ ਆਬਾਦ ਕੀਤਾ ਸੀ ਪਰ ਅੱਜ ਸਰਕਾਰ ਲੋਕਾਂ ਨੂੰ ਉਜਾੜਨ ਉੱਤੇ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਪੰਚਾਇਤ ਮੰਤਰੀ ਨਾਲ ਮੁਲਾਕਾਤ ਕੀਤੀ ਜਾਵੇਗੀ, ਜੇਕਰ ਫਿਰ ਵੀ ਗੱਲ ਨਾ ਬਣੀ ਤਾਂ ਫਿਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਮਿਲਿਆ ਜਾਵੇਗਾ, ਜੇ ਸਰਕਾਰ ਨੇ ਫਿਰ ਵੀ ਨਹੀਂ ਮੰਨੀ ਤਾਂ ਅਕਾਲੀ ਦਲ ਇਸ ਖ਼ਿਲਾਫ ਸੰਘਰਸ਼ ਕਰੇਗਾ ਪਰ ਲੋਕਾਂ ਨੂੰ ਉਜੜਨ ਨਹੀਂ ਦੇਵੇਗੀ। ਚੰਦੂਮਾਜਰਾ ਨੇ ਕਿਹਾ ਕਿ ਸਰਕਾਰ ਜਸਟਿਸ ਕੁਲਦੀਪ ਸਿੰਘ ਦੀ ਰਿਪੋਰਟ ਨੂੰ ਲਾਗੂ ਕਰਨ ਦੀ ਗੱਲ ਕਹਿ ਰਹੀ ਹੈ ਪਰ ਉਸ ਵਿਚ ਵੱਡੇ ਲੋਕਾਂ ਅਤੇ ਅਧਿਕਾਰੀਆਂ ਦੇ ਨਾਮ ਸਨ ਜੋ ਚੰਡੀਗੜ੍ਹ ਦੇ ਨੇੜੇ ਸੀ, ਉਨ੍ਹਾਂ ਜ਼ਮੀਨਾਂ ਦੀ ਗੱਲ ਕੀਤੀ ਸੀ ਪਰ ਸਰਕਾਰ ਝੂਠੀ ਸ਼ੌਹਰਤ ਲਈ ਪੂਰੇ ਪੰਜਾਬ ਵਿਚ ਲੋਕਾਂ ਨੂੰ ਉਜਾੜਨ ’ਤੇ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਖਜ਼ਾਨਾ ਭਰਨ ਦੇ ਹੋਰ ਵੀ ਤਰੀਕੇ ਹਨ ਮੁੱਖ ਮੰਤਰੀ ਆਪਣੇ ਖਰਚੇ ਵਿਚ ਕਮੀ ਕਰਨ ਜਿਵੇਂ ਗੁਜਰਾਤ ਦੌਰੇ ’ਤੇ 44 ਲੱਖ ਤੱਕ ਖਰਚ ਆਇਆ ਸੀ।

ਭਗਵੰਤ ਮਾਨ ਵਲੋਂ ਚੰਡੀਗੜ੍ਹ ਵਿਖੇ ਲਗਾਏ ਗਏ ਲੋਕ ਦਰਬਾਰ ਉੱਤੇ ਬੋਲਦੇ ਹੋਏ ਕਿਹਾ ਕਿ ਡਰਾਮੇਬਾਜ਼ੀ ਕਰਕੇ ਇਨ੍ਹਾਂ ਨੇ ਸਰਕਾਰ ਬਣਾਈ ਹੈ ਅੱਜ ਇਨ੍ਹਾਂ ਵਲੋਂ ਜਿਸ ਤਰ੍ਹਾਂ ਲੋਕਾਂ ਨੂੰ ਲੋਕ ਦਰਬਾਰ ਨੂੰ ਲੈ ਕੇ ਚੰਡੀਗੜ੍ਹ ਸੱਦ ਕੇ ਸਾਬਿਤ ਕਰ ਦਿੱਤਾ ਹੈ ਕਿ ਸਰਕਾਰ ਦੀ ਕਰਨੀ ਅਤੇ ਕਥਨੀ ਵਿਚ ਫਰਕ ਹੈ। ਉਨ੍ਹਾਂ ਚੈਲੰਜ ਕੀਤਾ ਕਿ ‘ਆਪ’ ਲੋਕ ਪਾਲ ਲੈ ਕੇ ਆਉਣ ਦੀ ਗੱਲ ਕਰਦੇ ਸਨ ਲੇਕਿਨ ਸਰਕਾਰ ਬਣਨ ’ਤੇ ਅਜੇ ਤਕ ਕੋਈ ਵੀ ਗੱਲ ਇਨ੍ਹਾਂ ਵਲੋਂ ਪੂਰੀ ਨਹੀਂ ਕੀਤੀ ਗਈ। ਬਿਜਲੀ ਸਮੱਸਿਆ ਨੂੰ ਲੈਕੇ ਚੰਦੂਮਾਜਰਾ ਨੇ ਕਿਹਾ ਸਰਕਾਰ ਬਿਜਲੀ ਫਰੰਟ ’ਤੇ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ ਜਿਹੜੇ ਕਹਿੰਦੇ ਸਨ ਬਿਜਲੀ ਦੇ ਕੱਟ ਨਹੀਂ ਲੱਗਣਗੇ ਪਰ ਅੱਜ 8 ਤੋਂ 10 ਘੰਟੇ ਕੱਟ ਲੱਗ ਰਹੇ ਹਨ। ਸਰਕਾਰ ਦੀ ਨੀਤੀ ਸਹੀ ਨਾ ਹੋਣ ਕਰਕੇ ਅੱਜ ਪੰਜਾਬ ਦੇ ਇਹ ਹਾਲਾਤ ਬਣੇ ਹੋਏ ਹਨ।


author

Gurminder Singh

Content Editor

Related News