ਘਰ-ਘਰ ਰੋਜ਼ਗਾਰ ਦੇ ਨਾਅਰੇ ਤੋਂ ਘਰ-ਘਰ ਸ਼ਰਾਬ ਦਾ ਸਫਰ ਤੈਅ ਕਰ ਰਹੀ ਹੈ ਕੈਪਟਨ ਸਰਕਾਰ: ਢਿੱਲਵਾਂ

Tuesday, May 19, 2020 - 04:39 PM (IST)

ਘਰ-ਘਰ ਰੋਜ਼ਗਾਰ ਦੇ ਨਾਅਰੇ ਤੋਂ ਘਰ-ਘਰ ਸ਼ਰਾਬ ਦਾ ਸਫਰ ਤੈਅ ਕਰ ਰਹੀ ਹੈ ਕੈਪਟਨ ਸਰਕਾਰ: ਢਿੱਲਵਾਂ

ਸੰਗਰੂਰ (ਬੇਦੀ)— ਟੈੱਟ ਪਾਸ ਬੇਰੋਜ਼ਗਾਰ ਬੀ-ਐੱਡ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਖਤਮ ਕੀਤੀਆਂ ਅਸਾਮੀਆਂ 'ਤੇ ਸਖਤ ਇਤਰਾਜ਼ ਜਤਾਉਂਦੇ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ। ਢਿੱਲਵਾਂ ਨੇ ਪ੍ਰੈੱਸ ਨੋਟ ਰਾਹੀਂ ਕਿਹਾ ਕਿ ਜਿਸ ਵੇਲੇ ਦੇਸ਼ 'ਚ ਕੋਰੋਨਾ ਮਹਾਮਾਰੀ ਦੇ ਫੈਲਣ ਨਾਲ 14 ਕਰੋੜ ਤੋਂ ਵੱਧ ਲੋਕ ਬੇਰੋਜ਼ਗਾਰ ਹਨ, ਉਸ ਵੇਲੇ ਪੰਜਾਬ ਦੀ ਸਰਕਾਰ ਨੇ ਨੌਜਵਾਨਾਂ ਦੇ ਭਵਿੱਖ 'ਤੇ ਇਕ ਹੋਰ ਸੱਟ ਮਾਰੀ ਹੈ।

ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ 435 ਪੱਕੀਆਂ ਅਸਾਮੀਆਂ ਖਤਮ ਕਰ ਦਿੱਤੀਆਂ ਗਈਆਂ ਹਨ। ਸਭ ਤੋਂ ਸ਼ਰਮਨਾਕ ਗੱਲ ਇਹ ਹੈ ਕਿ ਸਿੱਖਿਆ ਅਧਿਕਾਰੀ ਇਹ ਕਹਿੰਦੇ ਹਨ ਕਿ ਇਹ ਕੋਈ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਥਾਂ ਨਹੀਂ ਹੈ, ਅਸੀਂ ਸਵਾਲ ਪੁੱਛਦੇ ਹਾਂ ਕਿ ਪੰਜਾਬ ਸਰਕਾਰ ਦੱਸੇ ਕਿ ਪੰਜਾਬ ਦਾ ਕਿਹੜਾ ਮਹਿਕਮਾ ਲੋਕਾਂ ਨੂੰ ਰੋਜ਼ਗਾਰ ਦੇਣ ਲਈ ਬਣਾਇਆ ਗਿਆ ਹੈ। ਇਸ ਵੇਲੇ ਪੰਜਾਬ ਦੇ ਨੌਜਵਾਨਾਂ ਅਤੇ ਵਿਦਿਆਰਥੀਆਂ ਉੱਤੇ ਦੋਹਰੀ ਮਾਰ ਹੈ ਕਿ ਕੇਂਦਰ 'ਚ ਮੋਦੀ ਅਤੇ ਸ਼ਾਹ ਦੀ ਜ਼ੁਮਲਾ ਸਰਕਾਰ ਹੈ, ਜਿਸ ਦੇ ਭਾਈ ਵਾਲ ਅਕਾਲੀ ਦਲ, ਪਹਿਲਾਂ ਹੀ ਪੰਜਾਬ ਨੂੰ ਲੁੱਟ ਚੁੱਕਾ ਹੈ ਅਤੇ ਰਹਿੰਦੀ ਕਸਰ ਪੰਜਾਬ ਦੀ ਕੈਪਟਨ ਸਰਕਾਰ ਪਿਛਲੇ ਤਿੰਨ ਸਾਲਾ 'ਚ ਘਰ-ਘਰ ਰੋਜ਼ਗਾਰ ਦੇ ਨਾਅਰੇ ਤੋਂ ਘਰ-ਘਰ ਸ਼ਰਾਬ ਦੇ ਨਾਅਰੇ ਤੱਕ ਦਾ ਸਫਰ ਤੈਅ ਕਰ ਚੁੱਕੀ ਹੈ।

ਅਸੀਂ ਟੈੱਟ ਪਾਸ ਬੇਰੋਜ਼ਗਾਰ ਬੀ-ਐੱਡ ਅਧਿਆਪਕ ਯੂਨੀਅਨ ਵੱਲੋਂ ਇਨ੍ਹਾਂ ਅਸਾਮੀਆਂ ਨੂੰ ਖਤਮ ਕਰਨ ਦਾ ਵਿਰੋਧ ਕਰਦੇ ਹਾਂ ਅਤੇ ਮੰਗ ਕਰਦੇ ਹਾਂ ਕਿ ਇਹ ਫੈਸਲਾ ਤੁਰੰਤ ਵਾਪਸ ਲਿਆ ਜਾਵੇ, ਨਹੀਂ ਤਾਂ ਯੂਨੀਅਨ ਵੱਲੋਂ ਸੰਘਰਸ਼ ਵਿੱਢਿਆ ਜਾਵੇਗਾ।


author

shivani attri

Content Editor

Related News