ਕੈਪਟਨ ਦੀ ਸੌਗਾਤ ਜਾਂ ਚੋਣ ਪੈਂਤੜਾ, ਹੁਣ ਤੱਕ ਇੰਨਾ ਹੋਇਆ ਕਰਜ਼ ਮੁਆਫ
Monday, Mar 18, 2019 - 10:14 AM (IST)
ਜਲੰਧਰ (ਸੂਰਜ ਠਾਕੁਰ)— ਅੰਕੜਿਆਂ ਮੁਤਾਬਕ ਕੈਪਟਨ ਸਰਕਾਰ ਨੇ ਲੋਕ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਆਪਣੇ ਪਿਛਲੇ 2 ਸਾਲ ਦੇ ਕਾਰਜਕਾਲ 'ਚ 5 ਲੱਖ 83 ਹਜ਼ਾਰ ਛੋਟੇ ਕਿਸਾਨਾਂ ਦੇ 2 ਲੱਖ ਤੱਕ ਦੇ 4736 ਕਰੋੜ ਰੁਪਏ ਦੇ ਕਰਜ਼ ਮੁਆਫ ਕਰ ਦਿੱਤੇ ਹਨ। ਇਨ੍ਹਾਂ 'ਚ 2018-19 ਭਾਵ ਚੋਣ ਵਰ੍ਹੇ 'ਚ ਹੀ 5 ਲੱਖ 11 ਹਜ਼ਾਰ 834 ਕਿਸਾਨਾਂ ਦੇ 4366 ਕਰੋੜ ਦੇ ਕਰਜ਼ੇ ਮੁਆਫ ਕਰ ਦਿੱਤੇ ਗਏ ਹਨ ਜੋ ਕਿ 2 ਸਾਲਾਂ 'ਚ ਕੀਤੇ ਗਏ ਕਰਜ਼ਾ ਮੁਆਫੀ ਦੀ ਰਕਮ ਦਾ 92.19 ਫੀਸਦੀ ਹਿੱਸਾ ਹੈ। ਹੁਣ ਇਸ ਨੂੰ ਚੋਣ ਪੈਂਤੜਾ ਕਹੋ ਜਾਂ ਫਿਰ ਸਰਕਾਰ ਦੀ ਸੌਗਾਤ ਪਰ ਸਿਆਸੀ ਮੁੱਦਿਆਂ 'ਚ ਕਾਂਗਰਸ ਇਸ ਨੂੰ ਖੂਬ ਕੈਸ਼ ਕਰ ਰਹੀ ਹੈ।
ਵਿਛ ਗਈ ਹੈ ਚੋਣ ਬਿਸਾਤ
ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਸਿਆਸੀ ਜੰਗ ਦੀ ਬਿਸਾਤ ਸਾਰੇ ਸਿਆਸੀ ਦਲ ਵਿਛਾ ਚੁੱਕੇ ਹਨ। ਸੂਬੇ 'ਚ ਕਾਂਗਰਸ ਸਰਕਾਰ ਸੱਤਾ 'ਚ ਹੈ, ਜ਼ਾਹਿਰ ਹੈ ਸਰਕਾਰ ਦੇ ਪਿਛਲੇ 2 ਸਾਲ ਦੇ ਕਾਰਜਕਾਲ ਦੀਆਂ ਯੋਜਨਾਵਾਂ ਅਤੇ ਜਨਤਾ ਲਈ ਕੀਤੇ ਗਏ ਵਿਕਾਸ ਕੰਮ ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਰਹਿਣਗੇ। ਮੌਜੂਦਾ ਸਮੇਂ 'ਚ ਕਿਸਾਨ, ਡਰੱਗ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ 3 ਭਖਦੇ ਮੁੱਦੇ ਸਿਆਸਤ ਦੇ ਚਾਰੇ ਪਾਸੇ ਘੁੰਮ ਰਹੇ ਹਨ। ਸਰਕਾਰ ਦੇ 2 ਸਾਲਾਂ ਦੇ ਕਾਰਜਕਾਲ 'ਤੇ ਨਜ਼ਰ ਮਾਰੀ ਜਾਵੀ ਤਾਂ ਸਰਕਾਰ ਨੇ ਕਿਸਾਨਾਂ ਨੂੰ ਭਰਮਾਉਣ 'ਚ ਕੋਈ ਕਸਰ ਨਹੀਂ ਛੱਡੀ ਹੈ। ਇਸੇ ਕੜੀ 'ਚ ਤੁਹਾਨੂੰ ਦੱਸਣ ਜਾ ਰਹੇ ਹਾਂ ਕਿਸਾਨਾਂ ਦੀ ਕਰਜ਼ ਮੁਆਫੀ ਦੇ ਮੁੱਦੇ ਬਾਰੇ
ਕਾਂਗਰਸ ਸਰਕਾਰ ਨੇ ਪਹਿਲੇ ਸਾਲ 12 ਫੀਸਦੀ ਕਿਸਾਨਾਂ ਦੇ ਕੀਤੇ ਸਨ ਕਰਜ਼ੇ ਮੁਆਫ
ਸੱਤਾ 'ਚ ਆਉਣ ਤੋਂ ਬਾਅਦ 2017-18 ਦੌਰਾਨ ਸਰਕਾਰ ਨੇ 71166 ਕਿਸਾਨਾਂ ਦੇ 370 ਕਰੋੜ ਦੇ ਕਰਜ਼ੇ ਮੁਆਫ ਕੀਤੇ ਗਏ ਜੋ ਕਿ ਅਜੇ ਤਕ ਕਰਜ਼ਿਆਂ ਦੇ ਭੁਗਤਾਨ ਦੀ ਰਾਸ਼ੀ 4736 ਕਰੋੜ ਰੁਪਏ ਦਾ ਸਿਰਫ 7.81 ਫੀਸਦੀ ਸੀ। ਅੰਕੜਿਆਂ ਮੁਤਾਬਕ ਸਰਕਾਰ ਨੇ ਆਪਣੇ ਪਹਿਲੇ ਸਾਲ ਦੇ ਕਾਰਜਕਾਲ 'ਚ 5 ਲੱਖ 83 ਹਜ਼ਾਰ ਕਿਸਾਨਾਂ 'ਚੋਂ 12.20 ਫੀਸਦੀ ਕਿਸਾਨਾਂ ਦੇ ਕਰਜ਼ੇ ਮੁਆਫ ਕੀਤੇ ਜਦਕਿ ਬਾਕੀ 87.80 ਫੀਸਦੀ ਕਿਸਾਨਾਂ ਦੇ ਕਰਜ਼ੇ ਚੋਣਾਂ ਦੇ ਸਾਲ 'ਚ ਕੀਤੇ ਗਏ। ਇਨ੍ਹਾਂ ਅੰਕੜਿਆਂ ਨਾਲ ਸਰਕਾਰ ਦੀ ਕਾਰਜਪ੍ਰਣਾਲੀ 'ਤੇ ਸਵਾਲ ਉੱਠਣੇ ਸੁਭਾਵਿਕ ਹੋ ਜਾਂਦੇ ਹਨ। ਸਰਕਾਰ ਪਹਿਲੇ ਸਾਲ ਤੋਂ ਇਸੇ ਸਪੀਡ ਨਾਲ ਜੇਕਰ ਕਿਸਾਨਾਂ ਦੇ ਕਰਜ਼ੇ ਮੁਆਫ ਕਰਦੀ ਤਾਂ ਇਹ ਅੰਕੜਾ 10 ਲੱਖ ਨੂੰ ਟੱਚ ਕਰ ਸਕਦਾ ਸੀ। ਫਿਰ ਵੀ ਇਨ੍ਹਾਂ ਸਾਰੇ ਅੰਕੜਿਆਂ ਨੂੰ ਨਕਾਰਦੇ ਹੋਏ ਸੂਬੇ ਦੀ ਕਾਂਗਰਸ ਸਰਕਾਰ ਵਿਰੋਧੀ ਦਲਾਂ ਦੇ ਨਿਸ਼ਾਨੇ 'ਤੇ ਹੈ।
ਪੀ. ਐੈੱਮ. ਮੋਦੀ ਵੀ ਲਾ ਚੁੱਕੇ ਹਨ ਗੁੰਮਰਾਹ ਕਰਨ ਦਾ ਇਲਜ਼ਾਮ
ਸ਼੍ਰੋਮਣੀ ਅਕਾਲੀ ਦਲ, ਭਾਜਪਾ ਤੇ ਆਮ ਆਦਮੀ ਪਾਰਟੀ ਕਿਸਾਨਾਂ ਦੇ ਕਰਜ਼ੇ ਮੁਆਫੀ ਨੂੰ ਲੈ ਕੇ ਸਰਕਾਰ 'ਤੇ ਉਂਗਲੀਆਂ ਚੁੱਕ ਰਹੀ ਹੈ। ਇਹੀ ਨਹੀਂ ਪੀ. ਐੈੱਮ. ਮੋਦੀ ਨੇ ਜਨਵਰੀ ਮਹੀਨੇ 'ਚ ਗੁਰਦਾਸਪੁਰ 'ਚ ਹੋਈ ਰੈਲੀ 'ਚ ਕਾਂਗਰਸ ਸਰਕਾਰ 'ਤੇ ਕਿਸਾਨਾਂ ਨੂੰ ਗੁੰਮਰਾਹ ਕਰਨ ਦਾ ਇਲਜ਼ਾਮ ਲਾਇਆ। ਹਿਮਾਚਲ ਦੇ ਧਰਮਸ਼ਾਲਾ 'ਚ ਹੋਈ ਰੈਲੀ 'ਚ ਮੋਦੀ ਨੇ ਇਹ ਵੀ ਕਿਹਾ ਸੀ ਕਿ ਪੰਜਾਬ 'ਚ ਇਕ ਵੀ ਕਿਸਾਨ ਦਾ ਕਰਜ਼ਾ ਮੁਆਫ ਨਹੀਂ ਹੋਇਆ। ਇਸ 'ਤੇ ਪੰਜਾਬ ਸਰਕਾਰ ਆਨ ਰਿਕਾਰਡ ਅੰਕੜੇ ਮੁਹੱਈਆ ਕਰਾਉਣ ਨੂੰ ਤਿਆਰ ਹੋ ਗਈ ਸੀ।
ਕੀ ਕਹਿੰਦੀ ਹੈ ਭਾਜਪਾ
ਪੰਜਾਬ ਭਾਜਪਾ ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ 'ਚ ਪੰਜਾਬ ਦਾ ਕਿਸਾਨ ਜਿਸ ਹਾਲਤ 'ਚ ਪਹੁੰਚ ਗਿਆ ਹੈ ਉਸ ਦੇ ਲਈ ਵੀ ਪੰਜਾਬ ਸਰਕਾਰ ਹੀ ਜ਼ਿੰਮੇਵਾਰ ਹੈ। ਕਿਸਾਨਾਂ ਨੂੰ 90 ਹਜ਼ਾਰ ਕਰੋੜ ਦਾ ਕਰਜ਼ਾ ਮੁਆਫੀ ਦਾ ਵਾਧਾ ਕਰਕੇ ਸਿਰਫ 100 ਕਰੋੜ ਦੀ ਕਰਜ਼ਾ ਮੁਆਫੀ ਵੀ ਲੋੜਵੰਦ ਕਿਸਾਨਾਂ ਨੂੰ ਨਹੀਂ ਮਿਲੀ। ਕਿਸਾਨ ਇੰਨੇ ਦਬਾਅ 'ਚ ਆ ਗਿਆ ਹੈ ਕਿ ਲਗਭਗ 500 ਕਿਸਾਨ ਪਿਛਲੇ 15 ਮਹੀਨਿਆਂ 'ਚ ਆਤਮਹੱਤਿਆ ਕਰ ਚੁੱਕਾ ਹੈ। ਉਹ ਕਹਿੰਦੇ ਹਨ ਕਿ ਪੰਜਾਬ ਸਰਕਾਰ ਦੁਆਰਾ ਗਠਿਤ ਪੰਜਾਬ ਕਿਸਾਨ ਕਮਿਸ਼ਨ ਨੇ ਕਿਸਾਨਾਂ ਨੂੰ ਮਿਲਣ ਵਾਲੀ ਬਿਜਲੀ ਬੰਦ ਕਰਨ ਦੀ ਸਿਫਾਰਿਸ਼ ਕੀਤੀ ਹੈ। ਇਸ ਕਮਿਸ਼ਨ ਦੇ ਚੇਅਰਮੈਨ ਪੰਜਾਬ ਕਾਂਗਰਸ ਦੇ ਸੁਨੀਲ ਜਾਖੜ ਦੇ ਭਤੀਜੇ ਅਜੇਵੀਰ ਜਾਖੜ ਹਨ।
ਆਤਮਹੱਤਿਆ ਕਰਨ ਵਾਲੇ ਕਿਸਾਨਾਂ 'ਤੇ 2 ਲੱਖ ਤੋਂ ਵੱਧ ਕਰਜ਼ਾ: ਸ਼੍ਰੋਮਣੀ ਅਕਾਲੀ ਦਲ
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਦੇ ਬਿਆਨ ਮੁਤਾਬਕ ਕਾਂਗਰਸ ਨੇ ਕਿਸਾਨਾਂ ਨੂੰ ਕਰਜ਼ਾ ਮੁਆਫੀ ਦੇ ਨਾਂ 'ਤੇ ਗੁੰਮਰਾਹ ਕੀਤਾ ਹੈ ਉਸ ਦਾ ਮੰਨਣਾ ਹੈ ਕਿ ਪਹਿਲਾਂ ਕਿਸਾਨਾਂ ਨਾਲ 90 ਹਜ਼ਾਰ ਕਰੋੜ ਦੀ ਕਰਜ਼ਾ ਮੁਆਫੀ ਦਾ ਵਾਧਾ ਕੀਤਾ ਜਿਸ ਨੂੰ ਬਾਅਦ 'ਚ ਸੀਮਤ ਕਰ ਲਿਆ ਗਿਆ ਇਸ ਕਰਜ਼ਾ ਮੁਆਫੀ ਦਾ ਲਾਭ ਸਿਰਫ ਉਨ੍ਹਾਂ ਕਿਸਾਨਾਂ ਨੂੰ ਮਿਲ ਰਿਹਾ ਹੈ, ਜਿਨ੍ਹਾਂ ਦਾ ਕਰਜ਼ਾ ਹੀ 2 ਲੱਖ ਤੋਂ ਘੱਟ ਜਦਕਿ ਸੂਬੇ 'ਚ ਆਤਮਹੱਤਿਆ ਕਰਨ ਵਾਲੇ ਕਿਸਾਨਾਂ 'ਤੇ 2 ਲੱਖ ਰੁਪਏ ਤੋਂ ਵੱਧ ਕਰਜ਼ਾ ਹੈ। ਸਰਕਾਰ ਨੇ ਸਾਰੇ ਕਿਸਾਨਾਂ ਦਾ 2-2 ਲੱਖ ਦਾ ਕਰਜ਼ਾ ਮੁਆਫ ਕੀਤਾ ਹੁੰਦਾ ਤਾਂ ਵੀ ਇਹ ਕਿਹਾ ਜਾ ਸਕਦਾ ਸੀ ਸਰਕਾਰ ਕਰਜ਼ਾ ਮੁਆਫੀ ਨੂੰ ਲੈ ਕੇ ਗੰਭੀਰ ਹੈ।
ਪੂਰਾ ਕਰਜ਼ਾ ਮੁਆਫੀ ਤੋਂ ਮੁੱਕਰੀ ਸਰਕਾਰ: 'ਆਪ'
ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਕਹਿੰਦੇ ਹਨ ਕਿ ਕੈਪਟਨ ਸਰਕਾਰ ਪੂਰਾ ਕਰਜ਼ਾ ਮੁਆਫੀ ਤੋਂ ਮੁੱਕਰ ਗਈ। ਕਿਸਾਨ ਰਾਹਤ ਦੇ ਨਾਂ 'ਤੇ ਕੁਝ ਕਿਸਾਨਾਂ ਦੇ ਕਰਜ਼ੇ ਮੁਆਫ ਕਰਕੇ ਉਸ ਦਾ ਲਾਭ ਲੋਕ ਸਭਾ ਚੋਣਾਂ 'ਚ ਲੈਣ ਦੀ ਕੋਸ਼ਿਸ਼ ਕਰ ਰਹੀ ਹੈ। ਮਾਨ ਦਾ ਕਹਿਣਾ ਹੈ ਕਿ ਕਰਜ਼ਾ ਮੁਆਫੀ ਨੂੰ ਲੈ ਕੇ ਪਿੰਡ ਅਤੇ ਸ਼ਹਿਰਾਂ 'ਚ ਕੈਪਟਨ ਸਰਕਾਰ ਆਪਣੇ ਝੂਠੇ ਹੋਰਡਿੰਗ ਲਾ ਰਹੀ ਹੈ ਅਤੇ ਸਰਕਾਰੀ ਖਜ਼ਾਨੇ 'ਚੋਂ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ। ਹੁਣ ਜਨਤਾ ਜਾਗ ਚੁੱਕੀ ਹੈ ਅਤੇ ਉਹ ਹੋਰਡਿੰਗਜ਼ ਅਤੇ ਪੋਸਟਰਾਂ ਦੇ ਝਾਂਸੇ 'ਚ ਨਹੀਂ ਆਵੇਗੀ।