ਮੁਕਤਸਰ ''ਚ 1107 ਅਪਾਹਜ ਵਿਅਕਤੀਆਂ ਦੀਆਂ ਪੰਜਾਬ ਸਰਕਾਰ ਨੇ ਕੱਟੀਆਂ ਪੈਨਸ਼ਨਾਂ

Friday, Feb 16, 2018 - 05:08 PM (IST)

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ) - ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਚੋਣ ਮੈਨੀਫੈਸਟੋ 'ਚ ਲੋਕਾਂ ਨੂੰ ਬੜੇ ਸਬਜਬਾਜ ਦਿਖਾਏ ਸਨ ਪਰ ਸੱਤਾ 'ਤੇ ਕਾਬਜ ਹੋਣ ਤੋਂ ਬਾਅਦ ਕਾਂਗਰਸ ਸਰਕਾਰ ਸਾਰੇ ਵਾਅਦੇ ਭੁੱਲ ਗਈ। ਉਨ੍ਹਾਂ ਨੇ ਗਰੀਬਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਨੂੰ ਬੰਦ ਕਰ ਦਿੱਤਾ। ਇਸ ਦੀ ਇਕ ਮਿਸਾਲ ਜ਼ਿਲਾ ਸ੍ਰੀ ਮੁਕਤਸਰ ਸਾਹਿਬ 'ਚ ਉਸ ਵੇਲੇ ਵੇਖਣ ਨੂੰ ਮਿਲੀ, ਜਦ ਜ਼ਿਲੇ ਅੰਦਰ 1107 ਅਪਾਹਜ ਵਿਅਕਤੀਆਂ ਦੀਆਂ ਸਰਕਾਰ ਨੇ ਪੈਨਸ਼ਨਾਂ ਕੱਟ ਦਿੱਤੀਆਂ ਹਨ। ਮਿਲੀ ਜਾਣਕਾਰੀ ਅਨੁਸਾਰ ਉਕਤ ਜ਼ਿਲੇ 'ਚ ਪਹਿਲਾਂ 5128 ਅਪਾਹਜ ਵਿਅਕਤੀਆਂ ਨੂੰ ਪੈਨਸ਼ਨਾਂ ਦੀ ਰਕਮ ਮਿਲਦੀ ਸੀ ਪਰ ਹੁਣ ਇਹ ਗਿਣਤੀ 4 ਹਜ਼ਾਰ 21 ਰਹਿ ਗਈ ਹੈ। ਜਿੰਨਾਂ ਅਪਾਹਜ ਵਿਅਕਤੀਆਂ ਦੀਆਂ ਪੈਨਸ਼ਨਾਂ ਕੱਟੀਆਂ ਹਨ, ਉਹ ਦਫਤਰਾਂ ਦੇ ਚੱਕਰ ਕੱਢ ਰਹੇ ਹਨ। ਇਸ ਮੌਕੇ ਉਨ੍ਹਾਂ ਨੂੰ ਕਿਹਾ ਕਿ ਜਦ ਪੈਨਸ਼ਨਾਂ ਦੀ ਪੜਤਾਲ ਹੋਈ ਸੀ ਤਾਂ ਤੁਸੀਂ ਗੈਰ ਹਾਜ਼ਰ ਸੀ ਜਾਂ ਤੁਹਾਡੀ ਆਮਦਨ ਵੱਧ ਹੈ। 

9 ਮਹੀਨਿਆਂ ਤੋਂ ਅੰਗਹੀਣ ਤਰਸ ਰਹੇ ਹਨ ਪੈਨਸ਼ਨ ਨੂੰ 
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਅੰਗਹੀਣਾਂ ਨੂੰ ਅਪ੍ਰੈਲ 2017 ਤੱਕ ਪੈਨਸ਼ਨ ਦੀ ਰਕਮ ਭੇਜੀ। ਜਦ ਕਿ ਮਈ, ਜੂਨ, ਜੁਲਾਈ, ਅਗਸਤ, ਸਤੰਬਰ, ਅਕਤੂਬਰ, ਨਵੰਬਰ, ਦਸੰਬਰ, ਜਨਵਰੀ 2018 ਅਤੇ ਫਰਵਰੀ ਮਹੀਨੇ ਦੀ ਪੈਨਸ਼ਨ ਨਹੀਂ ਦਿੱਤੀ, ਜਿਸ ਕਰਕੇ ਅਪਾਹਜ ਵਿਅਕਤੀ ਨਿਰਾਸ਼ ਹਨ, ਕਿਉਂਕਿ ਕਈ ਵਿਅਕਤੀ ਤਾਂ ਨਿਰਭਰ ਹੀ ਪੈਨਸ਼ਨ ਦੀ ਰਕਮ 'ਤੇ ਹਨ। ਮਈ ਤੇ ਜੂਨ ਮਹੀਨੇ ਦੀ ਪੈਨਸ਼ਨ 500 ਰੁਪਏ ਪ੍ਰਤੀ ਮਹੀਨਾ ਹੈ। 

ਕੀ ਕਹਿਣਾ ਹੈ ਯੂਨੀਅਨ ਦਾ 
ਅਪਾਹਜ ਵੈਲਫੇਅਰ ਸੁਸਾਇਟੀ ਦੇ ਜ਼ਿਲਾ ਪ੍ਰਧਾਨ ਕੁਲਵੀਰ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਰਹੂੜਿਆਂਵਾਲੀ ਨੇ ਅੰਗਹੀਣ ਵਿਅਕਤੀਆਂ ਦੀਆਂ ਕੱਟੀਆ ਪੈਨਸ਼ਨਾਂ ਨੂੰ ਬਹਾਲ ਕਰਨ ਦੀ ਸਰਕਾਰ ਤੋਂ ਮੰਗ ਕੀਤੀ। ਉਨ੍ਹਾਂ ਕਿਹਾ ਕਿ ਨੂੰ ਪਿਛਲੇਂ ਸਾਰੇ ਮਹੀਨਿਆਂ ਦਾ ਬਕਾਇਆ ਉਨ੍ਹਾਂ ਨੂੰ ਮੁਹੱਈਆ ਕਰਵਾਇਆ ਜਾਵੇ। 

ਜ਼ਿਲੇ ਭਰ 'ਚ 58 ਹਜ਼ਾਰ 118 ਵਿਅਕਤੀਆਂ ਨੂੰ ਮਿਲਦੀ ਹੈ ਪੈਨਸ਼ਨ 
ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ 4 ਵਿਧਾਨ ਸਭਾ ਹਲਕਿਆਂ 'ਚ ਪੈਂਦੇ 3 ਸ਼ਹਿਰਾਂ ਸ੍ਰੀ ਮੁਕਤਸਰ ਸਾਹਿਬ, ਮਲੋਟ ਅਤੇ ਗਿੱਦੜਬਾਹਾ ਤੋਂ ਇਲਾਵਾ ਕੁਲ 241 ਪਿੰਡਾਂ 'ਚ ਇਸ ਵੇਲੇ 58 ਹਜ਼ਾਰ 118 ਵਿਅਕਤੀਆਂ ਨੂੰ ਬੁਢਾਪਾ, ਵਿਧਵਾ, ਅਪਾਹਜ ਅਤੇ ਆਸ਼ਰਿਤ ਬੱਚਿਆਂ ਨੂੰ ਪੈਨਸ਼ਨ ਮਿਲ ਰਹੀ ਹੈ। ਬਲਾਕ ਸ੍ਰੀ ਮੁਕਤਸਰ ਸਾਹਿਬ ਵਿਚ 17 ਹਜ਼ਾਰ 726 ਵਿਅਕਤੀਆਂ ਨੂੰ, ਬਲਾਕ ਮਲੋਟ ਵਿਚ 15 ਹਜ਼ਾਰ 26 ਵਿਅਕਤੀ, ਬਲਾਕ ਗਿੱਦੜਬਾਹਾ ਵਿਚ 14 ਹਜ਼ਾਰ 479 ਵਿਅਕਤੀਆਂ ਨੂੰ ਅਤੇ ਬਲਾਕ ਲੰਬੀ ਵਿਚ 10 ਹਜ਼ਾਰ 887 ਵਿਅਕਤੀਆਂ ਨੂੰ ਪੈਨਸ਼ਨ ਦੀ ਰਕਮ ਮਿਲਦੀ ਹੈ। 

ਸਰਕਾਰ ਵੱਲੋਂ 31 ਕਰੋੜ 96 ਲੱਖ 49 ਹਜ਼ਾਰ ਰੁਪਏ ਬਕਾਇਆ 
ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ 58 ਹਜ਼ਾਰ 118 ਲਾਭਪਾਤਰੀਆਂ ਦਾ ਪੰਜਾਬ ਸਰਕਾਰ ਵੱਲ 31 ਕਰੋੜ 96 ਲੱਖ 49 ਹਜ਼ਾਰ ਰੁਪਏ ਬਕਾਇਆ ਖੜਾ ਹੈ। ਮਈ ਤੇ ਜੂਨ ਮਹੀਨੇ ਜਦ ਪੈਨਸ਼ਨ ਜਦ 500 ਰੁਪਏ ਮਹੀਨਾ ਮਿਲਦੀ ਸੀ, ਦਾ ਬਕਾਇਆ 5 ਕਰੋੜ 81 ਲੱਖ 18 ਹਜ਼ਾਰ ਰੁਪਏ ਹੈ। ਜਦ ਕਿ ਜੁਲਾਈ ਤੋਂ ਜਦ ਪੈਨਸ਼ਨ ਦੀ ਰਕਮ 750 ਰੁਪਏ ਹੋ ਗਈ , ਦਾ ਹੁਣ ਤੱਕ ਦਾ ਬਕਾਇਆ 26 ਕਰੋੜ 15 ਲੱਖ 31 ਹਜ਼ਾਰ ਰੁਪਏ ਹੈ। 

ਸਮਾਜਿਕ ਸੁਰੱਖਿਆ ਵਿਭਾਗ ਦਾ ਨਿਕਲਿਆ ਹੈ ਦੀਵਾਲਾ 
ਸਮਾਜਿਕ  ਸੁਰੱਖਿਆ ਵਿਭਾਗ ਪੰਜਾਬ ਜੋ ਸਰਕਾਰ ਦੀਆਂ ਸਕੀਮਾਂ ਨੂੰ ਗਰੀਬਾਂ ਤੱਕ ਪਹੁੰਚਾਉਦਾ ਹੈ, ਦਾ ਵੀ ਦੀਵਾਲਾ ਨਿਕਲਿਆ ਪਿਆ, ਕਿਉਂਕਿ ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਦੀ ਅਸਾਮੀ ਪਿਛਲੇਂ ਕਰੀਬ 4-5 ਸਾਲਾਂ ਤੋਂ ਖਾਲੀ ਪਈ ਹੈ। ਇਸ ਵੇਲੇ ਤਾਂ ਉਕਤ ਦਫ਼ਤਰ ਵਿਚ ਕੋਈ ਅਫ਼ਸਰ ਹੈ ਹੀ ਨਹੀਂ ਹੈ ਤੇ ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਦੀ ਕੁਰਸੀ ਖਾਲੀ ਪਈ ਸੀ।

ਇਕੱਲੇ ਦਸੰਬਰ ਮਹੀਨੇ ਦੀ ਪੈਨਸ਼ਨ ਰਿਲੀਜ ਹੋਈ 
ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਦਫ਼ਤਰ ਵਿਚ ਜਾ ਕੇ ਜੂਨੀਅਰ ਸਹਾਇਕ ਬਲਜਿੰਦਰ ਸਿੰਘ ਥਾਂਦੇਵਾਲਾ ਤੇ ਯਾਦਵਿੰਦਰ ਸਿੰਘ ਨਾਲ ਪੈਨਸ਼ਨਾਂ ਦੀ ਬਕਾਇਆ ਰਕਮ ਬਾਰੇ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਹੁਣ ਪੰਜਾਬ ਸਰਕਾਰ ਨੇ ਸਿਰਫ਼ ਦਸੰਬਰ 2017 ਮਹੀਨੇ ਦੀ 4 ਕਰੋੜ 35 ਲੱਖ 88 ਹਜ਼ਾਰ 500 ਰੁਪਏ ਦੀ ਰਕਮ ਜਾਰੀ ਕੀਤੀ ਹੈ। ਜਦ ਕਿ ਮਈ, ਜੂਨ, ਜੁਲਾਈ , ਅਗਸਤ , ਸਤੰਬਰ, ਅਕਤੂਬਰ , ਨਵੰਬਰ, ਜਨਵਰੀ 2018 ਅਤੇ ਫਰਵਰੀ ਮਹੀਨੇ ਦੇ ਪੈਸੇ ਨਹੀਂ ਭੇਜੇ। 

ਗਰੀਬਾਂ ਦੀਆਂ 8 ਮਹੀਨਿਆਂ ਦੀ ਪੈਨਸ਼ਨਾਂ ਖਾਹ ਗਈ ਪੰਜਾਬ ਸਰਕਾਰ 
ਭਰੋਸੇਯੋਗ ਸੂਤਰਾਂ ਅਨੁਸਾਰ ਜੋ ਜਾਣਕਾਰੀ ਹਾਸਲ ਹੋਈ ਹੈ। ਉਸ ਅਨੁਸਾਰ ਪੰਜਾਬ ਸਰਕਾਰ ਗਰੀਬ ਲੋਕਾਂ ਦੀਆਂ 8 ਮਹੀਨਿਆਂ ਦੀਆਂ ਪੈਨਸ਼ਨਾਂ ਦੀ ਰਕਮ ਖਾਹ ਗਈ ਹੈ। ਵਿਭਾਗੀ ਸੂਤਰਾਂ ਦਾ ਕਹਿਣਾ ਹੈ ਕਿ ਇਕੱਲੇ ਦਸੰਬਰ ਮਹੀਨੇ ਦੀ ਪੈਨਸ਼ਨ ਜਾਰੀ ਕਰਨ ਤੋਂ ਇਹ ਸਾਫ਼ ਨਜ਼ਰ ਆ ਰਿਹਾ ਹੈ ਕਿ ਹੁਣ ਪਿਛਲੇਂ ਮਹੀਨਿਆਂ ਦੀਆਂ ਪੈਨਸ਼ਨਾਂ ਗਰੀਬਾਂ ਨੂੰ ਕੀਹਨੇ ਦੇਣੀਆ ਹਨ। 
 


Related News