ਪੰਜਾਬ ਸਰਕਾਰ ਨੂੰ ਕਰਨਾ ਪਿਆ ਨਮੋਸ਼ੀ ਦਾ ਸਾਹਮਣਾ, ਪਿੱਛਾ ਨਹੀਂ ਛੱਡ ਰਿਹਾ ''ਡਿਸਲਾਈਕ'' ਵਾਲਾ ਬਟਨ

Saturday, Jul 17, 2021 - 02:40 PM (IST)

ਪੰਜਾਬ ਸਰਕਾਰ ਨੂੰ ਕਰਨਾ ਪਿਆ ਨਮੋਸ਼ੀ ਦਾ ਸਾਹਮਣਾ, ਪਿੱਛਾ ਨਹੀਂ ਛੱਡ ਰਿਹਾ ''ਡਿਸਲਾਈਕ'' ਵਾਲਾ ਬਟਨ

ਲੁਧਿਆਣਾ (ਵਿੱਕੀ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੋ ਵੀਡੀਓ ਕਾਨਫਰੰਸਿੰਗ ਉਪਰੰਤ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੇ ਵਰਚੁਅਲ ਸਮਾਗਮ ਦੌਰਾਨ ਸੂਬਾ ਸਰਕਾਰ ਨੂੰ ਉਸ ਸਮੇਂ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ, ਜਦੋਂ ਇਸ ਦਾ ਯੂ-ਟਿਊਬ ’ਤੇ ਸਿੱਧਾ ਪ੍ਰਸਾਰਣ ਸ਼ੁਰੂ ਹੋਣ ਤੋਂ ਪਹਿਲਾਂ ਹੀ ਸੂਬੇ ਭਰ ਦੇ ਕੰਪਿਊਟਰ ਅਧਿਆਪਕਾਂ ਨੇ ਡਿਸਲਾਈਕਸ ਵਾਲਾ ਬਟਨ ਦਬਾਉਣਾ ਸ਼ੁਰੂ ਕਰ ਦਿੱਤਾ। ਦੇਖਦੇ ਹੀ ਦੇਖਦੇ ਕੁੱਝ ਹੀ ਮਿੰਟਾਂ ’ਚ 24 ਲਾਈਕਸ ਦੇ ਬਦਲੇ ਡਿਸਲਾਈਕਸ ਦੀ ਗਿਣਤੀ 600 ਤੋਂ ਪਾਰ ਹੋ ਗਈ। ਖ਼ਬਰ ਲਿਖੇ ਜਾਣ ਤੱਕ ਲਾਈਕਸ ਦੀ ਗਿਣਤੀ 408 ਸੀ, ਜਦੋਂ ਕਿ ਡਿਸਲਾਈਕਸ 6200 ਨੂੰ ਪਾਰ ਕਰ ਚੁੱਕੇ ਸਨ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਸੁਨੀਲ ਜਾਖੜ ਨਾਲ ਮੁਲਾਕਾਤ ਮਗਰੋਂ ਬੋਲੇ ਨਵਜੋਤ ਸਿੱਧੂ, ਸਾਡੀ ਜੋੜੀ ਰਹੇਗੀ 'ਹਿੱਟ ਤੇ ਫਿੱਟ'

ਇਸ ਲਾਈਵ ਸਮਾਗਮ ਦੌਰਾਨ ਕੰਪਿਊਟਰ ਅਧਿਆਪਕਾਂ ਵੱਲੋਂ ਆਪਣੀਆਂ ਜਾਇਜ਼ ਮੰਗਾਂ ਦੀ ਪੈਰਵੀ ਕਰਦੇ ਹੋਏ ਕੀਤੇ ਗਏ ਕੁਮੈਂਟਸ ਦੀ ਗਿਣਤੀ 600 ਤੋਂ ਜ਼ਿਆਦਾ ਸੀ। ਦੱਸ ਦੇਈਏ ਕਿ ਅੱਜ ਸਿੱਖਿਆ ਵਿਭਾਗ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਲਈ ਵਿਸ਼ੇਸ਼ ਟ੍ਰੇਨਿੰਗ ਮਾਡਿਊਲ ਜਾਰੀ ਕਰਨ ਲਈ ਸਿੱਖਿਆ ਮੰਤਰੀ ਦੀ ਅਗਵਾਈ ’ਚ ਇਕ ਪੰਜਾਬ ਵਰਚੁਅਲ ਸਮਾਗਮ ਕੀਤਾ ਗਿਆ, ਜਿਸ ਵਿਚ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਨਾਲ-ਨਾਲ ਪੰਜਾਬ ਸਰਕਾਰ ਦੇ ਹੋਰ ਉੱਚ ਅਧਿਕਾਰੀ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ : ਸਿੱਧੂ ਨਾਲ ਮੁਲਾਕਾਤ ਮਗਰੋਂ ਕੈਬਨਿਟ ਮੰਤਰੀ 'ਰੰਧਾਵਾ' ਦਾ ਵੱਡਾ ਬਿਆਨ ਆਇਆ ਸਾਹਮਣੇ (ਤਸਵੀਰਾਂ)

ਇਸ ਮੌਕੇ ਆਪਣੀਆਂ ਮੰਗਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਕੰਪਿਊਟਰ ਫੈਕਲਿਟੀ ਐਸੋਸੀੲਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਪ੍ਰਦੀਪ ਮਲੂਕਾ, ਹਰਵੀਰ ਸਿੰਘ, ਗੁਰਦੀਪ ਸਿੰਘ ਬੈਂਸ, ਪ੍ਰਭਜੋਤ ਸਿੰਘ ਬੱਲ ਆਦਿ ਨੇ ਦੱਸਿਆ ਕਿ ਇਕ ਦਹਾਕਾ ਪਹਿਲਾਂ 2011 ਵਿਚ ਤਤਕਾਲੀ ਸੂਬਾ ਸਰਕਾਰ ਵੱਲੋਂ ਉਨ੍ਹਾਂ ਦੀਆਂ ਸੇਵਾਵਾਂ ਨੂੰ ਵੋਕੇਸ਼ਨਲ ਮਾਸਟਰ ਦੇ ਗ੍ਰੇਡ-ਪੇ ਨਾਲ ਰੈਗੂਲਰ ਕੀਤਾ ਗਿਆ ਸੀ ਪਰ ਇਕ ਦਹਾਕੇ ਦੇ ਲੰਬੇ ਵਕਫੇ ਤੋਂ ਬਾਅਦ ਵੀ ਉਨ੍ਹਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਨਹੀਂ ਦਿੱਤੇ ਗਏ ਅਤੇ ਉਹ ਲਗਾਤਾਰ ਆਪਣੇ ਜਾਇਜ਼ ਹੱਕਾਂ ਲਈ ਸੰਘਰਸ਼ ਕਰ ਰਹੇ ਹਨ।

ਇਹ ਵੀ ਪੜ੍ਹੋ : ਅੱਤ ਦੀ ਗਰਮੀ ਦੌਰਾਨ ਪੰਜਾਬ ਵਾਸੀਆਂ ਲਈ ਰਾਹਤ ਭਰੀ ਖ਼ਬਰ, ਮੌਸਮ ਵਿਭਾਗ ਵੱਲੋਂ ਵਿਸ਼ੇਸ਼ ਬੁਲੇਟਿਨ ਜਾਰੀ

ਉਨ੍ਹਾਂ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਬਿਨਾਂ ਸ਼ਰਤ ਪੂਰੇ ਲਾਭ ਨਾਲ ਸਿੱਖਿਆ ਵਿਭਾਗ ’ਚ ਸ਼ਿਫਟ ਕੀਤਾ ਜਾਵੇ। ਜਿਨ੍ਹਾਂ ਕੰਪਿਊਟਰ ਅਧਿਆਪਕਾਂ ਦੀ ਪਿਛਲੇ ਸਮੇਂ ਦੌਰਾਨ ਕਿਸੇ ਵੀ ਕਾਰਨ ਮੌਤ ਹੋ ਚੁੱਕੀ ਹੈ, ਉਨ੍ਹਾਂ ਦੇ ਆਸ਼ਰਿਤਾਂ (ਨਿਰਭਰ ਮੈਂਬਰਾਂ) ਨੂੰ ਸਰਕਾਰੀ ਨੌਕਰੀ ਦੇਣ ਦੇ ਨਾਲ-ਨਾਲ ਵਿੱਤੀ ਮਦਦ ਵੀ ਦਿੱਤੀ ਜਾਵੇ।
ਚੰਡੀਗੜ੍ਹ ’ਚ ਗੁਪਤ ਐਕਸ਼ਨ ਦਾ ਐਲਾਨ
ਕੰਪਿਊਟਰ ਅਧਿਆਪਕ ਨੇਤਾਵਾਂ ਨੇ ਦੱਸਿਆ ਕਿ ਜੇਕਰ ਸਮੇਂ ਸਿਰ ਰਹਿੰਦੇ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਚੰਡੀਗੜ੍ਹ ’ਚ ਗੁਪਤ ਐਕਸ਼ਨ ਕਰਦੇ ਹੋਏ ਆਪਣੇ ਅਧਿਕਾਰਾਂ ਲਈ ਆਵਾਜ਼ ਬੁਲੰਦ ਕਰਨਗੇ। ਜਦੋਂ ਤੱਕ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਉਨ੍ਹਾਂ ਦਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 


author

Babita

Content Editor

Related News