ਪੰਜਾਬ ਸਰਕਾਰ ਜਾਣਬੁੱਝ ਕੇ ਸਾਬਕਾ ਕਾਂਗਰਸੀ ਵਿਧਾਇਕਾਂ ਨੂੰ ਕਰ ਰਹੀ ਹੈ ਪਰੇਸ਼ਾਨ : ਸੁਖਜਿੰਦਰ ਰੰਧਾਵਾ

Saturday, Jun 18, 2022 - 11:38 AM (IST)

ਪੰਜਾਬ ਸਰਕਾਰ ਜਾਣਬੁੱਝ ਕੇ ਸਾਬਕਾ ਕਾਂਗਰਸੀ ਵਿਧਾਇਕਾਂ ਨੂੰ ਕਰ ਰਹੀ ਹੈ ਪਰੇਸ਼ਾਨ : ਸੁਖਜਿੰਦਰ ਰੰਧਾਵਾ

ਸ਼ਹਿਣਾ (ਧਰਮਿੰਦਰ ਸਿੰਘ): ਪੰਜਾਬ ਦੇ ਸਾਬਕਾ ਡਿਪਟੀ ਸੀ.ਐੱਮ ਸੁਖਜਿੰਦਰ ਸਿੰਘ ਰੰਧਾਵਾ ਅਤੇ ਮੌਜੂਦਾ ਐੱਮ.ਪੀ ਮੁਹੰਮਦ ਸਦੀਕ ਵੱਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਸੁਖਜਿੰਦਰ ਸਿੰਘ ਰੰਧਾਵਾ ਨੇ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਸਿੰਘ ਦੀ ਗ੍ਰਿਫ਼ਤਾਰੀ ਤੇ ਬੋਲਦਿਆਂ ਕਿਹਾ ਕਿ ਇਹ ਤਾਂ ਸਾਰੇ ਡਰਾਮੇ ਹਨ। ਸਰਕਾਰ ਵੱਲੋਂ ਜਾਣਬੁੱਝ ਕੇ ਕਾਂਗਰਸੀਆਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਜੇਕਰ ਕਿਸੇ ਨੇ ਮਾੜਾ ਕੰਮ ਕੀਤਾ ਹੈ ਤਾਂ ਕਾਂਗਰਸ ਪਾਰਟੀ ਕਿੰਤੂ-ਪ੍ਰੰਤੂ ਨਹੀਂ ਕਰੇਗੀ ਪਰ ਜਾਣਬੁੱਝ ਕੇ ਤੰਗ ਪ੍ਰੇਸ਼ਾਨ ਕਰਨਾ ਨਿੰਦਣਯੋਗ ਹੈ। ਉਨ੍ਹਾਂ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਕਾਂਗਰਸ ਪਾਰਟੀ ਦਾ ਭਗੌੜਾ ਦੱਸਦੇ ਕਿਹਾ ਕਿ ਭਾਜਪਾ ਪਾਰਟੀ 'ਚ ਸ਼ਾਮਲ ਹੋਣ ਤੋਂ ਬਾਅਦ ਕਾਂਗਰਸ ਪਾਰਟੀ ਨੂੰ ਸਭ ਲੋਕ ਮਾੜਾ ਕਹਿ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਮਾੜੀ ਸੀ ਤਾਂ ਪਹਿਲਾਂ ਹੀ ਅਹੁਦੇਦਾਰੀਆਂ ਅਤੇ ਵਜੀਰੀਆਂ ਛੱਡ ਦੇਣੀਆਂ ਚਾਹੀਦੀਆਂ ਸਨ। ਰੰਧਾਵਾ ਨੇ ਪੰਜਾਬ ਦੀ 'ਆਪ' ਸਰਕਾਰ 'ਤੇ ਬੋਲਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਹਰ ਪੱਖੋਂ ਫੇਲ੍ਹ ਹੋ ਚੁੱਕੀ ਹੈ। ਪੰਜਾਬ ਦੇ ਲੋਕ ਬਦਲਾਅ ਵਾਲੀ ਸਰਕਾਰ ਤੋਂ ਦੁੱਖੀ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਕੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੀ ਇਮਾਨਦਾਰ ਹਨ ਬਾਕੀ ਸਾਰਾ ਪੰਜਾਬ ਉਨ੍ਹਾਂ ਨੂੰ ਕੁਰੱਪਟ ਲੱਗਦਾ ਹੈ। 

ਇਹ ਵੀ ਪੜ੍ਹੋ- ਔਰਤ ਦਾ ਕਤਲ ਕਰ ਕੇ ਲਾਸ਼ ਬੈੱਡ ਬਾਕਸ ’ਚ ਰੱਖਣ ਵਾਲੇ ਕਾਤਲ ਗ੍ਰਿਫ਼ਤਾਰ, ਹੋਇਆ ਇਹ ਖੁਲਾਸਾ

ਉਨ੍ਹਾਂ ਕਿਹਾ ਕਿ ਜੇਕਰ ਅਸੀ ਕੋਈ ਗਲ਼ਤ ਕੰਮ ਕੀਤਾ ਹੈ ਤਾਂ ਸਾਨੂੰ ਫੜ੍ਹ ਕੇ ਅੰਦਰ ਕਰ ਦਿੱਤਾ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਇਮਾਨਦਾਰੀ ਲਈ ਭਗਵੰਤ ਮਾਨ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ। ਉਨ੍ਹਾਂ ਦੇ ਪਰਿਵਾਰਾਂ ਨੇ ਪਿਛਲੇ 60 ਸਾਲਾਂ ਤੋਂ ਪੰਜਾਬ ਦੀ ਸੇਵਾ ਕੀਤੀ ਹੈ ਅਤੇ ਹੁਣ ਵੀ ਕਰ ਰਹੇ ਹਾਂ। ਰੰਧਾਵਾ ਨੇ ਸਿੱਧੂ ਮੂਸੇਵਾਲੇ ਦੇ ਮਾਮਲੇ 'ਚ ਲਾਰੈਂਸ ਬਿਸ਼ਨੋਈ ਬਾਰੇ ਗੱਲ ਕਰਦਿਆਂ ਕਿਹਾ ਕਿ ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਜੇਲ੍ਹਾਂ ਵੀ ਦਿੱਲੀ ਸਰਕਾਰ ਅਧੀਨ ਆਉਂਦੀਆਂ ਹਨ ਤਾਂ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਇਸ ਗੱਲ ਦਾ ਜਵਾਬ ਦੇਣ ਕਿ ਲਾਰੈਂਸ ਬਿਸ਼ਨੋਈ ਜੇਲ੍ਹ ਅੰਦਰੋਂ ਫੋਨ ਕਿਵੇਂ ਚਲਾਉਂਦਾ ਰਿਹਾ? ਆਮ ਆਦਮੀ ਪਾਰਟੀ ਦੀ ਸਰਕਾਰ ਸੁਰੱਖਿਆ ਮਾਮਲੇ ਵਿਚ ਫੇਲ੍ਹ ਹੋ ਚੁੱਕੀ ਹੈ। 

ਇਹ ਵੀ ਪੜ੍ਹੋ- ਸਿੱਧੂ ਮੂਸੇਵਾਲਾ ਕਤਲਕਾਂਡ: 4 ਮੁਲਜ਼ਮ ਸ੍ਰੀ ਗੋਇੰਦਵਾਲ ਸਾਹਿਬ ਜੇਲ੍ਹ ’ਚ ਤਬਦੀਲ

ਇਸ ਤੋਂ ਇਲਾਵਾ ਸਾਬਕਾ ਡਿਪਟੀ ਸੀ.ਐੱਮ  ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਕਿਸਾਨ ਜਥੇਬੰਦੀਆਂ ਨੇ ਝੋਨੇ ਦੀ ਬਿਜਾਈ ਸ਼ੁਰੂ ਕਰ ਦਿੱਤੀ ਸੀ ਪਰ 'ਆਪ' ਸਰਕਾਰ ਸਮੇਂ ਕਿਸਾਨ ਜਥੇਬੰਦੀਆਂ ਕੁਝ ਨਹੀਂ ਬੋਲ ਰਹੀਆਂ। ਪੰਜਾਬ ਅੰਦਰ ਪਾਣੀ ਅਤੇ ਬਿਜਲੀ ਦੀ ਘਾਟ ਕਾਰਨ ਕਿਸਾਨਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਜਿਸ ਦਾ ਸਰਕਾਰ ਤੋਂ ਜਵਾਬ ਮੰਗਿਆ ਜਾਣਾ ਜ਼ਰੂਰੀ ਹੈ। ਇਸ ਦੇ ਨਾਲ ਹੀ ਕੇਂਦਰ ਸਰਕਾਰ ਵੱਲੋਂ ਫੌਜ ਭਰਤੀ ਦੀ ਅਗਨੀਪੱਥ ਯੋਜਨਾ ਤਹਿਤ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਨੌਜਵਾਨ ਆਪਣੇ ਦੇਸ਼ ਲਈ ਮਰ ਮਿਟਣ ਦਾ ਜਜ਼ਬਾ ਰੱਖਦੇ ਹਨ ਪਰ ਕੇਂਦਰ ਸਰਕਾਰ ਵੱਲੋਂ ਇਸ ਯੋਜਨਾ ਤਹਿਤ ਹਿੰਦੁਸਤਾਨ ਦੀ ਸੁਰੱਖਿਆ ਨਾਲ ਖਿਲਵਾੜ ਹੋ ਰਿਹਾ ਹੈ। ਸਾਡੇ ਫੌਜੀ ਵੀਰ ਸਖ਼ਤ ਡਿਊਟੀ ਕਰਕੇ ਦੇਸ਼ ਦੀ ਸੇਵਾ ਕਰਦੇ ਹਨ। ਜਿੱਥੇ ਦੂਸਰੇ ਦੇਸ਼ ਆਪਣੀ ਫ਼ੌਜ ਦਾ ਬਜਟ ਵਧਾ ਰਹੇ ਹਨ ਪਰ ਭਾਰਤ ਵਿਚ ਸੁਰੱਖਿਆ ਦੇ ਮੱਦੇਨਜ਼ਰ ਇਹ ਯੋਜਨਾ ਬਹੁਤ ਘਾਤਕ ਸਿੱਧ ਹੋਵੇਗੀ। ਪੰਜਾਬ ਵਿਚ ਤਿੰਨ-ਚਾਰ ਬਟਾਲੀਅਨ ਹਨ ਅਤੇ ਨੌਜਵਾਨ ਦੇਸ਼ ਭਗਤੀ ਵਾਲੀ ਨੌਕਰੀ ਕਰਕੇ ਵੱਡੀਆਂ ਕੁਰਬਾਨੀਆਂ ਦੇਣ ਤੋਂ ਪਿੱਛੇ ਨਹੀਂ ਹਟਦੇ। ਇਸ ਕਾਰਨ ਹੀ ਸਭ ਲੋਕ ਇਸ ਯੋਜਨਾ ਦੀ ਨਿੰਦਾ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਨਾਲ ਮੌਜੂਦਾ ਐੱਮ.ਪੀ  ਮੁਹੰਮਦ ਸਦੀਕ, ਸੀਨੀਅਰ ਕਾਂਗਰਸੀ ਲੀਡਰ ਬੀਬੀ ਸੁਰਿੰਦਰ ਕੌਰ ਵਾਲੀਆ,ਸੀਨੀਅਰ ਕਾਂਗਰਸੀ ਲੀਡਰ ਮੇਵਾ ਸਿੰਘ ਢਿੱਲੋਂ, ਸੀਨੀਅਰ ਲੀਡਰ ਕਿਰਨਜੀਤ ਸਿੰਘ ਗਹਿਰੀ ਤੋਂ ਇਲਾਵਾ ਸਮੁੱਚੀ ਲੀਡਰਸ਼ਿਪ ਹਾਜ਼ਰ ਸੀ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

Anuradha

Content Editor

Related News