ਪੰਜਾਬ ਸਰਕਾਰ ਨੇ ਰੈਗੂਲਰ ਅਧਾਰ ’ਤੇ 124 ਮੈਡੀਕਲ ਅਫ਼ਸਰਾਂ (ਜਨਰਲ) ਦੀ ਕੀਤੀ ਨਿਯੁਕਤੀ

Friday, Dec 18, 2020 - 01:59 PM (IST)

ਪੰਜਾਬ ਸਰਕਾਰ ਨੇ ਰੈਗੂਲਰ ਅਧਾਰ ’ਤੇ 124 ਮੈਡੀਕਲ ਅਫ਼ਸਰਾਂ (ਜਨਰਲ) ਦੀ ਕੀਤੀ ਨਿਯੁਕਤੀ

ਚੰਡੀਗੜ੍ਹ (ਦਸੰਬਰ) : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਵਲੋਂ ਰੈਗੂਲਰ ਅਧਾਰ ’ਤੇ 124 ਮੈਡੀਕਲ ਅਫ਼ਸਰਾਂ (ਜਨਰਲ) ਨੂੰ ਨਿਯੁਕਤੀ ਪੱਤਰ ਦਿੱਤੇ ਗਏ। ਇਸ ਮੌਕੇ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ-ਘਰ ਰੋਜ਼ਗਾਰ ਦੇ ਸੁਫ਼ਨੇ ਨੂੰ ਪੂਰਾ ਕਰਨ ਦੇ ਮਕਸਦ ਨਾਲ 500 ਮੈਡੀਕਲ ਅਫ਼ਸਰਾਂ ਦੀ ਨਿਯੁਕਤੀ ਪ੍ਰਕਿਰਿਆ ਅਧੀਨ 124 ਮੈਡੀਕਲ ਅਫ਼ਸਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ।

ਉਨ੍ਹਾਂ ਕਿਹਾ ਕਿ ਮਹਿਕਮੇ ਅਧੀਨ ਇਹ ਸਾਰੀਆਂ ਨਿਯੁਕਤੀਆਂ ਮੈਰਿਟ ਦੇ ਆਧਾਰ ’ਤੇ ਪਾਰਦਰਸ਼ੀ ਢੰਗ ਨਾਲ ਕੀਤੀਆਂ ਗਈਆਂ ਹਨ ਅਤੇ ਇਨ੍ਹਾਂ ਨਾਲ ਸਰਕਾਰੀ ਹਸਪਤਾਲਾਂ 'ਚ ਡਾਕਟਰਾਂ ਦੀ ਕਮੀ ਨੂੰ ਪੂਰਾ ਕਰਨ 'ਚ ਸਹਾਇਤਾ ਮਿਲੇਗੀ, ਜਿਸ ਨਾਲ ਸਰਕਾਰੀ ਹਸਪਤਾਲਾਂ 'ਚ ਮੈਡੀਕਲ ਸੇਵਾਵਾਂ ਨੂੰ ਮਜ਼ਬੂਤੀ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਕੋਰੋਨਾ ਦੇ ਮਰੀਜ਼ਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਨ 'ਚ ਵੀ ਸਹਾਇਤਾ ਮਿਲੇਗੀ।

ਬਲਬੀਰ ਸਿੰਘ ਸਿੱਧੂ ਨੇ ਮਹਿਕਮੇ 'ਚ ਨਵੇਂ ਨਿਯੁਕਤ ਕੀਤੇ ਗਏ ਡਾਕਟਰਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਈਮਾਨਦਾਰੀ ਤੇ ਤਨਦੇਹੀ ਨਾਲ ਜ਼ਿੰਮੇਵਾਰੀ ਨਿਭਾਉਣ ਲਈ ਪ੍ਰੇਰਿਤ ਕੀਤਾ ਅਤੇ ਨਿਰਸਵਾਰਥ ਢੰਗ ਨਾਲ ਲੋਕਾਂ ਦੀ ਸੇਵਾ ਕਰਨ ਲਈ ਕਿਹਾ। ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ 'ਚ ਘਰ-ਘਰ ਰੋਜ਼ਗਾਰ ਮੁਹਿੰਮ ਅਧੀਨ ਪਿਛਲੇ 3 ਸਾਲਾਂ 'ਚ ਰੈਗੂਲਰ ਅਤੇ ਠੇਕੇ ਦੇ ਆਧਾਰ ’ਤੇ ਸਿਹਤ ਮਹਿਕਮੇ 'ਚ ਲਗਭਗ 7000 ਨੌਕਰੀਆਂ ਦਿੱਤੀਆਂ ਗਈਆਂ, ਜਿਸ 'ਚ ਮਾਹਿਰ ਡਾਕਟਰ, ਮੈਡੀਕਲ ਅਫ਼ਸਰ, ਡੈਂਟਲ ਅਫਸਰ, ਪੈਰਾਮੈਡੀਕਲ ਤੇ ਹੋਰ ਸਟਾਫ ਸ਼ਾਮਲ ਹੈ। ਇਸ ਦੇ ਨਾਲ ਹੀ 3954 ਅਸਾਮੀਆਂ ’ਤੇ ਭਰਤੀ ਪ੍ਰਕਿਰਿਆ ਅਧੀਨ ਹੈ।


author

Babita

Content Editor

Related News