ਪੰਜਾਬ ਸਰਕਾਰ ਨੇ ਤੋੜਿਆ ਰਿਕਾਰਡ, ਕੀਤਾ ਇਹ ਵੱਡਾ ਦਾਅਵਾ
Sunday, Dec 03, 2017 - 07:34 PM (IST)
ਚੰਡੀਗੜ੍ਹ : ਸ਼ਨੀਵਾਰ ਨੂੰ ਸੂਬੇ ਵਿਚ ਸਰਕਾਰੀ ਏਜੰਸੀਆਂ ਅਤੇ ਮਿੱਲ ਮਾਲਕਾਂ ਵਲੋਂ ਸ਼ਾਮ ਤਕ ਕੁੱਲ 17839321 ਟਨ ਝੋਨੇ ਦੀ ਖਰੀਦ ਕੀਤੀ ਗਈ। ਪੰਜਾਬ ਸਰਕਾਰ ਦੇ ਬੁਲਾਰੇ ਮੁਤਾਬਕ ਸ਼ਨੀਵਾਰ ਸ਼ਾਮ ਤਕ ਹੋਈ ਝੋਨੇ ਦੀ ਖਰੀਦ 'ਚੋਂ ਸਰਕਾਰੀ ਏਜੰਸੀਆਂ ਨੇ 98. 5 ਫੀਸਦੀ ਅਤੇ ਮਿਲ ਮਾਲਕਾਂ ਨੇ 1.5 ਫੀਸਦੀ ਝੋਨੇ ਦੀ ਖਰੀਦ ਕੀਤੀ ਹੈ। ਬੁਲਾਰੇ ਨੇ ਦੱਸਿਆ ਕਿ ਸਰਕਾਰੀ ਖਰੀਦ ਏਜੰਸੀਆਂ ਵਿਚ ਪਨਗ੍ਰੇਨ ਨੇ ਹੁਣ ਤਕ 33.5 ਫੀਸਦੀ, ਮਾਰਕਫੈੱਟ ਨੇ 21.8 ਫੀਸਦੀ, ਪਨਸਪ ਨੇ 21.4 ਫੀਸਦੀ, ਪੰਜਾਬ ਰਾਜ ਗੁਦਾਮ ਨਿਗਮ ਨੇ 9.8 ਫੀਸਦੀ ਅਤੇ ਪੰਜਾਬ ਐਗਰੋ ਇੰਡਸਟਰੀ ਨਿਗਮ ਨੇ 9.9 ਫੀਸਦੀ ਝੋਨੇ ਦੀ ਖਰੀਦ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਕੇਂਦਰੀ ਖਰੀਦ ਏਜੰਸੀ ਭਾਰਤੀ ਖੁਰਾਕ ਨਿਗਮ ਵਲੋਂ ਹੁਣ ਤਕ 380473 ਟਨ (2.1 ਫੀਸਦੀ) ਝੋਨੇ ਦੀ ਖਰੀਦ ਕੀਤੀ ਗਈ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਫਸਲ ਦੀ ਨਿਰਵਿਘਨ ਖਰੀਦ ਲਈ ਪ੍ਰਗਟਾਈ ਵਚਨਬੱਧਤਾ ਦੇ ਸਦਕਾ ਹੀ ਇਹ ਸੰਭਵ ਹੋ ਸਕਿਆ ਹੈ ਅਤੇ ਸਰਕਾਰ ਦਾ ਦਾਅਵਾ ਹੈ ਕਿ ਇਸ ਵਾਰ ਝੋਨੇ ਦੀ ਖਰੀਦ ਦੇ ਸਾਰੇ ਰਿਕਾਰਡ ਟੁੱਟ ਗਏ ਹਨ।
