ਪੰਜਾਬ ਸਰਕਾਰ ਨੇ ਕੀਤਾ 4 ਨਗਰ ਨਿਗਮਾਂ ਦੇ ਵਾਰਡ ਵਧਾਉਣ ਦਾ ਫੈਸਲਾ : ਸਿੱਧੂ

Saturday, Aug 05, 2017 - 08:32 PM (IST)

ਸ਼ਾਹਕੋਟ—ਸੂਬਾ ਸਰਕਾਰ ਨੇ ਲੋਕਾਂ ਦੀਆਂ ਲੋੜਾਂ ਨੂੰ ਪ੍ਰਮੁੱਖ ਰੱਖਦੇ ਹੋਏ ਸੂਬੇ ਦੀਆਂ ਚਾਰ ਨਗਰ ਨਿਗਮਾਂ ਦੇ ਵਾਰਡਾਂ ਵਿਚ ਵਾਧਾ ਕਰਨ ਦਾ ਫੈਸਲਾ ਲਿਆ ਹੈ ਉਕਤ ਪ੍ਰਗਟਾਵਾ ਸੂਬੇ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਪਿੰਡ ਸੀਚੇਵਾਲ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਹੁੰਦਿਆਂ ਕਹੇ। ਸਿੱਧੂ ਨੇ ਕਿਹਾ ਕਿ ਸ਼ਹਿਰਾਂ ਵਿਚ ਵੱਧ ਰਹੀ ਆਬਾਦੀ ਦੀਆਂ ਲੋੜਾ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਸੂਬੇ ਦੇ 4 ਨਿਗਮਾਂ ਦੇ ਵਿਚ ਵਾਰਡ ਵਧਾਉਣ ਦਾ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਫੈਸਲੇ ਤਹਿਤ ਨਗਰ ਨਿਗਮ ਪਟਿਆਲਾ ਵਿਚ ਵਾਰਡਾਂ ਦੀ ਗਿਣਤੀ 50 ਤੋਂ ਵਧਾ ਕੇ 60 ਕਰ ਦਿੱਤੀ ਗਈ ਹੈ, ਨਗਰ ਨਿਗਮ ਅੰਮ੍ਰਿਤਸਰ ਵਿਚ ਵਾਰਡਾਂ ਦੀ ਗਿਣਤੀ 65 ਤੋਂ ਵਧਾ ਕੇ 85 ਕਰ ਦਿੱਤੀ ਗਈ ਹੈ, ਨਗਰ ਨਿਗਮ ਲੁਧਿਆਣਾ ਵਿਚ 70 ਤੋਂ ਵਧਾ ਕੇ 90 ਕਰ ਦਿਤੀ ਗਈ ਹੈ, ਨਗਰ ਨਿਗਮ ਜਲੰਧਰ ਵਿਚ 60 ਤੋਂ ਵਧਾ ਕੇ 75 ਕਰ ਦਿੱਤੀ ਗਈ  ਹੈ। ਸਿੱਧੂ ਨੇ ਕਿਹਾ ਕਿ ਇਸ ਬਾਰੇ ਨੋਟੀਫ਼ਿਕਸ਼ਨ ਸਰਕਾਰ ਵਲੋਂ ਇਸ ਮਹੀਨੇ ਦੇ ਅੰਤ ਤਕ ਜਾਰੀ ਕਰ ਦਿੱਤਾ ਜਾਵੇਗਾ।
ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਦੇ ਹਰ ਸ਼ਹਿਰ ਦੇ ਵਿਕਾਸ ਲਈ ਖਾਕਾ ਤਿਆਰ ਕਰਨ ਵਿਚ ਜੁਟੀ ਹੋਈ ਹੈ। ਉਨ੍ਹਾਂ ਕਿਹਾ ਕਿ ਜਿਵੇ ਹੀ ਇਹ ਕੰਮ ਨੇਪਰੇ ਚੜ੍ਹਦਾ ਹੈ ਇਸ ਸਬੰਧੀ ਐਲਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤਾ ਜਾਵੇਗਾ। ਸਿੱਧੂ ਨੇ ਕਿਹਾ ਕਿ ਸੂਬਾ ਸਰਕਾਰ ਦੀ ਮੁੱਖ ਤਰਜੀਹ ਸਾਲਿਡ ਵੇਸਟ ਮੈਨੇਜਮੈਂਟ, ਸੀਵਰਜੇ ਟਰੀਟਮੈਂਟ ਪਲਾਂਟ ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆਂ ਕਰਵਾਉਣਾ ਦੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਨਾਲ ਸੂਬਾ ਸਰਕਾਰ ਦਾ ਮੁੱਖ ਮੰਤਵ ਸ਼ਹਿਰਾਂ ਦਾ ਸਮੁੱਚਾ ਵਿਕਾਸ ਕਰਨਾ ਹੈ ਜਿਸਦੀ ਦੀ ਤਰਤੀਬ ਬਣਾਈ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਦੇ ਸਾਹਮਣੇ ਆਪਣੇ ਵਿਕਾਸ ਦਾ ਏਜੰਡਾ ਲੈ ਕੇ ਜਾਵਾਂਗੇ ਤੇ ਸੂਬੇ ਦਾ ਸਰਵਪੱਖੀ ਵਿਕਾਸ ਯਕੀਨੀ ਬਣਾਵਾਂਗੇ।


Related News