ਪੰਜਾਬ ਦੇ ਸਾਰੇ ਵਿਭਾਗਾਂ ''ਚੋਂ ਫਾਲਤੂ ਮੁਲਾਜ਼ਮਾਂ ਦੀ ਛਾਂਟੀ ਦੀ ਤਿਆਰੀ

Tuesday, Feb 04, 2020 - 11:22 AM (IST)

ਚੰਡੀਗੜ੍ਹ (ਭੁੱਲਰ) : ਪੰਜਾਬ ਦੀ ਕੈਪਟਨ ਸਰਕਾਰ ਸੂਬੇ 'ਚ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਦੀ ਥਾਂ ਰਾਜ ਦੀ ਮਾੜੀ ਵਿੱਤੀ ਹਾਲਤ ਦੇ ਮੱਦੇਨਜ਼ਰ ਸਾਰੇ ਵਿਭਾਗਾਂ 'ਚੋਂ ਫਾਲਤੂ ਮੁਲਾਜ਼ਮਾਂ ਦੀ ਛਾਂਟੀ ਕਰਨ 'ਚ ਲੱਗੀ ਹੋਈ ਹੈ। ਅਜਿਹੇ ਮੁਲਾਜ਼ਮਾਂ ਦੀ ਵਿੱਤ ਵਿਭਾਗ ਹੋਰਨਾਂ ਵਿਭਾਗਾਂ ਤੋਂ ਜਾਣਕਾਰੀ ਜੁਟਾ ਰਿਹਾ ਹੈ, ਜਿਹੜੇ ਮੁਲਾਜ਼ਮ ਬਿਨਾਂ ਕੰਮ ਤੋਂ ਹਨ। ਜ਼ਿਕਰਯੋਗ ਹੈ ਕਿ ਇਹ ਕਾਰਵਾਈ ਵਿਭਾਗਾਂ ਦੇ ਪੁਨਰਗਠਨ ਦੀ ਪ੍ਰਕਿਰਿਆ ਤਹਿਤ ਕੀਤੀ ਜਾ ਰਹੀ ਹੈ। ਖੇਤੀ ਵਿਭਾਗ 'ਚ 400 ਤੋਂ ਵੱਧ ਅਜਿਹੇ ਮੁਲਾਜ਼ਮਾਂ ਦੀ ਪਹਿਲਾਂ ਹੀ ਪਛਾਣ ਕੀਤੀ ਜਾ ਚੁੱਕੀ ਹੈ।

ਇਸੇ ਤਰ੍ਹਾਂ ਪੰਜਾਬ ਸਕੱਤਰੇਤ ਸਮੇਤ ਹੋਰ ਵਿਭਾਗਾਂ 'ਚ ਵੀ ਮੁਲਾਜ਼ਮਾਂ ਦੇ ਕੰਮ-ਕਾਰ ਦੀ ਸਮੀਖਿਆ ਕੀਤੀ ਜਾ ਰਹੀ ਹੈ। ਸਕੱਤਰੇਤ ਦੀਆਂ ਕਈ ਬ੍ਰਾਂਚਾਂ ਤੇ ਰਾਜ ਸਰਕਾਰ ਦੇ ਕਈ ਵਿਭਾਗ ਅਜਿਹੇ ਹਨ, ਜਿਨ੍ਹਾਂ 'ਚ ਕਿਤੇ ਲੋੜ ਤੋਂ ਜ਼ਿਆਦਾ ਤੇ ਕਿਤੇ ਲੋੜ ਤੋਂ ਘੱਟ ਸਟਾਫ ਹੈ। ਇਸ ਨੂੰ ਵੀ ਤਰਕ ਸੰਗਤ ਬਣਾ ਕੇ ਲੋੜ ਮੁਤਾਬਕ ਮੁਲਾਜ਼ਮ ਰੱਖੇ ਜਾਣਗੇ। ਇਸ ਪ੍ਰਕਿਰਿਆ 'ਚ ਵੱਡੀ ਗਿਣਤੀ 'ਚ ਮੁਲਾਜ਼ਮ ਇਕ ਦੂਜੇ ਵਿਭਾਗਾਂ 'ਚ ਵੀ ਤਬਦੀਲ ਹੋਣਗੇ। ਕਈ ਵਿਭਾਗ ਅਜਿਹੇ ਵੀ ਹਨ, ਜਿਨ੍ਹਾਂ 'ਚ ਕੋਈ ਜ਼ਿਆਦਾ ਕੰਮ ਨਹੀਂ ਅਤੇ ਇਨ੍ਹਾਂ ਦੀ ਹੋਰ ਵਿਭਾਗਾਂ 'ਚ ਰਲੇਵੇਂ ਦੀ ਯੋਜਨਾ ਬਣਾਈ ਜਾ ਰਹੀ ਹੈ। ਬੇਲੋੜੀਆਂ ਅਸਾਮੀਆਂ ਖਤਮ ਕਰਨ ਦੀ ਪ੍ਰਕਿਰਿਆ ਵੀ ਵਿਚਾਰ ਅਧੀਨ ਹੈ।

ਵਿੱਤ ਵਿਭਾਗ ਦੇ ਅਧਿਕਾਰੀਆਂ ਦਾ ਅੰਦਾਜ਼ਾ ਹੈ ਕਿ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਦੀ ਸਮੀਖਿਆ ਤੋਂ ਬਾਅਦ ਹੋਣ ਵਾਲੇ ਪੁਨਰਗਠਨ ਨਾਲ ਸਲਾਨਾ 400 ਕਰੋੜ ਦੇ ਲਗਭਗ ਬੱਚਤ ਦਾ ਅੰਦਾਜ਼ਾ ਲਾਇਆ ਗਿਆ ਹੈ। ਭਾਵੇਂ ਰਾਜ ਸਰਕਾਰ ਘਰ-ਘਰ ਰੋਜ਼ਗਾਰ ਯੋਜਨਾ ਤਹਿਤ ਥਾਂ-ਥਾਂ ਰੋਜ਼ਗਾਰ ਮੇਲੇ ਲਾ ਰਹੀ ਹੈ ਪਰ ਇਨ੍ਹਾਂ 'ਚ ਜ਼ਿਆਦਾਤਰ ਪ੍ਰਾਈਵੇਟ ਕੰਪਨੀਆਂ ਦਾ ਸਹਾਰਾ ਲਿਆ ਜਾ ਰਿਹਾ ਹੈ। ਇਸ ਕਰਕੇ ਰਾਜ ਦੀ ਮੌਜੂਦਾ ਵਿੱਤੀ ਹਾਲਤ ਨੂੰ ਦੇਖਦਿਆਂ ਇਸ ਵਿੱਤੀ ਸਾਲ ਦੌਰਾਨ ਜ਼ਿਆਦਾ ਸਰਕਾਰੀ ਨੌਕਰੀਆਂ ਨੌਜਵਾਨਾਂ ਨੂੰ ਮਿਲਣ ਦੇ ਆਸਾਰ ਕਾਫੀ ਘੱਟ ਹਨ। ਜਿਹੜੇ ਵਿਭਾਗਾਂ 'ਚ ਜ਼ਿਆਦਾ ਲੋੜ ਹੋਵੇਗੀ, ਉੱਥੇ ਵੀ ਆਉਣ ਵਾਲੇ ਦਿਨਾਂ 'ਚ ਆਊਟ ਸੋਰਸਿੰਗ ਪ੍ਰਣਾਲੀ ਰਾਹੀਂ ਹੀ ਸਰਕਾਰ ਭਰਤੀ ਕਰੇਗੀ।


Babita

Content Editor

Related News