ਪੰਜਾਬ ਸਰਕਾਰ ਵਲੋਂ ਸ਼ਹੀਦ-ਏ-ਆਜ਼ ਭਗਤ ਸਿੰਘ ਦੇ ਜਨਮ ਦਿਨ ਦੀ ਛੁੱਟੀ ਨਾ ਕਰਨ ਖ਼ਿਲਾਫ਼ ਪ੍ਰਦਰਸ਼ਨ

Wednesday, Sep 28, 2022 - 03:50 PM (IST)

ਪਟਿਆਲਾ/ਰੱਖੜਾ (ਰਾਜੇਸ਼ ਪੰਜੌਲਾ, ਰਾਣਾ) : ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਤੇ ਦਿ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਜ਼ਿਲ੍ਹਾ ਪ੍ਰਮੁੱਖ ਆਗੂਆਂ ਨੇ ਪੰਜਾਬ ਸਰਕਾਰ ਵਲੋਂ ਪਰਮਗੁੱਣੀ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਵਸ ਦੀ ਸਰਕਾਰੀ ਛੁੱਟੀ ਨਾ ਐਲਾਨ ਕਰਨ ’ਤੇ ਆਮ ਆਦਮੀ ਪਾਰਟੀ ਦੀ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ। ਯੂਨੀਅਨ ਦੇ ਆਗੂਆਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਕਿਹਾ ਕਿ ਇਸ ਦਿਹਾੜੇ ’ਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਸਮੇਤ 2004 ਦੀ ਪੈਨਸ਼ਨ ਤੇ ਲਟਕੀਆਂ ਮੰਗਾਂ, ਮੁਲਾਜ਼ਮਾਂ ਤੇ ਪੈਨਸ਼ਨਰ ਦੀਆਂ ਮੰਗਾਂ ਨੂੰ ਵਿਧਾਨ ਸਭਾ ਵਿਚ ਨਾ ਵਿਚਾਰਨ ਅਤੇ ਦਿਹਾੜੀਦਾਰ, ਕੰਟਰੈਕਟ, ਆਊਟ ਸੋਰਸ ਸਮੇਤ ਪਾਰਟ ਟਾਈਮ ਮੁਲਾਜ਼ਮਾਂ ਦੀਆਂ ਉਜਰਤਾਂ ਵਿਚ ਵਾਧਾ ਨਾ ਕਰਨ, ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਵਿਚਲੀ ਠੇਕੇਦਾਰੀ ਪ੍ਰਥਾ ਦਾ ਮੱਕੜ ਜਾਲ ਖਤਮ ਨਹੀਂ ਕੀਤਾ ਜਾ ਰਿਹਾ। ਆਗੂਆਂ ਨੇ ਕਿਹਾ ਕਿ ਸਿਆਸੀ ਸਰਪ੍ਰਸਤੀ ਤੇ ਅਫਸਰ ਸ਼ਾਹੀ ਦੇ ਆਸ਼ਿਰਵਾਦ ਨਾਲ ਠੇਕੇਦਾਰ ਤੇ ਵੱਖ-ਵੱਖ ਠੇਕਾ ਏਜੰਸੀਆਂ ਵਲੋਂ ਕਿਰਤੀਆਂ ਦੀ ਲਗਾਤਾਰ ਕੀਤੀ ਜਾ ਰਹੀ ਲੁੱਟ-ਖਸੁੱਟ ਨੂੰ ਆਮ ਆਦਮੀ ਸਰਕਾਰ ਵੀ ਠੱਲ ਨਹੀਂ ਪਾ ਸਕੀ ਤੇ ਇਹ ਲੁੱਟ-ਖਸੁੱਟ ਬਾ ਦਸਤੂਰ ਜਾਰੀ ਹੈ। 

ਆਗੂਆਂ ਨੇ ਮੰਗ ਕੀਤੀ ਕਿ ਮਾਨ ਸਰਕਾਰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਇੰਨੀ ਹੀ ਹਿਤੈਸ਼ੀ ਹੈ ਤਾਂ ਉਨ੍ਹਾਂ ਦੇ ਜਨਮ ਦਿਨ ’ਤੇ ਘੱਟੋ-ਘੱਟ ਉਜਰਤਾਂ 21000/ ਰੁਪਏ ਕਰਨ ਦਾ ਐਲਾਨ ਕਰੇ ਜਿਸ ਵਿਚ ਸਤੰਬਰ 2019 ਤੋਂ ਵਾਧਾ ਨਹੀਂ ਕੀਤਾ ਗਿਆ। ਯੂਨੀਅਨ ਦੇ ਪ੍ਰਮੁੱਖ ਆਗੂਆਂ ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਮਾਧੋ ਲਾਲ, ਰਾਮ ਕਿਸ਼ਨ, ਸਵਰਣ ਸਿੰਘ ਬੰਗਾ, ਰਾਮ ਲਾਲ ਰਾਮਾ ਨੇ ਕਿਹਾ ਕਿ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦਾ ਜਥੇਬੰਦਕ ਡੈਲੀਗੇਟ ਇਜਲਾਸ ਜੋ ਮਿਤੀ 02 ਅਕਤੂਬਰ ਨੂੰ ਸ਼ਹੀਦ ਕਾਮਰੇਡ ਨਛੱਤਰ ਸਿੰਘ ਜੀ ਧਾਲੀਵਾਲ ਹਾਲ ਮੋਗਾ ਵਿਖੇ ਹੋ ਰਿਹਾ ਹੈ, ਵਿਚ ਪਟਿਆਲਾ ਤੋਂ ਡੈਲੀਗੇਟ ਸ਼ਾਮਲ ਹੋਣਗੇ। ਯੂਨੀਅਨ ਆਗੂਆਂ ਨੇ ਦੱਸਿਆ ਕਿ ਰਜਿੰਦਰਾ ਹਸਪਤਾਲ ਦੀ ਮੈਨੇਜਮੈਂਟ ਯੂਨੀਅਨ ਦਾ ਦਫਤਰ ਖਾਲੀ ਕਰਵਾਉਣ ਲਈ ਬਾਜਿੱਦ ਹੈ। ਇਸ ਲਈ ਮਿਤੀ 1 ਅਕਤੂਬਰ ਇਕ ਧਰਨਾ ਸਿਹਤ ਮੰਤਰੀ ਦੇ ਦਫਤਰ ਸਮਾਣਾ ਵਿਖੇ ਦਿੱਤਾ ਜਾਵੇਗਾ ਤੇ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਲਿਆਦਾ ਜਾਵੇਗਾ। 


Gurminder Singh

Content Editor

Related News