ਪੰਜਾਬ ਸਰਕਾਰ ਦਾ ਅਹਿਮ ਫ਼ੈਸਲਾ, 1 ਜੁਲਾਈ ਤੋਂ 4 ਮਹੀਨਿਆਂ ਲਈ ਇਕੱਠੀ ਦਿੱਤੀ ਜਾਵੇਗੀ ਕਣਕ
Saturday, Jun 29, 2024 - 03:43 PM (IST)
ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਘਰ-ਘਰ ਰਾਸ਼ਨ ਸਕੀਮ ਤਹਿਤ ਆਟੇ ਦੀ ਬਜਾਏ ਹੁਣ ਕਣਕ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਇਸ ਸਕੀਮ ਤਹਿਤ 70 ਫੀਸਦੀ ਲਾਭਪਾਤਰੀਆਂ ਨੂੰ ਆਟਾ ਦਿੱਤਾ ਜਾਂਦਾ ਸੀ। ਹੁਣ ਇਹ ਕਣਕ ਘਰ-ਘਰ ਨਹੀਂ ਸਗੋਂ ਰਾਸ਼ਨ ਡਿਪੂਆਂ ਰਾਹੀਂ ਹੀ ਦਿੱਤੀ ਜਾਵੇਗੀ। 1 ਜੁਲਾਈ ਤੋਂ ਹੁਣ ਪ੍ਰਤੀ ਵਿਅਕਤੀ 5 ਕਿਲੋ ਕਣਕ 20 ਕਿਲੋ ਇਕ ਵਾਰ ਵਿਚ ਦਿੱਤੀ ਜਾਂਦੀ ਸੀ। ਚੋਣਾਂ ਦੌਰਾਨ ਲੋਕਾਂ ਵੱਲੋਂ ਆਟੇ ਦੀ ਗੁਣਵੱਤਾ ਨੂੰ ਲੈ ਕੇ ਸਵਾਲ ਚੁੱਕੇ ਗਏ ਸਨ ਅਤੇ ਆਖਿਆ ਗਿਆ ਸੀ ਕਿ ਆਟਾ ਚੰਗਾ ਨਹੀਂ ਹੈ। ਆਟਾ ਪੀਸਣ 'ਚ ਵੀ ਕਾਫੀ ਸਮਾਂ ਲੱਗ ਰਿਹਾ ਸੀ, ਇਸ ਲਈ ਹੁਣ ਕਣਕ ਸਿੱਧੀ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਅੱਤ ਦੀ ਗਰਮੀ ਵਿਚਾਲੇ ਪੰਜਾਬ ਦੇ ਸਕੂਲਾਂ ਵਿਚ ਛੁੱਟੀਆਂ ਨੂੰ ਲੈ ਕੇ ਅਹਿਮ ਖ਼ਬਰ
ਲੋਕ ਆਪਣੇ ਘਰਾਂ ਵਿਚ ਕਣਕ ਲੈ ਕੇ ਆਉਂਦੇ ਸਨ, ਇਸ ਨੂੰ ਧੋ ਕੇ ਸੁਕਾ ਕੇ ਆਟਾ ਬਣਾ ਲਿਆ ਜਾਂਦਾ ਸੀ ਪਰ ਉਨ੍ਹਾਂ ਨੂੰ ਭਰੋਸਾ ਨਹੀਂ ਸੀ ਕਿ ਉਨ੍ਹਾਂ ਨੂੰ ਮਿਲ ਰਿਹਾ ਆਟਾ ਚੰਗਾ ਹੈ ਜਾਂ ਨਹੀਂ, ਇਸ ਲਈ ਲੋਕਾਂ ਵੱਲੋਂ ਕਣਕ ਦੀ ਮੰਗ ਕੀਤੀ ਗਈ ਸੀ। ਰਾਸ਼ਟਰੀ ਖੁਰਾਕ ਸੁਰੱਖਿਆ ਕਾਨੂੰਨ ਤਹਿਤ ਆਟਾ ਜਾਂ ਕਣਕ ਖਰੀਦਣ ਦਾ ਬਦਲ ਸੀ। ਹੁਣ ਇਹ ਵੰਡ ਪ੍ਰਣਾਲੀ ਮਾਰਕਫੈੱਡ ਵੱਲੋਂ ਆਪਣੀਆਂ ਦੁਕਾਨਾਂ ਰਾਹੀਂ ਚਲਾਈ ਜਾਵੇਗੀ। ਇਸ ਸਬੰਧੀ ਮਾਰਕਫੈੱਡ ਦੇ ਸਮੂਹ ਜ਼ਿਲ੍ਹਾ ਮੈਨੇਜਰਾਂ ਦੀ ਮੀਟਿੰਗ ਮਾਰਕਫੈੱਡ ਦੇ ਪ੍ਰਬੰਧਕੀ ਨਿਰਦੇਸ਼ਕ ਗਿਰੀਸ਼ ਦਿਆਲਨ ਦੀ ਪ੍ਰਧਾਨਗੀ ਹੇਠ ਹੋਈ। 1 ਜੁਲਾਈ ਤੋਂ ਪਨਗ੍ਰੇਨ ਵੱਲੋਂ ਕਣਕ ਦੀ ਵੰਡ ਕੀਤੀ ਜਾਵੇਗੀ ਅਤੇ ਰਾਸ਼ਨ ਡਿਪੂ ਹੋਲਡਰਾਂ ਨੂੰ ਵੀ ਪਹਿਲਾਂ ਵਾਂਗ ਹੀ ਕਣਕ ਦੀ ਵੰਡ ਕੀਤੀ ਜਾਵੇਗੀ। ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਇਸ ਵਾਰ ਤਿੰਨ ਮਹੀਨਿਆਂ ਦਾ ਅਨਾਜ (ਪ੍ਰਤੀ ਲਾਭਪਾਤਰੀ 5 ਕਿਲੋ ਪ੍ਰਤੀ ਮਹੀਨਾ) ਵੰਡਣ ਦੀ ਬਜਾਏ ਚਾਰ ਮਹੀਨਿਆਂ ਲਈ ਯਾਨੀ ਜੁਲਾਈ ਤੋਂ ਅਕਤੂਬਰ ਤੱਕ ਦੀ ਕਣਕ ਵੰਡੀ ਜਾਵੇਗੀ।