''ਕੈਟ'' ਦੇ ਫੈਸਲੇ ਨੂੰ ਹਾਈਕੋਰਟ ''ਚ ਚੁਣੌਤੀ ਦੇਵੇਗੀ ''ਪੰਜਾਬ ਸਰਕਾਰ
Saturday, Jan 18, 2020 - 12:19 PM (IST)
ਚੰਡੀਗੜ੍ਹ : ਪੰਜਾਬ ਸਰਕਾਰ ਡੀ. ਜੀ. ਪੀ. ਦਿਨਕਰ ਗੁਪਤਾ ਦੀ ਨਿਯੁਕਤੀ ਰੱਦ ਕਰਨ ਦੇ 'ਸੈਂਟਰਲ ਐਡਮਿਨੀਸਟ੍ਰੇਟਿਵ ਟ੍ਰਿਬੀਊਨਲ' (ਕੈਟ) ਦੇ ਫੈਸਲੇ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਚੁਣੌਤੀ ਦੇਵੇਗੀ। 'ਕੈਟ' ਵਲੋਂ ਦਿਨਕਰ ਗੁਪਤਾ ਦੀ ਡੀ. ਜੀ. ਪੀ. ਅਹੁਦੇ 'ਤੇ ਨਿਯੁਕਤੀ ਨੂੰ ਰੱਦ ਕਰ ਦਿੱਤਾ ਗਿਆ ਸੀ ਅਤੇ ਡੀ. ਜੀ. ਪੀ. ਅਹੁਦੇ 'ਤੇ ਨਿਯੁਕਤੀ ਲਈ 4 ਹਫਤਿਆਂ ਅੰਦਰ ਸੀਨੀਅਰ ਅਧਿਕਾਰੀਆਂ ਦਾ ਪੈਨਲ ਬਣਾਉਣ ਲਈ ਕਿਹਾ ਸੀ, ਜਿਸ ਤੋਂ ਬਾਅਦ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਲੱਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਹੀ ਹਨ ਅਤੇ ਉਹ 'ਕੈਟ' ਦੇ ਇਸ ਫੈਸਲੇ ਨੂੰ ਹਾਈਕਰੋਟ 'ਚ ਚੁਣੌਤੀ ਦੇਣਗੇ।
ਦੱਸ ਦੇਈਏ ਕਿ ਸੁਰੇਸ਼ ਅਰੋੜਾ ਦੀ ਸੇਵਾਮੁਕਤੀ ਤੋਂ ਬਾਅਦ ਦਿਨਕਰ ਗੁਪਤਾ ਨੂੰ ਡੀ. ਜੀ. ਪੀ. ਦੇ ਅਹੁਦੇ 'ਤੇ ਨਿਯੁਕਤ ਕਰ ਦਿੱਤਾ ਗਿਆ ਸੀ। ਗੁਪਤਾ ਦੀ ਨਿਯੁਕਤੀ 'ਚ ਉਨ੍ਹਾਂ ਦੇ ਸੀਨੀਅਰ ਕਈ ਪੁਲਸ ਅਧਿਕਾਰੀਆਂ ਨੂੰ ਨਜ਼ਰ ਅੰਦਾਜ਼ ਕਰਨ 'ਤੇ ਡੀ. ਜੀ. ਪੀ. ਮੁਹੰਮਦ ਮੁਸਤਫਾ ਅਤੇ ਡੀ. ਜੀ. ਪੀ. ਚੱਟੋਪਾਧਿਆਏ ਨੇ 'ਕੈਟ' 'ਚ ਚੁਣੌਤੀ ਦਿੱਤੀ ਸੀ, ਜਿਸ ਤੋਂ ਬਾਅਦ ਕੈਟ ਨੇ ਡੀ. ਜੀ. ਪੀ. ਦਿਨਕਰ ਗੁਪਤਾ ਦੀ ਨਿਯੁਕਤੀ ਰੱਦ ਕਰਨ ਦਾ ਫੈਸਲਾ ਸੁਣਾਇਆ ਹੈ।