ਕੋਰੋਨਾ ਕਹਿਰ ਦੌਰਾਨ ਪੰਜਾਬ ਸਰਕਾਰ ਵਲੋਂ ਬੈਂਕਾਂ ਲਈ ਐਡਵਾਈਜ਼ਰੀ ਜਾਰੀ

Friday, Apr 24, 2020 - 06:49 PM (IST)

ਕੋਰੋਨਾ ਕਹਿਰ ਦੌਰਾਨ ਪੰਜਾਬ ਸਰਕਾਰ ਵਲੋਂ ਬੈਂਕਾਂ ਲਈ ਐਡਵਾਈਜ਼ਰੀ ਜਾਰੀ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਸਿਹਤ ਵਿਭਾਗ ਜ਼ਰੀਏ ਸੂਬੇ ਦੇ ਸਮੂਹ ਬੈਂਕਾਂ ਅਤੇ ਉੱਥੇ ਕੰਮ ਕਰਦੇ ਸਟਾਫ ਲਈ ਵਿਸਥਾਰ ਵਿਚ ਸਲਾਹਾਂ ਅਤੇ ਸਾਵਧਾਨੀਆਂ ਜਾਰੀ ਕੀਤੀਆਂ ਹਨ। ਇਕ ਬੁਲਾਰੇ ਨੇ ਦੱਸਿਆ ਕਿ ਜੇਕਰ ਸਹੀ ਜਾਣਕਾਰੀ ਹੋਵੇ ਤਾਂ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਰੋਕਿਆ ਜਾ ਸਕਦਾ ਹੈ ਅਤੇ ਪੰਜਾਬ ਨੇ ਕਾਫੀ ਹੱਦ ਤੱਕ ਇਸ 'ਤੇ ਕਾਬੂ ਵੀ ਪਾਇਆ ਹੈ। ਉਨ੍ਹਾਂ ਕਿਹਾ ਕਿ ਬੈਂਕਾਂ ਵਿਚ ਵੱਖ-ਵੱਖ ਵਰਗਾਂ ਦੇ ਲੋਕ ਆਉਂਦੇ ਹਨ, ਇਸ ਲਈ ਅਹਿਤਿਆਤ ਵੱਜੋਂ ਬੈਂਕਾਂ ਨੂੰ ਉਹ ਸਾਰੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ, ਜੋ ਮਾਹਿਰਾਂ ਵੱਲੋਂ ਪਹਿਲਾਂ ਤੋਂ ਹੀ ਦੱਸੀਆਂ ਜਾ ਚੁੱਕੀਆਂ ਹਨ।
ਬੁਲਾਰੇ ਅਨੁਸਾਰ ਬਰਾਂਚ ਦੇ ਬਾਹਰ ਉਡੀਕ ਕਰ ਰਹੇ ਲੋਕਾਂ ਵਿਚਕਾਰ 1 ਮੀਟਰ ਦੀ ਆਪਸੀ ਦੂਰੀ ਬਣਾ ਕੇ ਰੱਖਣਾ ਯਕੀਨੀ ਬਣਾਇਆ ਜਾਵੇ ਅਤੇ ਸਟਾਫ ਵਿਚਕਾਰ ਵੀ ਇਕ ਮੀਟਰ ਦੀ ਦੂਰੀ ਹੋਵੇ। ਬੈਂਕਾਂ ਵੱਲੋਂ ਯਕੀਨੀ ਬਣਾਇਆ ਜਾਵੇ ਕਿ ਬੈਂਕ ਸ਼ਾਖਾ ਵਿੱਚ ਦਾਖਲ ਹੋਣ ਤੋਂ ਪਹਿਲਾਂ ਹਰੇਕ ਉਪਭੋਗਤਾ ਨੇ ਮਾਸਕ ਪਹਿਨਿਆ ਹੋਵੇ। ਬੈਂਕਾਂ ਵੱਲੋਂ ਹਰੇਕ ਵਿਅਕਤੀ ਨੂੰ ਬੈਂਕ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਹੱਥਾਂ ਨੂੰ ਸੈਨੀਟਾਈਜ਼ ਕਰਨਾ ਯਕੀਨੀ ਬਣਾਇਆ ਜਾਵੇ। ਬੈਂਕ ਸਟਾਫ ਅਤੇ ਗ੍ਰਾਹਕਾਂ ਵੱਲੋਂ ਕੈਸ਼ ਟ੍ਰਾਂਜ਼ੈਕਸ਼ਨ ਕਰਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਹੱਥਾਂ ਨੂੰ ਧੋਣਾ ਯਕੀਨੀ ਬਣਾਇਆ ਜਾਵੇ ਜਾਂ ਸੈਨੀਟਾਈਜ਼ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਬੈਂਕਾਂ ਵੱਲੋਂ ਉਪਭੋਗਤਾਵਾਂ ਨੂੰ ਡਿਜ਼ੀਟਲ ਟ੍ਰਾਂਜੈਕਸ਼ਨ ਲਈ ਉਤਸ਼ਾਤਿਹ ਕੀਤਾ ਜਾਵੇ ਤਾਂ ਜੋ ਬਰਾਂਚ ਵਿੱਚ ਇਕੱਠ ਨੂੰ ਘਟਾਇਆ ਜਾ ਸਕੇ। ਇਸ ਮਕਸਦ ਲਈ ਬੈਂਕਾਂ ਦੀਆਂ ਬਰਾਂਚ ਦੇ ਬਾਹਰ ਅਤੇ ਏਟੀਐਮ ਵਾਲੀ ਜਗ੍ਹਾਂ 'ਤੇ ਪੈਂਫਲੈੱਟ ਲਗਾਏ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬੈਂਕ ਵੱਲੋਂ ਜ਼ਰੂਰੀ ਕੰਮਾਂ ਲਈ ਲੋੜ ਅਨੁਸਾਰ ਸੰਬੰਧਿਤ ਸਟਾਫ ਨੂੰ ਹੀ ਦਫ਼ਤਰ ਬੁਲਾਇਆ ਜਾਵੇ। ਜ਼ਰੂਰੀ ਕੰਮ ਲਈ ਦਫ਼ਤਰ ਬੁਲਾਏ ਜਾ ਰਹੇ ਸਟਾਫ ਲਈ ਵਿਸ਼ੇਸ਼ ਯੋਜਨਾ ਤਿਆਰ ਕੀਤੀ ਜਾਵੇ। ਜਿਸ ਦੇ ਤਹਿਤ ਉਨ੍ਹਾਂ ਦੇ ਬੈਠਣ ਲਈ ਘੱਟੋ-ਘੱਟ 1 ਮੀਟਰ ਦੀ ਦੂਰੀ ਯਕੀਨੀ ਬਣਾਈ ਜਾਵੇ, ਡਿਊਟੀ 'ਤੇ ਆਉਣ-ਜਾਣ ਲਈ, ਖਾਣੇ ਤੇ ਚਾਹ ਆਦਿ ਲਈ ਸੁਵਿਧਾ ਅਨੁਸਾਰ (ਫਲੈਕਸੀਬਲ) ਸਮਾਂ ਇਸ ਢੰਗ ਨਾਲ ਨਿਰਧਾਰਿਤ ਕੀਤਾ ਜਾਵੇ ਕਿ ਇੱਕ ਸਮੇਂ, ਇੱਕ ਜਗ੍ਹਾ 'ਤੇ ਸਟਾਫ ਦੀ ਭੀੜ ਜਾਂ ਇਕੱਠ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਦਿੱਤੀ ਗਈ ਸਲਾਹ ਅਨੁਸਾਰ ਬੈਂਕ ਸਟਾਫ ਹੱਥ ਨਾ ਮਿਲਾਵੇ, ਹਰ ਵਕਤ ਮਾਸਕ ਪਹਿਨ ਕੇ ਰੱਖੇ, ਨਿਰਧਾਰਿਤ ਸਥਾਨ 'ਤੇ ਬੈਠ ਕੇ ਕੰਮ ਕਰੇ, ਗੱਲਬਾਤ ਇੰਟਰਕਾਮ ਰਾਹੀਂ ਕਰੇ।  


author

Babita

Content Editor

Related News