ਕੇਂਦਰ ਫੰਡ ਦੇਣ ਨੂੰ ਤਿਆਰ, ਪੰਜਾਬ ਸਰਕਾਰ ਭੇਜੇ ਪ੍ਰਪੋਜਲ : ਦਾਮਨ ਥਿੰਦ ਬਾਜਵਾ
Saturday, Mar 01, 2025 - 06:40 PM (IST)

ਸੁਨਾਮ ਉਧਮ ਸਿੰਘ ਵਾਲਾ (ਬਾਂਸਲ) : ਸਥਾਨਕ ਬਠਿੰਡਾ ਰੋਡ ਵਿਖੇ ਸ਼ਹੀਦ ਉਧਮ ਸਿੰਘ ਮੈਮੋਰੀਅਲ ਤੇ ਭਾਜਪਾ ਸਕੱਤਰ ਮੈਡਮ ਦਾਮਨ ਥਿੰਦ ਬਾਜਵਾ ਅਤੇ ਹਰਮਨ ਦੇਵ ਬਾਜਵਾ ਵੱਲੋਂ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਦੇ ਨਾਲ ਇਕ ਪ੍ਰੈਸ ਕਾਨਫਰੰਸ ਕੀਤੀ ਗਈ । ਇਸ ਮੌਕੇ ਮੈਡਮ ਦਾਮਨ ਥਿੰਦ ਬਾਜਵਾ ਅਤੇ ਹਰਮਨ ਬਾਜਵਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਸਾਡੇ ਮਹਾਨ ਸ਼ਹੀਦ ਸ਼ਹੀਦ ਉਧਮ ਸਿੰਘ ਦੀ ਯਾਦ ਨੂੰ ਜਿੰਦਾ ਰੱਖਣ ਲਈ ਹਰ ਸੰਭਵ ਕੰਮ ਕਰ ਰਹੇ ਹਾਂ ਉਨ੍ਹਾਂ ਕਿਹਾ ਕਿ ਜਿਹੜੀ ਕੌਮ, ਲੋਕ ਆਪਣੇ ਇਤਿਹਾਸ, ਸ਼ਹੀਦਾਂ ਦੀ ਸੋਚ ਨੂੰ ਭੁੱਲਾ ਦਿੰਦੇ ਹਨ ਉਨ੍ਹਾਂ ਦਾ ਪਿਛੋਕੜ ਤਾਂ ਖ਼ਤਮ ਹੁੰਦਾ ਹੀ ਹੈ, ਅੱਗੇ ਵੀ ਨਹੀਂ ਰਹਿੰਦਾ। ਅੱਜ ਸਾਰੀਆਂ ਜਥੇਬੰਦੀਆਂ ਦੇਸ਼ ਦੇ ਮਹਾਨ ਸ਼ਹੀਦ ਸ਼ਹੀਦ ਉਧਮ ਸਿੰਘ ਦੀ ਸੋਚ ਆਉਣ ਵਾਲੀ ਪੀੜੀ ਅਤੇ ਮੌਜੂਦਾ ਪੀੜੀ ਨੂੰ ਦੱਸਣਾ ਚਾਹੁੰਦੀ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਦੀ ਸਰਕਾਰ ਵੱਲੋਂ ਫਾਈਨੈਂਸ਼ੀਅਲ ਸਾਲ ਵਿਚ ਅੰਮ੍ਰਿਤਸਰ ਨੂੰ 25 ਕਰੋੜ ਦੇ ਲਗਭਗ ਅਤੇ ਕਪੂਰਥਲਾ ਨੂੰ 20 ਕਰੋੜ ਰੁਪਏ ਦੇ ਲਗਭਗ ਫੰਡ ਮੁਹੱਈਆ ਕਰਵਾਏ ਹਨ। ਇਸੇ ਤਰ੍ਹਾਂ ਹੀ ਉਹ ਸੰਗਰੂਰ ਜ਼ਿਲ੍ਹੇ ਦੇ ਸੁਨਾਮ ਵਿਚ ਫੰਡ ਮੁਹੱਈਆ ਕਰਵਾਉਣਾ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਪਰਪੋਜ਼ਲ ਨਹੀਂ ਭੇਜਿਆ ਗਿਆ। ਉਨ੍ਹਾਂ ਕਿਹਾ ਕਿ ਜਥੇਬੰਦੀਆਂ ਉਨ੍ਹਾਂ ਨਾਲ ਕੇਂਦਰੀ ਮੰਤਰੀ ਗੇਜੰਦਰ ਸੇਖਾਵਤ ਨੂੰ ਮਿਲੀਆਂ ਸੀ। ਉਹ ਲਗਾਤਾਰ ਇਸ ਕੰਮ ਨੂੰ ਲੈ ਕੇ ਯਤਨਸ਼ੀਲ ਹਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਵੱਖ-ਵੱਖ ਜਥੇਬੰਦੀਆਂ ਦੇ ਨਾਲ ਵਿਚਾਰ ਵੀ ਕੀਤਾ ਗਿਆ ਹੈ। ਸ਼ਹੀਦਾਂ ਨਾਲ ਜੁੜੀਆਂ ਕਈ ਚੀਜ਼ਾਂ ਸਾਹਮਣੇ ਆਈਆਂ ਹਨ ਜਿਸ ਨੂੰ ਲੈ ਕੇ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਮੈਮੋਰੀਅਲ ਦਾ ਵਿਕਾਸ ਕਰਨ ਲਈ ਤਿਆਰ ਹਨ ਹੁਣ ਪੰਜਾਬ ਸਰਕਾਰ ਇਸ ਦਾ ਪ੍ਰਪੋਜਲ ਭੇਜੇ। ਇਸ ਮੌਕੇ ਸਾਰੇ ਜਥੇਬੰਦੀ ਦੇ ਆਗੂਆਂ ਵੱਲੋਂ ਮੈਡਮ ਦਾਮਨ ਥਿੰਦ ਬਾਜਵਾ ਦੇ ਨਾਲ ਸ਼ਹੀਦ ਅਮਰ ਸ਼ਹੀਦ ਉਧਮ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਮਨਦੀਪ ਸਿੰਘ ਕੰਬੋਜ, ਰਜਿੰਦਰ ਕੈਫੀ, ਅਮਰਜੀਤ ਸਿੰਘ ਕਾਕਾ, ਪਾਲਾ ਸਿੰਘ, ਕੇਸਰ ਸਿੰਘ, ਜੰਗੀਰ ਰਤਨ, ਕਰਨਵੀਰ ਬੱਬੂ, ਹਰਪਾਲ ਸਿੰਘ ਸਰਦਾਰ ਗਿਆਨ ਸਿੰਘ, ਪ੍ਰੋਪਰਟੀ ਐਡਵਾਈਜ਼ਰ ਸ਼ਾਮੂ ਅਤੇ ਹੋਰ ਵੱਖ-ਵੱਖ ਆਗੂ ਮੌਜੂਦ ਸੀ।